ਖੇਡ ਰਤਨ ਪੰਜਾਬ ਦੇ : ਪਟਿਆਲਵੀ ਪਹਿਲਵਾਨੀ ਪਰਿਵਾਰ ਦਾ ਵਾਰਸ ‘ਪਲਵਿੰਦਰ ਚੀਮਾ’

08/14/2020 5:25:26 PM

ਨਵਦੀਪ ਸਿੰਘ ਗਿੱਲ

ਲੜੀ-21

ਪਲਵਿੰਦਰ ਚੀਮਾ ਨੂੰ ਪਹਿਲਵਾਨੀ ਪਿਉ-ਦਾਦੇ ਤੋਂ ਵਿਰਸੇ ਵਿੱਚ ਮਿਲੀ। ਪਟਿਆਲਵੀ ਪਲਵਿੰਦਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਪਹਿਲਵਾਨੀ ਅਖਾੜੇ ਵਿੱਚ ਦੇਸ਼ ਦਾ ਨਾਂ ਚਮਕਾ ਰਿਹਾ ਹੈ। ਇਕੋ ਪਰਿਵਾਰ ਨੇ ਦੋ ਰੁਸਤਮ-ਏ-ਹਿੰਦ ਪਹਿਲਵਾਨ ਪੈਦਾ ਕੀਤੇ। ਦੋ ਓਲੰਪੀਅਨ, ਏਸ਼ਿਆਈ ਖੇਡਾਂ ਦੇ ਚਾਰ ਤਮਗੇ ਜਿੱਤਣ ਵਾਲੇ ਦੋ ਪਹਿਲਵਾਨ ਅਤੇ ਇਕ-ਇਕ ਅਰਜੁਨਾ ਤੇ ਦਰੋਣਾਚਾਰੀਆ ਐਵਾਰਡੀ। ਦੇਸ਼ ਦੀ ਵੰਡ ਹੋਈ ਤਾਂ ਪਟਿਆਲਾ ਸ਼ਾਹੀ ਘਰਾਣੇ ਹੱਥੋਂ ਗਾਮਾ ਪਹਿਲਵਾਨ ਖੁੱਸ ਗਿਆ। ਗਾਮੇ ਦੀ ਕਮੀ ਕੇਸਰ ਸਿੰਘ ਚੀਮਾ ਨੇ ਪੂਰੀ ਕੀਤੀ ਜਿਸ ਨੂੰ ਪਟਿਆਲਾ ਰਿਆਸਤ ਦੀ ਪੂਰੀ ਸਰਪ੍ਰਸਤੀ ਮਿਲੀ। ਕੇਸਰ ਸਿੰਘ ਚੀਮਾ ਦੀ ਦੂਜੀ ਪੀੜ੍ਹੀ ਵਿੱਚ ਉਸ ਦੇ ਪੁੱਤਰ ਸੁਖਚੈਨ ਸਿੰਘ ਚੀਮਾ ਨੇ ਇਸ ਵਿਰਾਸਤ ਨੂੰ ਹੋਰ ਅੱਗੇ ਤੋਰਿਆ। ਮਿੱਟੀ ਦੇ ਨਾਲ ਗੱਦੇ ਵਾਲੀ ਕੁਸ਼ਤੀ ਵਿੱਚ ਵੀ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਹਿਲਵਾਨੀ ਦੇ ਨਾਲ ਕੋਚਿੰਗ ਵਿੱਚ ਵੀ ਸਫਲਤਾ ਦੇ ਝੰਡੇ ਗੱਡੇ। ਤੀਜੀ ਪੀੜ੍ਹੀ ਵਿੱਚ ਕੇਸਰ ਸਿੰਘ ਦੇ ਪੋਤਰੇ ਤੇ ਸੁਖਚੈਨ ਸਿੰਘ ਦੇ ਪੁੱਤਰ ਪਲਵਿੰਦਰ ਸਿੰਘ ਨੇ ਚੀਮਾ ਪਰਿਵਾਰ ਦੀਆਂ ਖੇਡ ਪ੍ਰਾਪਤੀਆਂ ਨੂੰ ਹੋਰ ਚਾਰ ਚੰਨ ਲਾ ਦਿੱਤੇ।

ਰਬ ਅੱਗੇ ਅਰਦਾਸ ਕਰਦਾ ਪਲਵਿੰਦਰ ਚੀਮਾ

ਪਲਵਿੰਦਰ ਨੇ ਆਪਣੇ ਪਰਿਵਾਰ ਦੀ ਕੁਸ਼ਤੀਆਂ ਦੀ ਚੱਲੀ ਆ ਰਹੀ ਵਿਰਾਸਤ ਨੂੰ ਨਾ ਕੇਵਲ ਅੱਗੇ ਤੋਰਿਆ ਬਲਕਿ ਆਪਣੇ ਪੁਰਖਿਆਂ ਦਾ ਨਾਮ ਹੋਰ ਵੀ ਉੱਚਾ ਕੀਤਾ ਹੈ। ਓਲੰਪੀਅਨ ਪਲਵਿੰਦਰ ਸਿੰਘ ਚੀਮਾ ਇਕਲੌਤਾ ਭਾਰਤੀ ਪਹਿਲਵਾਨ ਹੈ ਜਿਸ ਨੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਸੁਪਰ ਹੈਵੀਵੇਟ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੋਵੇ। ਇਸ ਤੋਂ ਇਲਾਵਾ ਉਹ ਸੁਪਰ ਹੈਵੀਵੇਟ ਵਰਗ ਦਾ ਇਕੋ-ਇਕ ਭਾਰਤੀ ਪਹਿਲਵਾਨ ਹੈ ਜਿਸ ਨੇ ਏਸ਼ਿਆਈ ਖੇਡਾਂ ਵਿੱਚ ਦੋ ਵਾਰ ਤਮਗੇ ਜਿੱਤੇ। ਜੂਨੀਅਰ ਵਿਸ਼ਵ ਚੈਂਪੀਅਨ, ਚਾਰ ਵਾਰ ਏਸ਼ੀਅਨ ਚੈਂਪੀਅਨਸ਼ਿਪ ਦਾ ਤਮਗਾ ਜੇਤੂ, ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਗੋਲਡਨ ਹੈਟ੍ਰਿਕ, ਰੁਸਤਮ-ਏ-ਏਸ਼ੀਆ, 5 ਵਾਰ ਵਿਸ਼ਵ ਪੁਲਿਸ ਖੇਡਾਂ ਦਾ ਚੈਂਪੀਅਨ, 10 ਸਾਲ ਲਗਾਤਾਰ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ, ਸਭ ਤੋਂ ਛੋਟੀ ਉਮਰ ਦਾ ਰੁਸਤਮ-ਏ-ਹਿੰਦ ਸਣੇ ਪਲਵਿੰਦਰ ਨੇ ਘੋਲਾਂ ਵਿੱਚ ਬੇਸ਼ੁਮਾਰ ਰਿਕਾਰਡ ਬਣਾਏ ਹਨ। ਪਲਵਿੰਦਰ ਨੇ ਗੱਦੇ ਵਾਲੇ ਕੁਸ਼ਤੀ ਵਿੱਚ ਦੇਸ਼ ਦਾ ਨਾਂ ਚਮਕਾਉਣ ਦੇ ਨਾਲ ਰਵਾਇਤੀ ਛਿੰਝਾਂ-ਅਖਾੜਿਆਂ ਵਾਲੀ ਕੁਸ਼ਤੀ ਵਿੱਚ ਆਪਣੇ ਦਾਅ-ਪੇਚਾਂ ਦਾ ਲੋਹਾ ਮਨਵਾਉਂਦਿਆਂ ਕੁੱਲ 22 ਟਾਈਟਲ ਜਿੱਤੇ ਹਨ। ਪੰਜਾਬ ਕੁਮਾਰ ਤੋਂ ਲੈ ਕੇ ਰੁਸਤਮੇ ਹਿਦ, ਰੁਸਤਮੇ ਏਸ਼ੀਆ ਤੇ ਵਰਲਡ ਖਾਲਸਾ ਕੇਸਰੀ ਤੱਕ ਹਰ ਟਾਈਟਲ ਉਸ ਨੇ ਜਿੱਤਿਆ। ਉਂਝ ਉਸ ਵੱਲੋਂ ਜਿੱਤੇ ਤਮਗਿਆਂ ਦਾ ਗਿਣਤੀ ਕਰੀਏ ਤਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਨੂੰ ਮਿਲਾ ਕੇ ਉਸ ਨੇ ਕੁੱਲ 64 ਤਮਗੇ ਜਿੱਤੇ ਹਨ।

ਘੁਲਦਾ ਹੋਇਆ ਪਲਵਿੰਦਰ ਸਿੰਘ ਚੀਮਾ

ਚੀਮਾ ਪਰਿਵਾਰ ਸੰਤਾਲੀ ਦੀ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਏ ਲਾਇਲਪੁਰ ਇਲਾਕੇ ਤੋਂ ਪਟਿਆਲਾ ਆ ਕੇ ਵਸਿਆ ਸੀ। ਉਸ ਦੇ ਦਾਦਾ ਕੇਸਰ ਸਿੰਘ ਨੇ ਪਹਿਲੇ ਪਹਿਲ ਨਾਭਾ ਰੋਡ 'ਤੇ ਨੱਤਾ ਵਾਲੀ ਗਲੀ ਵਿੱਚ ਕਿਰਾਏ ਉਤੇ ਮਕਾਨ ਲਿਆ ਸੀ। ਉਸ ਵੇਲੇ ਮਹਾਰਾਜਾ ਪਟਿਆਲਾ ਦਾ ਸ਼ਾਹੀ ਪਹਿਲਵਾਨ ਮਹਾਨ ਗਾਮਾ ਸੀ ਜੋ ਵੰਡ ਕਾਰਨ ਭਾਰਤ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ। ਵੰਡ ਨੇ ਇਕੱਲਾ ਮਿਲਖਾ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਗਿੱਲ ਵਰਗੇ ਭਵਿੱਖ ਦੇ ਵੱਡੇ ਭਾਰਤੀ ਖਿਡਾਰੀਆਂ ਨੂੰ ਹੀ ਨਹੀਂ ਉਜਾੜਿਆ ਸਗੋਂ ਗਾਮੇ ਵਰਗੇ ਕਈ ਖਿਡਾਰੀ ਇਧਰੋਂ ਉਜੜ ਕੇ ਰੈਡ ਕਲਿੱਫ ਦੀ ਬਣਾਈ ਵੰਡ ਵਾਲੀ ਲਾਈਨ ਪਾਰ ਕਰਕੇ ਪਾਕਿਸਤਾਨ ਜਾ ਕੇ ਵਸੇ।

ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਨੇ ਕੇਸਰ ਸਿੰਘ ਨੂੰ ਗਾਮੇ ਪਹਿਲਵਾਨ ਨੂੰ ਦਿੱਤਾ ਹੋਇਆ 25 ਏਕੜ ਰਕਬੇ ਵਿੱਚ ਫੈਲਿਆ ਬਾਗ ਅਤੇ ਅਖਾੜਾ ਸੌਂਪ ਦਿੱਤਾ ਜੋ ਹੁਣ ਐਨ.ਆਈ.ਐਸ. ਪਟਿਆਲਾ ਦੇ ਐਨ ਸਾਹਮਣੇ ਹੈ। ਕੇਸਰ ਸਿੰਘ ਨੂੰ ਗਾਮੇ ਭਲਵਾਨ ਦੀ ਜਗ੍ਹਾਂ ਪਟਿਆਲਾ ਸ਼ਾਹੀ ਘਰਾਣੇ ਨੇ ਦਿੱਤੀ ਪਰ ਕੁਸ਼ਤੀਆਂ ਵਿੱਚ ਨਾਂ ਉਸ ਨੇ ਆਪਣੀ ਸਖਤ ਮਿਹਨਤ ਨਾਲ ਬਣਾਇਆ। ਕੇਸਰ ਸਿੰਘ ਨੇ ਰੁਸਤਮ-ਏ-ਹਿੰਦ ਬਣ ਕੇ ਆਪਣੀ ਚੋਣ ਨੂੰ ਸੱਚ ਸਾਬਤ ਕੀਤਾ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਕੁਸ਼ਤੀ ਟੀਮ ਦੇ ਕੋਚ ਸਨ। ਕੇਸਰ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਸ ਦੇ ਪੁੱਤਰਾਂ ਨਿਰਮਲ ਸਿੰਘ ਤੇ ਸੁਖਚੈਨ ਸਿੰਘ ਨੇ ਪਹਿਲਵਾਨੀ ਵਿੱਚ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ। ਸੁਖਚੈਨ ਸਿੰਘ ਚੀਮਾ ਨੇ 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਗਰੀਕੋ ਰੋਮਨ ਤੇ ਫਰੀ ਸਟਾਈਲ ਦੋਵੇਂ ਵਰਗਾਂ ਵਿੱਚ ਹਿੱਸਾ ਲੈਂਦਿਆਂ ਦੋ ਕਾਂਸੀ ਦੇ ਤਮਗੇ ਜਿੱਤੇ। 25 ਸਾਲ ਤੋਂ ਵੱਧ ਸਮਾਂ ਕੁਸ਼ਤੀ ਅਖਾੜਾ ਚਲਾਉਂਦਿਆਂ ਸੁਖਚੈਨ ਸਿੰਘ ਨੇ ਵੱਡੇ ਪਹਿਲਵਾਨ ਵੀ ਤਿਆਰ ਕੀਤੇ। ਕੋਚਿੰਗ ਵਿੱਚ ਨਿਭਾਈਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦਰੋਣਾਚਾਰੀਆ ਐਵਾਰਡ ਨਾਲ ਵੀ ਸਨਮਾਨਤ ਕੀਤਾ।

ਮੈਦਾਨ ਵਿਚ ਦੂਜੀ ਟੀਮ ਦੇ ਖਿਡਾਰੀ ਨਾਲ ਪਲਵਿੰਦਰ ਸਿੰਘ ਚੀਮਾ

ਚੀਮਾ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਪਹਿਲਵਾਨ ਪਲਵਿੰਦਰ ਦਾ ਜਨਮ ਸੁਖਚੈਨ ਸਿੰਘ ਚੀਮਾ ਦੇ ਘਰ ਹਰਜਿੰਦਰ ਕੌਰ ਦੀ ਕੁੱਖੋਂ 11 ਨਵੰਬਰ 1982 ਨੂੰ ਹੋਇਆ। 'ਕੇਸਰ ਵਿਲਾ' ਵਿੱਚ ਪੈਦਾ ਹੋਏ ਪਲਵਿੰਦਰ ਦਾ ਭਾਰ ਜਨਮ ਸਮੇਂ ਸਾਢੇ ਚਾਰ ਕਿਲੋ ਸੀ। ਜਨਮ ਤੋਂ ਹੀ ਉਸ ਵਿੱਚ ਤਕੜੇ ਭਲਵਾਨ ਦੀ ਸੰਭਾਵਨਾ ਜਾਪ ਰਹੀ ਸੀ। ਪਲਵਿੰਦਰ ਦਾ ਘਰਦਿਆਂ ਨੇ ਲਾਡਲਾ ਨਾਂ ਸੋਨੂੰ ਰੱਖਿਆ। ਪਲਵਿੰਦਰ ਦੀ ਮਾਤਾ ਦੱਸਦੀ ਹੈ ਕਿ ਛੋਟੇ ਹੁੰਦੇ ਸੋਨੂੰ ਨੂੰ ਰੁਮਾਲੀ ਨਾਲ ਬਹੁਤ ਪਿਆਰ ਸੀ। ਰੁਮਾਲੀ ਉਹ ਕੱਪੜਾ ਹੁੰਦਾ ਹੈ ਜੋ ਪਹਿਲਵਾਨ ਅਖਾੜੇ ਵਿੱਚ ਝੰਡੀ ਕਰਨ ਲਈ ਵਰਤਦੇ ਹਨ। ਪਲਵਿੰਦਰ ਦੇ ਪਿਤਾ ਸੁਖਚੈਨ ਸਿੰਘ ਨੇ ਖੁਦ ਕੈਂਚੀ ਨਾਲ ਰੁਮਾਲੀ ਲਈ ਕੱਪੜਾ ਕੱਟਿਆ ਅਤੇ ਉਸ ਦੀ ਮਾਤਾ ਨੇ ਘਰੇ ਸਿਉਂ ਕੇ ਸੋਨੂੰ ਨੂੰ ਦਿੱਤਾ। ਛੋਟਾ ਸੋਨੂੰ ਰੁਮਾਲੀ ਨੂੰ ਸਾਉਣ ਲੱਗਾ ਸਿਰਹਾਣੇ ਰੱਖਦਾ ਸੀ। ਰੁਮਾਲੀ ਹੀ ਉਸ ਦਾ ਖਿਡੌਣਾ ਸੀ। ਕਿਧਰੇ ਰੁਮਾਲੀ ਉਸ ਦੀਆਂ ਅੱਖਾਂ ਤੋਂ ਪਰ੍ਹੇ ਹੋ ਜਾਣੀ ਤਾਂ ਉਸ ਨੇ ਬਹੁਤ ਰੋਣਾ। ਇੰਡੀਆ ਕਲਰ ਪਾਉਣਾ ਉਸ ਦਾ ਛੋਟੇ ਹੁੰਦੇ ਦਾ ਹੀ ਸੁਫਨਾ ਸੀ। ਉਸ ਨੂੰ ਕਈ ਵਾਰ ਸੁਫਨਾ ਵੀ ਆਉਣਾ ਕਿ ਉਹ ਭਾਰਤ ਦੀ ਜਰਸੀ ਪਾ ਕੇ ਘੁੰਮ ਫਿਰ ਰਿਹਾ ਹੈ। ਗਾਮਾ, ਗੁਲਾਮ, ਫਿਰੋਜ਼ਦੀਨ ਬੁੰਗਾ ਜਿਹੇ ਭਲਵਾਨਾਂ ਦੀਆਂ ਗੱਲਾਂ ਸੁਣ-ਸੁਣ ਪਲਵਿੰਦਰ ਦਾ ਦਿਲ ਵੀ ਉਨ੍ਹਾਂ ਵਰਗਾ ਬਣਨਾ ਲੋਚਦਾ। ਨਿੱਕਾ ਸੋਨੂੰ ਛੋਟਾ ਹੁੰਦਾ ਗੁਰਜਾਂ ਨਾਲ ਹੀ ਖੇਡਦਾ ਸੀ। ਸੁੱਤੇ ਸੋਨੂੰ ਦੇ ਆਲੇ-ਦੁਆਲੇ ਟੈਡੀ ਬੀਅਰ ਜਾਂ ਖਿਡੌਣੇ ਨਹੀਂ ਬਲਕਿ ਉਸ ਦੇ ਪਿਤਾ ਤੇ ਦਾਦੇ ਵੱਲੋਂ ਜਿੱਤੀਆਂ ਗੁਰਜਾਂ ਹੁੰਦੀਆਂ ਸਨ। ਕੁਸ਼ਟੀ ਟਾਈਟਲਾਂ ਦੇ ਘੇਰੇ ਵਿੱਚ ਹੀ ਜਿਉਂਦੇ ਛੋਟੇ ਸੋਨੂੰ ਦੇ ਅੰਦਰ ਇਨ੍ਹਾਂ ਨੂੰ ਜਿੱਤਣ ਦਾ ਬੀਜ ਬੋਇਆ ਗਿਆ ਜਿਸ ਨੇ ਅੱਗੇ ਜਾ ਕੇ ਘਣਛਾਵਾਂ ਦਰਖੱਤ ਬਣਨਾ ਸੀ।

ਮੈਦਾਨ ਵਿਚ ਪਲਵਿੰਦਰ ਸਿੰਘ ਚੀਮਾ

10 ਵਰ੍ਹਿਆਂ ਦੀ ਉਮਰੇ ਘਰੇਲੂ ਅਖਾੜੇ ਵਿੱਚ ਘੁਲਣਾ ਸ਼ੁਰੂ ਕਰਨ ਵਾਲੇ ਪਲਵਿੰਦਰ ਨੇ ਬੁੱਢਾ ਦਲ ਸਕੂਲ ਵਿੱਚ ਪੜ੍ਹਦਿਆਂ 1998 ਵਿੱਚ ਕੌਮੀ ਸਕੂਲ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਈ ਸੀ। 87 ਕਿਲੋ ਤੋਂ ਵੱਧ ਭਾਰ ਵਿੱਚ ਘੁਲਣ ਵਾਲੇ ਪਲਵਿੰਦਰ ਨੇ ਪਹਿਲੇ ਦੋ ਸਾਲ (1996 ਤੇ 1997) ਕੌਮੀ ਸਕੂਲ ਖੇਡਾਂ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਅਤੇ ਤੀਜੇ ਸਾਲ 1998 ਵਿੱਚ ਉਹ ਕੌਮੀ ਸਕੂਲ ਖੇਡਾਂ ਦਾ ਚੈਂਪੀਅਨ ਬਣ ਗਿਆ। ਸਰਕਾਰੀ ਮਹਿੰਦਰਾ ਕਾਲਜ ਵਿਖੇ ਪੜ੍ਹਦਿਆਂ ਪਲਵਿੰਦਰ ਅਗਲੇ ਹੀ ਸਾਲ 1999 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨ ਬਣ ਗਿਆ। ਇਸੇ ਸਾਲ ਉਸ ਨੇ ਤਹਿਰਾਨ ਵਿਖੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਖੇਡਦਿਆਂ ਚਾਂਦੀ ਦਾ ਤਮਗਾ ਜਿੱਤਿਆ। ਇਹ ਉਹੀ ਸ਼ਹਿਰ ਸੀ ਜਿੱਥੇ 25 ਸਾਲ ਪਹਿਲਾ ਉਸ ਦੇ ਪਿਤਾ ਨੇ ਏਸ਼ਿਆਈ ਖੇਡਾਂ ਵਿੱਚ ਦੋਹਰਾ ਤਮਗਾ ਜਿੱਤਿਆ ਸੀ। ਇਰਾਨ ਧਰਤੀ ਹੀ ਭਲਵਾਨਾਂ ਦੀ ਹੈ ਜਿੱਥੇ ਜਾ ਕੇ ਪਿਓ-ਪੁੱਤ ਨੇ ਝੰਡੀ ਗੱਡੀ।

ਸੰਨ੍ਹ 2000 ਵਿੱਚ ਪਲਵਿੰਦਰ ਹਾਲੇ 17 ਵਰ੍ਹਿਆਂ ਦੀ ਹੀ ਸੀ ਜਦੋਂ ਉਹ ਹੁਸ਼ਿਆਪੁਰ ਵਿਖੇ ਹੋਏ ਦੰਗਲ ਵਿੱਚ 'ਰੁਸਤਮੇ-ਏ-ਹਿੰਦ' ਬਣ ਗਿਆ। ਕੁਸ਼ਤੀ ਖੇਡ ਦਾ ਇਹ ਵੱਕਾਰੀ ਖਿਤਾਬ ਜਿੱਤਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਪਹਿਲਵਾਨ ਸੀ। ਇਸੇ ਸਾਲ ਪਲਵਿੰਦਰ ਦੀਆਂ ਪ੍ਰਾਪਤੀਆਂ ਨੇ ਹਾਲੇ ਆਗਾਜ਼ ਕੀਤਾ ਹੀ ਸੀ ਕਿ ਉਸ ਨੂੰ ਪਿੱਠ ਦੀ ਸਮੱਸਿਆ ਆ ਗਈ। ਐਲ 4 ਤੇ ਐਲ 5 ਡਿਸਲੋਕੇਟ ਹੋਣ ਕਾਰਨ ਇਕ ਵਾਰ ਤਾਂ ਉਸ ਨੂੰ ਆਪਣਾ ਖੇਡ ਕਰੀਅਰ ਖਤਮ ਹੁੰਦਾ ਨਜ਼ਰ ਆਇਆ। ਉਹ ਆਪਣੇ ਪਿਤਾ ਨਾਲ ਅਖਾੜੇ ਵਿੱਚ ਚਲਾ ਜਾਂਦਾ ਪਰ ਘੁਲਦਾ ਨਾ ਦੇਖ ਕੇ ਬੇਲਾਰੂਸ ਦੇ ਕੋਚ ਸਟਾਸਲਿਨ ਹਰਲੇ ਨੇ ਪੁੱਛਿਆ ਕਿ ਇਸ ਨੂੰ ਕੀ ਹੋਇਆ? ਉਸ ਕੋਚ ਦੀ ਪ੍ਰੇਰਨਾ ਨਾਲ ਪਲਵਿੰਦਰ ਨੇ ਛੇ ਮਹੀਨਿਆਂ ਬਾਅਦ ਹੀ ਵਾਪਸੀ ਕਰ ਲਈ ਅਤੇ ਵਿਰੋਧੀਆਂ ਵਾਂਗ ਉਸ ਨੇ ਆਪਣੀ ਤਕਲੀਫ ਨੂੰ ਵੀ ਚਿੱਤ ਕਰ ਦਿੱਤਾ।

ਭਾਰਤ ਦੇ ਤੱਤਕਾਲੀ ਰਾਸ਼ਟਰਪਤੀ ਡਾ.ਏ.ਪੀ.ਜੇ.ਅਬਦੁਲ ਕਲਾਮ ਕੋਲੋਂ ਅਰਜੁਨਾ ਐਵਾਰਡ ਹਾਸਲ ਕਰਦਾ ਹੋਇਆ

ਅਗਲੇ ਸਾਲ 2001 ਵਿੱਚ ਪਲਵਿੰਦਰ ਨੇ ਜੂਨੀਅਰ ਨੈਸ਼ਨਲ ਦਾ ਤੀਜੀ ਵਾਰ ਖਿਤਾਬ ਜਿੱਤ ਕੇ ਗੋਲਡਨ ਹੈਟ੍ਰਿਕ ਲਗਾਈ। ਮਿਸਰ ਦੀ ਰਾਜਧਾਨੀ ਕੈਰੋ ਵਿਖੇ ਹੋਏ ਮੁਸਤਫਾ ਗੋਲਡ ਕੱਪ ਵਿੱਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਤਾਸ਼ਕੰਦ ਵਿਖੇ ਹੋਈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਪਲਵਿੰਦਰ ਨੇ ਕੁੱਲ ਦੁਨੀਆਂ ਦੇ ਪਹਿਲਵਾਨਾਂ ਉਤੇ ਆਪਣੀ ਝੰਡੀ ਕਾਇਮ ਕੀਤੀ। ਉਸ ਨੇ ਇਹ ਖਿਤਾਬ 130 ਕਿਲੋ ਵਰਗ ਵਿੱਚ ਜਿੱਤਿਆ। ਉਦੋਂ ਤੱਕ ਪਲਵਿੰਦਰ ਦੀ ਪਛਾਣ ਆਪਣੇ ਦਾਦੇ ਤੇ ਪਿਤਾ ਕਰਕੇ ਸੀ ਪਰ ਹੁਣ ਕੁਸ਼ਤੀਆਂ ਵਿੱਚ ਪਲਵਿੰਦਰ ਪਲਵਿੰਦਰ ਹੋਣ ਲੱਗ ਗਈ ਅਤੇ ਅਖਾੜਿਆਂ ਦੇ ਨਾਲ ਸਮਾਗਮਾਂ ਵਿੱਚ ਸੁਖਚੈਨ ਸਿੰਘ ਦੀ ਪਛਾਣ ਪਲਵਿੰਦਰ ਦੇ ਪਿਤਾ ਕਰ ਕੇ ਹੋਣ ਲੱਗੀ। ਇਕ ਪਿਤਾ ਲਈ ਇਸ ਤੋਂ ਵੱਡੇ ਮਾਣ ਤੇ ਫਖ਼ਰ ਵਾਲੀ ਹੋਰ ਕੀ ਗੱਲ ਹੋ ਸਕਦੀ ਸੀ। ਛੋਟੇ ਹੁੰਦਿਆਂ ਹੀ ਪਲਵਿੰਦਰ ਵੱਡੇ ਭਲਵਾਨਾਂ ਨਾਲ ਭਿੜਨ ਲੱਗ ਗਿਆ ਸੀ। ਜਿਹੜੇ ਸਾਲ ਉਹ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ, ਉਸੇ ਸਾਲ ਉਸ ਨੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਹੋਈ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।

ਸੁਖਚੈਨ ਸਿੰਘ ਚੀਮਾ ਦਰੋਣਾਚਾਰੀਆ ਐਵਾਰਡ ਹਾਸਲ ਕਰਨ ਸਮੇਂ

ਸਾਲ 2002 ਵਿੱਚ ਪਲਵਿੰਦਰ ਦੀ ਗੁੱਡੀ ਹੋਰ ਚੜ੍ਹ ਗਈ ਜਦੋਂ ਉਸ ਨੇ ਮਾਨਚੈਸਟਰ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ 90 ਸਾਲਾਂ ਇਤਿਹਾਸ ਵਿੱਚ ਹੁਣ ਤੱਕ ਕਿਸੇ ਭਾਰਤੀ ਪਹਿਲਵਾਨ ਵੱਲੋਂ ਸੁਪਰ ਹੈਵੀਵੇਟ ਵਰਗ ਵਿੱਚ ਜਿੱਤਿਆ ਇਹ ਇਕਲੌਤਾ ਸੋਨ ਤਮਗਾ ਹੈ। ਇਸੇ ਸਾਲ ਪਲਵਿੰਦਰ ਨੇ ਬੁਸਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ 120 ਕਿਲੋ ਭਾਰ ਵਾਲੇ ਸੁਪਰ ਹੈਵੀਵੇਟ ਵਰਗ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਮਗਾ ਜਿੱਤਿਆ। ਇਹ ਤਮਗਾ ਭਾਰਤੀ ਕੁਸ਼ਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਤੋਂ 12 ਸਾਲਾਂ ਬਾਅਦ ਜਿੱਤਿਆ ਸੀ। ਸੁਪਰ ਹੈਵੀਵੇਟ ਵਿੱਚ ਭਾਰਤ ਨੇ 16 ਵਰ੍ਹਿਆਂ ਬਾਅਦ ਕੋਈ ਤਮਗਾ ਜਿੱਤਿਆ ਸੀ।

ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਮੌਕੇ ਪਟਿਆਲਾ ਵਿਖੇ ਰੁਸਤਮੇ ਪਾਕਿਸਤਾਨ ਬਸ਼ੀਰ ਭੋਲਾ ਨੂੰ ਚਿੱਤ ਕਰਨ ਦੀ ਖੁਸ਼ੀ ਮਨਾ ਰਿਹਾ ਪਲਵਿੰਦਰ ਸਿੰਘ ਚੀਮਾ

ਪਲਵਿੰਦਰ ਦੱਸਦਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਬਹੁਤ ਸਖਤ ਮੁਕਾਬਲਿਆਂ ਵਿੱਚ ਉਸ ਨੇ ਪੂਰਾ ਜ਼ੋਰ ਲਗਾ ਕੇ ਕੁਸ਼ਤੀਆਂ ਲੜੀਆਂ ਜਿਸ ਤੋਂ ਬਾਅਦ ਰਿਕਵਰੀ ਲਈ ਉਸ ਨੂੰ ਕੁਝ ਮਹੀਨੇ ਲੱਗੇ। ਸਾਲ 2003 ਵਿੱਚ ਪਲਵਿੰਦਰ ਨੇ ਕੈਨੇਡਾ ਕੱਪ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ 'ਸਰਵੋਤਮ ਪਹਿਲਵਾਨ' ਦਾ ਖਿਤਾਬ ਵੀ ਜਿੱਤਿਆ। ਇਸੇ ਸਾਲ ਉਸ ਨੇ ਲੰਡਨ ਵਿਖੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਦਿੱਲੀ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਗਲੇ ਸਾਲ ਉਸ ਨੇ ਤਹਿਰਾਨ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜੇ ਸਾਲ ਚਾਂਦੀ ਦਾ ਤਮਗਾ ਜਿੱਤਿਆ। ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਉਸ ਨੇ ਏਥਨਜ਼ ਓਲੰਪਿਕਸ ਦੀ ਟਿਕਟ ਖੱਟ ਲਈ। 2004 ਵਿੱਚ ਓਲੰਪਿਕਸ ਦੇ ਜਨਮਦਾਤਾ ਸ਼ਹਿਰ ਏਥਨਜ਼ ਵਿਖੇ ਹੋਈਆਂ 28ਵੀਆਂ ਓਲੰਪਿਕ ਖੇਡਾਂ ਵਿੱਚ ਪਲਵਿੰਦਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨ ਸਮਾਰੋਹ ਦੌਰਾਨ ਪਲਵਿੰਦਰ ਸਿੰਘ ਚੀਮਾ ਓਲੰਪੀਅਨ ਜੋੜੀ ਮਨਜੀਤ ਕੌਰ ਤੇ ਗੁਰਵਿੰਦਰ ਚੰਦੀ, ਪ੍ਰਸਿੱਧ ਸਾਹਿਤਕਾਰ ਪ੍ਰੋ.ਗੁਰਭਜਨ ਗਿੱਲ ਤੇ ਲੇਖਕ ਨਵਦੀਪ ਸਿੰਘ ਗਿੱਲ ਨਾਲ

ਸਾਲ 2004 ਦੇ ਅੰਤ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਏ ਕੁਸ਼ਤੀ ਮੁਕਾਬਲਿਆਂ ਨੂੰ ਦੇਖਣ ਲਈ ਦਰਸ਼ਕਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮੁਕਾਬਲੇ ਵਿੱਚ ਆਹਮੋ-ਸਾਹਮਣੇ ਰੁਸਤਮੇ ਹਿੰਦ ਪਲਵਿੰਦਰ ਸਿੰਘ ਚੀਮਾ ਤੇ ਰੁਸਤਮੇ ਪਾਕਿਸਤਾਨ ਬਸ਼ੀਰ ਭੋਲਾ ਸੀ। ਮੁਕਾਬਲਾ ਵੀ ਪੂਰਾ ਸਖਤ ਸੀ। ਪਲਵਿੰਦਰ ਆਪਣੇ ਘਰੇਲੂ ਦਰਸ਼ਕਾਂ ਵਿੱਚ ਜਦੋਂ 2-5 ਦੇ ਸਕੋਰ ਨਾਲ ਪਿੱਛੇ ਹੋਇਆ ਤਾਂ ਇਕਦਮ ਸੰਨਾਟਾ ਛਾ ਗਿਆ। ਪਲਵਿੰਦਰ ਲਈ ਇਹ ਇਮਤਿਹਾਨ ਦੀਆਂ ਘੜੀਆਂ ਸੀ ਜਿੱਥੇ ਉਸ ਦੇ ਸਾਰੇ ਪਰਿਵਾਰ ਦਾ ਵੱਕਾਰ ਦਾਅ ਉਤੇ ਲੱਗਿਆ ਹੋਇਆ ਸੀ। ਪਲਵਿੰਦਰ ਨੇ ਆਪਣੀ ਜ਼ਿੰਦਗੀ ਦੀ ਬਿਹਤਰੀਨ ਕੁਸ਼ਤੀ ਖੇਡਦਿਆਂ ਆਖਰੀ 30 ਸਕਿੰਟਾਂ ਵਿੱਚ ਪਾਸਾ ਪਲਟਦਿਆਂ ਪੰਜ ਅੰਕ ਹਾਸਲ ਕਰ ਕੇ 7-5 ਨਾਲ ਮੁਕਾਬਲਾ ਜਿੱਤ ਲਿਆ। ਰੈਫਰੀ ਦੇ ਹੱਥ ਚੁੱਕਣ ਤੋਂ ਪਹਿਲਾ ਹੀ ਠਾਠਾਂ ਮਾਰਦੇ ਇੱਕਠ ਨੇ ਪਲਵਿੰਦਰ ਨੂੰ ਮੋਢਿਆਂ 'ਤੇ ਚੁੱਕ ਲਿਆ। ਮੈਂ ਖੁਦ ਉਨ੍ਹਾਂ ਪਲਾਂ ਦਾ ਗਵਾਹ ਸੀ। ਇਹ ਖੇਡਾਂ ਮੇਰੇ ਖੇਡ ਪੱਤਰਕਾਰੀ ਕਰੀਅਰ ਦਾ ਪਹਿਲਾ ਟੂਰਨਾਮੈਂਟ ਸੀ ਜਿਸ ਨੂੰ ਮੈਂ ਕਵਰ ਕੀਤਾ। ਪਲਵਿੰਦਰ ਨੂੰ ਪਹਿਲੀ ਵਾਰ ਨੇੜਿਓ ਘੁਲਦਿਆਂ ਤੱਕਿਆ। ਕੁਸ਼ਤੀ ਮੈਟ ਦੇ ਇਕ ਪਾਸੇ ਖੜ੍ਹੇ ਪਲਵਿੰਦਰ ਦੇ ਪਿਤਾ ਤੇ ਕੋਚ ਸੁਖਚੈਨ ਸਿੰਘ ਚੀਮਾ 'ਚੱਲ ਸੋਨੂੰ ਚੱਲ' ਕਹਿ ਕੇ ਹੌਸਲਾ ਵਧਾਉਣ ਦੇ ਨਾਲ ਬ੍ਰੇਕ ਵਿੱਚ ਦਾਅ-ਪੇਚ ਵੀ ਦੱਸ ਰਹੇ ਸਨ। ਖੇਡ ਜਗਤ ਵਿੱਚ ਇਸ ਮੁਕਾਬਲੇ ਦੀ ਤੁਲਨਾ ਕਿਸੇ ਵੇਲੇ ਅਬਦੁਲ ਖਾਲਿਕ ਤੇ ਮਿਲਖਾ ਸਿੰਘ ਵਿਚਾਲੇ ਪਾਕਿਸਤਾਨ ਵਿੱਚ ਹੋਈ 200 ਮੀਟਰ ਦੀ ਦੌੜ ਨਾਲ ਕੀਤੀ ਜਾਂਦੀ ਹੈ। ਪਲਵਿੰਦਰ ਨੇ ਪਟਿਆਲਵੀਆਂ ਦੇ ਨਾਲ ਪੂਰੇ ਦੇਸ਼ ਦਾ ਨਾਂ ਉਚਾ ਕਰ ਦਿੱਤਾ। ਪਲਵਿੰਦਰ ਖੁਦ ਆਪਣੇ ਖੇਡ ਜੀਵਨ ਵਿੱਚ ਇਸ ਮੁਕਾਬਲੇ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ ਮੰਨਦਾ ਹੈ।

ਮਾਨਚੈਸਟਰ ਵਿਖੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਵਿਰੋਧੀ ਭਲਵਾਨ ਨੂੰ ਚਿੱਤ ਕਰਕੇ ਬਾਹਾਂ ਉਲਾਰ ਕੇ ਖੁਸ਼ੀ ਮਨਾਉਂਦਾ ਹੋਇਆ ਪਲਵਿੰਦਰ ਸਿੰਘ ਚੀਮਾ

ਸਾਲ 2005 ਵਿੱਚ ਦੱਖਣੀ ਅਫਰੀਕਾ ਦੇ ਸ਼ਹਿਰ ਕੇਪਟਾਊਨ ਵਿਖੇ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪਲਵਿੰਦਰ ਨੇ ਗਰੀਕੋ ਰੋਮਨ ਤੇ ਫਰੀ ਸਟਾਈਲ ਦੋਵੇਂ ਵਰਗਾਂ ਵਿੱਚ ਘੁਲਦਿਆਂ ਦੋਹਰਾ ਸੋਨ ਤਮਗਾ ਜਿੱਤਿਆ। ਚੀਨ ਦੇ ਸ਼ਹਿਰ ਵੁਹਾਨ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸਾਲ 2006 ਵਿੱਚ ਪਲਵਿੰਦਰ ਨੇ ਦੋਹਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਪਲਾਂ ਦਾ ਵੀ ਮੈਨੂੰ ਗਵਾਹ ਬਣਨ ਦਾ ਮੌਕਾ ਮਿਲਿਆ ਜਦੋਂ ਪਲਵਿੰਦਰ ਨੇ ਦੋਹਾ ਦੇ ਐਸਪਾਇਰ ਹਾਲ 4 ਵਿਖੇ 14 ਦਸੰਬਰ 2006 ਨੂੰ ਹੋਏ ਕੁਸ਼ਤੀ ਮੁਕਾਬਲੇ ਵਿੱਚ ਇਰਾਕ ਤੇ ਕਜ਼ਾਕਸਿਤਾਨ ਦੇ ਪਹਿਲਵਾਨਾਂ ਨੂੰ ਥੋੜੇਂ ਹੀ ਅਰਸੇਂ ਦੌਰਾਨ ਚਿੱਤ ਕਰਕੇ ਤਮਗਾ ਜਿੱਤਿਆ। ਏਸ਼ਿਆਈ ਖੇਡਾਂ ਦੇ ਸੁਪਰ ਹੈਵੀਵੇਟ ਵਰਗ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਪਹਿਲਵਾਨ ਨੇ ਦੂਜਾ ਤਮਗਾ ਜਿੱਤਿਆ। ਇਸੇ ਸਾਲ ਮੈਲਬਰਨ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚੋਂ ਕੁਸ਼ਤੀ ਮੁਕਾਬਲੇ ਸ਼ਾਮਲ ਨਹੀਂ ਕੀਤੇ ਗਏ, ਨਹੀਂ ਤਾਂ ਪਲਵਿੰਦਰ ਦੀ ਫਾਰਮ ਨੂੰ ਦੇਖਦਿਆਂ ਇਥੇ ਵੀ ਸੋਨ ਤਮਗਾ ਵੱਟ ਉਤੇ ਪਿਆ ਸੀ। ਸਾਲ 2007 ਵਿੱਚ ਪਲਵਿੰਦਰ ਨੇ ਕਿਰਗਿਸਤਾਨ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇਹ ਉਸ ਦਾ ਚੌਥਾ ਤਮਗਾ ਸੀ। ਅਗਲੇ ਸਾਲ ਫਰਾਂਸ ਵਿਖੇ ਹੋਏ ਹੈਨਰੀ ਡਗਲਸ ਗੋਲਡ ਕੱਪ ਵਿੱਚ ਸੋਨੇ ਦਾ ਤਮਗਾ ਅਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਹੋਏ ਇੰਟਰਨੈਸ਼ਨਲ ਗੋਲਡ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਚਾਰ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਯਾਰੀ ਸਲਮਾਨ ਖਾਨ ਨਾਲ, ਕਿਤੇ ਸਲਮਾਨ ਪਲਵਿੰਦਰ ਦੇ ਮੋਢਿਆਂ 'ਤੇ ਤੇ ਕਿਤੇ ਪਲਵਿੰਦਰ ਸਲਮਾਨ ਦੇ ਮੋਢਿਆ 'ਤੇ

ਕੁਸ਼ਤੀ ਦੇ ਕੌਮਾਂਤਰੀ ਟੂਰਨਾਮੈਂਟਾਂ ਤੋਂ ਬਾਅਦ ਦੰਗਲਾਂ ਅਤੇ ਅਖਾੜਿਆਂ ਦੀ ਗੱਲ ਕਰੀਏ ਤਾਂ ਪਲਵਿੰਦਰ ਨੇ 22 ਦੰਗਲ ਜਿੱਤੇ ਹਨ। ਦੁਬਈ ਵਿਖੇ ਰੁਸਤਮ-ਏ-ਏਸ਼ੀਆ ਅਤੇ ਹਜ਼ੂਰ ਸਾਹਿਬ ਵਿਖੇ ਵਰਲਡ ਖਾਲਸਾ ਕੇਸਰੀ ਖਿਤਾਬ ਜਿੱਤਣ ਵਾਲੇ ਪਲਵਿੰਦਰ ਨੇ ਹਕੀਮਪੁਰ ਵਿਖੇ ਪੁਰੇਵਾਲ ਭਰਾਵਾਂ ਵੱਲੋਂ ਕਰਵਾਈ ਜਾਂਦੀ ਮਿੰਨੀ ਓਲੰਪਿਕਸ ਦੌਰਾਨ ਚਾਰ ਵਾਰ ਮਹਾਂਭਾਰਤ ਕੇਸਰੀ ਦਾ ਖਿਤਾਬ ਜਿੱਤਿਆ ਹੈ। ਤਿੰਨ-ਤਿੰਨ ਵਾਰ ਭਾਰਤ ਕੇਸਰੀ ਤੇ ਸ਼ਕਤੀ ਕੇਸਰੀ, ਦੋ-ਦੋ ਵਾਰ ਰੁਸਤਮ-ਏ-ਹਿੰਦ ਤੇ ਭਾਰਤ ਕੁਮਾਰ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਤਰਨ ਤਾਰਨ ਵਿਖੇ 400 ਸਾਲਾ ਸ਼ਤਾਬਦੀ ਕੇਸਰੀ, ਭਾਰਤ ਮੱਲ ਸਮਰਾਟ, ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ, ਦਾਰਾ ਗੋਲਡ ਕੱਪ, ਰਾਜੀਵ ਗਾਂਧੀ ਗੋਲਡ ਕੱਪ ਤੇ ਪੰਜਾਬ ਕੁਮਾਰ ਦੇ ਟਾਈਟਲ ਜਿੱਤੇ ਹਨ। ਕੌਮੀ ਪੱਧਰ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਲਵਿੰਦਰ ਨੇ 2005 ਤੇ 2006 ਵਿੱਚ ਦੋ ਵਾਰ ਨੈਸ਼ਨਲ ਚੈਂਪੀਅਨਸ਼ਿਪ ਅਤੇ 2002 ਵਿੱਚ ਇਕ ਵਾਰ ਕੌਮੀ ਖੇਡਾਂ ਵਿੱਚ ਪੰਜਾਬ ਲਈ ਸੋਨੇ ਦਾ ਤਮਗਾ ਜਿੱਤਿਆ।

ਮੁੱਢੋਂ ਹੀ ਹੁੰਦੜ ਹੇਲ ਪਲਵਿੰਦਰ ਦੀ ਖੁਰਾਕ ਵੀ ਖੁੱਲ੍ਹੀ ਸੀ। ਦੁੱਧ-ਘਿਓ, ਬਦਾਮ ਦੇ ਨਾਲ ਮੁਰਗਾ, ਆਂਡੇ, ਸ਼ਰਦਈ ਆਦਿ ਖੁਰਾਕ ਦਾ ਹਿੱਸਾ ਸੀ। ਪਲਵਿੰਦਰ ਨੇ ਆਪਣੇ ਤਾਏ ਦੇ ਮੁੰਡੇ ਮਲਵਿੰਦਰ ਸਿੰਘ ਨੂੰ ਦੇਖ ਕੇ ਅਖਾੜੇ ਵਿੱਚ ਘੁਲਣਾ ਸ਼ੁਰੂ ਕਰ ਦਿੱਤਾ। ਘਰ ਵਿੱਚ ਮਾਹੌਲ ਹੀ ਕੁਸ਼ਤੀ ਵਾਲਾ ਸੀ। ਮੱਲਾਂ-ਅਖਾੜਿਆਂ ਤੋਂ ਬਿਨਾਂ ਘਰ ਵਿੱਚ ਹੋਰ ਕੋਈ ਗੱਲ ਹੁੰਦੀ ਹੀ ਨਹੀਂ ਸੀ। ਸਿਨੇਮਿਆਂ ਦੇ ਸ਼ਹਿਰ ਪਟਿਆਲੇ ਰਹਿੰਦੇ ਚੀਮਾ ਪਰਿਵਾਰ ਦੇ ਬੱਚਿਆਂ ਨੇ ਕਿਤੇ ਫਿਲਮ ਵੇਖਣ ਬਾਰੇ ਸੋਚਿਆ ਹੀ ਨਹੀਂ ਸੀ। ਸਾਰਾ ਦਿਨ ਅਖਾੜੇ ਵਿੱਚ ਮਿੱਟੀ ਨਾਲ ਮਿੱਟੀ ਹੋਈ ਜਾਣਾ। ਸੋਨੂੰ ਕੁਸ਼ਤੀਆਂ ਦੀਆਂ ਗੱਲਾਂ ਸੁਣ-ਸੁਣ ਕੇ ਵੱਡਾ ਹੋਇਆ। ਖਾਣ- ਪੀਣ, ਰਹਿਣ-ਸਹਿਣ ਅਤੇ ਘਰ ਵਿੱਚ ਮਿਲਣ ਆਏ ਲੋਕਾਂ ਵਿੱਚੋਂ ਕੁਸ਼ਤੀ ਹੀ ਝਲਕਦੀ ਹੁੰਦੀ ਸੀ। ਪਲਵਿੰਦਰ ਵਿਗਿਆਨਕ ਤਰੀਕੇ ਨਾਲ ਆਪਣੀ ਖੁਰਾਕ ਬਾਰੇ ਦੱਸਦਾ ਹੈ ਕਿ ਘੁਲਦੇ ਸਮੇਂ ਰੋਜ਼ਾਨਾ 5000 ਤੋਂ 7000 ਤੱਕ ਕੈਲਰੀ ਦੀ ਖੁਰਾਕ ਰਹੀ ਹੈ। ਦੇਸੀ ਭਾਸ਼ਾ ਵਿੱਚ ਨਿੱਤ 5-7 ਕਿਲੋ ਦੁੱਧ, ਦਰਜਨ ਅੰਡੇ, ਦੋ-ਤਿੰਨ ਕਿਲੋ ਮੀਟ ਰੋਜ਼ਾਨਾ ਦੀ ਖੁਰਾਕ ਸੀ। ਆਪਣੀ ਖੁਰਾਕ ਬਾਰੇ ਪਲਵਿੰਦਰ ਇਕ ਕਿੱਸਾ ਦੱਸਦਾ ਹੈ ਕਿ ਇਕ ਵਾਰ ਉਹ ਤੇ ਉਸ ਦਾ ਛੋਟਾ ਭਰਾ ਤੇਜਪਾਲ ਆਪਣੀ ਮਾਤਾ ਦੇ ਨਾਨਕੇ ਪਿੰਡ ਸਦਰਕੋਟ (ਮੋਗਾ) ਗਏ ਸੀ ਤਾਂ ਮਾਮੀ ਗਾਂ ਦਾ ਦੁੱਧ ਚੋਣ ਤੋਂ ਬਾਅਦ ਉਨ੍ਹਾਂ ਕੋਲ ਬਾਲਟੀ ਰੱਖ ਕੇ ਅੰਦਰੋਂ ਗਲਾਸ ਲੈਣ ਚਲੀ ਗਈ। ਜਦੋਂ ਤੱਕ ਮਾਮੀ ਗਲਾਸ ਲੈ ਕੇ ਆਈ ਉਦੋਂ ਤੱਕ ਦੋਵੇਂ ਭਰਾ ਡੀਕ ਲਾ ਕੇ 10-12 ਕਿਲੋ ਦੁੱਧ ਨਾਲ ਭਰੀ ਬਾਲਟੀ ਪੀ ਕੇ ਦੁੱਧ ਦੀਆਂ ਮੂਛਾਂ ਪੁੰਝ ਰਹੇ ਸਨ।

ਪਟਿਆਲਾ ਵਿਖੇ ਐਸ.ਪੀ. ਲੱਗੇ ਪਲਵਿੰਦਰ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਆਲ ਇੰਡੀਆ ਪੁਲਿਸ ਖੇਡਾਂ ਤੋਂ ਲੈ ਕੇ ਵਿਸ਼ਵ ਪੁਲਿਸ ਖੇਡਾਂ ਵਿੱਚ ਵੀ ਝੰਡੇ ਗੱਡੇ। ਦੁਨੀਆਂ ਦੀ ਕਿਸੇ ਵੀ ਪੁਲਿਸ ਫੋਰਸ ਦਾ ਪਹਿਲਵਾਨ ਉਸ ਅੱਗੇ ਟਿਕ ਨਹੀਂ ਸਕਿਆ ਅਤੇ ਉਸ ਨੇ ਕਹਿੰਦੇ-ਕਹਾਉਂਦੇ ਭਲਵਾਨਾਂ ਨੂੰ ਚਿੱਤ ਕੀਤਾ। ਪੰਜਾਬ ਪੁਲਿਸ ਵੱਲੋਂ ਉਸ ਨੇ 2002 ਤੋਂ 2011 ਤੱਕ ਲਗਾਤਾਰ 10 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਭਾਰਤੀ ਪੁਲਿਸ ਬਲਾਂ ਦੀ ਟੀਮ ਵੱਲੋਂ ਖੇਡਦਿਆਂ ਉਸ ਨੇ ਵਿਸ਼ਵ ਪੁਲਿਸ ਖੇਡਾਂ ਵਿੱਚ ਪੰਜ ਸੋਨੇ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ। 2003 ਵਿੱਚ ਬਾਰਸੀਲੋਨਾ ਤੇ 2007 ਵਿੱਚ ਐਡੀਲੇਡ ਵਿੱਚ ਗਰੀਕੋ ਰੋਮਨ ਤੇ ਫਰੀ ਸਟਾਈਲ ਦੋਵੇਂ ਵਰਗਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। 2011 ਵਿੱਚ ਤੀਹ ਵਰ੍ਹਿਆਂ ਨੂੰ ਢੁੱਕੇ ਪਲਵਿੰਦਰ ਨੇ ਨਿਊਯਾਰਕ ਵਿਖੇ ਫਰੀ ਸਟਾਈਲ ਵਿੱਚ ਸੋਨੇ ਅਤੇ ਗਰੀਕੋ ਰੋਮਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਵੀਹ ਸਾਲ ਦੱਬ ਕੇ ਘੁਲਣ ਵਾਲੇ ਪਲਵਿੰਦਰ ਨੇ ਪੁਲਿਸ ਅਫਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਆਖਰੀ ਵਾਰ ਨਿਊਯਾਰਕ ਵਿਖੇ ਹੀ ਵਿਸ਼ਵ ਪੁਲਿਸ ਖੇਡਾਂ ਵਿੱਚ ਹਿੱਸਾ ਲਿਆ ਸੀ।

ਇਕ ਸਮਾਗਮ ਦੌਰਾਨ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਨਾਲ ਪਲਵਿੰਦਰ ਸਿੰਘ ਚੀਮਾ

ਪਲਵਿੰਦਰ ਨੂੰ ਕੁਸ਼ਤੀ ਅਖਾੜਿਆਂ ਵਿੱਚ ਮਾਰੀਆਂ ਮੱਲਾਂ ਬਦਲੇ ਮਿਲਣ ਵਾਲੇ ਮਾਣ-ਸਨਮਾਨਾਂ ਦੀ ਸੂਚੀ ਵੀ ਉਸ ਦੀਆਂ ਪ੍ਰਾਪਤੀਆਂ ਜਿੱਡੀ ਹੈ। ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਇਸ ਤੋਂ ਇਲਾਵਾ ਹਿੰਦੋਸਤਾਨ ਰਤਨ, ਹੀਰੋ ਇੰਡੀਆ ਸਪੋਰਟਸ ਐਵਾਰਡ, ਪਟਿਆਲਾ ਰਤਨ ਦਾ ਸਨਮਾਨ ਮਿਲਿਆ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨੀਆ ਗਈਆਂ 550 ਪ੍ਰਮੱਖ ਹਸਤੀਆਂ ਵਿੱਚ ਪਲਵਿੰਦਰ ਸਿੰਘ ਚੀਮਾ ਵੀ ਸ਼ਾਮਲ ਸੀ। ਕੇਂਦਰ ਤੇ ਸੂਬਾ ਸਰਕਾਰ ਨੇ ਸਮੇਂ-ਸਮੇਂ 'ਤੇ ਉਸ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਆ। ਆਪਣੇ ਸਾਢੇ ਛੇ ਫੁੱਟ ਕੱਦ ਵਾਲੇ ਭਲਵਾਨੀ ਸਰੀਰ ਨਾਲ ਉਹ ਹਰ ਸਮਾਗਮ ਦੀ ਖਿੱਚ ਦਾ ਕੇਂਦਰ ਹੁੰਦਾ ਹੈ। 2002 ਵਿੱਚ ਭਾਰਤ ਸਰਕਾਰ ਦੇ ਨਗਦ ਇਨਾਮ ਵੰਡ ਸਮਾਰੋਹ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਬਾਲੀਵੁੱਡ ਸਿਤਾਰੇ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਪਲਵਿੰਦਰ ਦੇ ਹੀ ਮੁਰੀਦ ਹੋ ਗਏ। ਸਲਮਾਨ ਤਾਂ ਉਸ ਦਾ ਨਿੱਜੀ ਦੋਸਤ ਹੈ। ਕੁਝ ਸਮਾਂ ਪਹਿਲਾਂ ਜਦੋਂ ਸਲਮਾਨ ਨੇ ਕੁਸ਼ਤੀ ਬਾਰੇ 'ਦੰਗਲ' ਫਿਲਮ ਬਣਾਈ ਤਾਂ ਇਕ ਰਾਤਰੀ ਭੋਜ ਮੌਕੇ ਉਸ ਨੇ ਪਲਵਿੰਦਰ ਨੂੰ ਉਚੇਚੇ ਤੌਰ 'ਤੇ ਸੱਦਾ ਦਿੱਤਾ। ਦੰਗਲ ਫਿਲਮ ਲਈ ਸਲਮਾਨ ਨੇ ਪਲਵਿੰਦਰ ਤੋਂ ਕੁਝ ਦਾਅ ਵੀ ਸਿੱਖੇ ਸਨ। ਉਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋਈਆਂ ਜਿਸ ਵਿੱਚ ਇਕ ਮੌਕੇ ਪਲਵਿੰਦਰ ਨੇ ਸਲਮਾਨ ਨੂੰ ਚੁੱਕਿਆ ਅਤੇ ਦੂਜੇ ਮੌਕੇ ਸਲਮਾਨ ਨੇ ਪਲਵਿੰਦਰ ਨੂੰ ਮੋਢਿਆਂ ਉਤੇ ਚੁੱਕਿਆ। ਪਲਵਿੰਦਰ ਦੱਸਦਾ ਹੈ ਕਿ ਸਲਮਾਨ ਨੇ ਜ਼ਿੱਦ ਕੀਤੀ ਕਿ ਉਹ ਉਸ ਚੁੱਕਣਾ ਚਾਹੁੰਦਾ ਹੈ ਪਰ ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸਲਮਾਨ ਨੇ ਸਵਾ ਕੁਇੰਟਲ ਦੇ ਭਲਵਾਨ ਨੂੰ ਮੋਢਿਆਂ ਉਤੇ ਬਿਠਾ ਕੇ ਭਲਵਾਨੀ ਗੇੜਾ ਦਿੱਤਾ। ਸਲਮਾਨ ਨਾਲ ਦੋਸਤੀ ਬਾਰੇ ਪਲਵਿੰਦਰ ਦੱਸਦਾ ਹੈ ਕਿ ਉਸ ਸਮੇਤ ਉਸ ਦੇ ਚਾਰ ਦੋਸਤਾਂ ਦਾ ਸਲਮਾਨ ਗੂੜ੍ਹਾ ਮਿੱਤਰ ਹੈ। ਇਸ ਮਿੱਤਰ ਮੰਡਲੀ ਵਿੱਚ ਬਰਨਾਲੇ ਦਾ ਪਰਮ ਗਿੱਲ, ਪਟਿਆਲਾ ਦਾ ਮਨੂੰ ਸ਼ਰਮਾ ਤੇ ਮੁੰਬਈ ਦਾ ਪ੍ਰਸ਼ਾਂਤ ਗੁਜਾਂਲਕਰ। ਪਰਮ ਗਿੱਲ ਦਾ ਬਰਨਾਲਾ ਜ਼ਿਲੇ ਦੇ ਪਿੰਡ ਛੀਨੀਵਾਲ ਵਿਖੇ ਸਟੱਡ ਫਾਰਮ ਹੈ ਜਿੱਥੇ ਸਲਮਾਨ ਆਪਣੇ ਲਈ ਘੋੜੇ ਖਰੀਦਣ ਅਤੇ ਦੇਖਣ ਉਚੇਚੇ ਤੌਰ 'ਤੇ ਆਉਂਦਾ ਹੈ।

ਨਿੱਕਾ ਪਲਵਿੰਦਰ ਗੁਰਜਾਂ ਦੀ ਛਤਰ ਛਾਇਆ ਅਤੇ ਦਾਦਾ ਕੇਸਰ ਸਿੰਘ ਚੀਮਾ ਦੇ ਰੁਸਤਮੇ ਹਿੰਦ ਟਾਈਟਲ ਨਾਲ ਸੁੱਤਾ ਹੋਇਆ

ਪਲਵਿੰਦਰ ਜਦੋਂ ਘੁਲਦਾ ਸੀ ਤਾਂ ਉਸ ਦਾ ਵਜ਼ਨ 120 ਤੋਂ 130 ਕਿਲੋ ਦੇ ਵਿਚਾਲੇ ਰਿਹਾ। ਹੁਣ ਜਦੋਂ ਉਹ ਪੁਲਿਸ ਦੀ ਡਿਊਟੀ ਕਰਦਾ ਹੈ ਤਾਂ ਉਸ ਨੇ ਆਪਣੇ ਆਪ ਨੂੰ ਹੋਰ ਵੀ ਫਿੱਟ ਰੱਖਿਆ ਹੋਇਆ ਅਤੇ ਆਪਣਾ ਵਜ਼ਨ 110-115 ਕਿਲੋ ਤੋਂ ਵਧਣ ਨਹੀਂ ਦਿੰਦਾ। ਸਾਢੇ ਛੇ ਫੁੱਟ ਦਾ ਦਰਸ਼ਨੀ ਜਵਾਨ ਡਿਊਟੀ ਕਰਦਾ ਜੱਚਦਾ ਵੀ ਪੂਰਾ ਹੈ ਤੇ ਫੱਬਦਾ ਵੀ। ਉਸ ਦਾ ਰੋਅਬ ਵੀ ਪੂਰਾ ਪੈਂਦਾ ਹੈ। ਲਾਅ ਇਨ ਆਰਡਰ ਮੇਨਟੇਨ ਰੱਖਣ ਲਈ ਪੁਲਿਸ  ਨਿੱਤ ਦਿਨ ਕਰਨੀਆਂ ਪੈਂਦੀਆਂ ਔਖੀਆਂ ਡਿਊਟੀਆਂ ਵਿੱਚ ਪਲਵਿੰਦਰ ਮੋਹਰੀ ਰੋਲ ਨਿਭਾਉਂਦਾ ਹੈ। ਕਿਤੇ ਵੀ ਕੋਈ ਧਰਨਾ, ਪ੍ਰਦਰਸ਼ਨ ਜਾਂ ਹੰਗਾਮੀ ਸਥਿਤੀ ਹੋਵੇ ਜਾਂ ਫੇਰ ਕਿਸੇ ਵੱਡੇ ਸਮਾਗਮ ਦੀ ਸੁਰੱਖਿਆ ਦਾ ਮਸਲਾ ਹੋਵੇ ਤਾਂ ਸੀਨੀਅਰ ਅਫਸਰ ਅਹਿਮ ਤੇ ਨਾਜ਼ੁਕ ਥਾਂ ਉਤੇ ਪਲਵਿੰਦਰ ਦੀ ਹੀ ਡਿਊਟੀ ਲਾਉਂਦੇ ਹਨ। ਕੁਸ਼ਤੀ ਲੜਦਿਆਂ ਸਕਿੰਟਾਂ ਵਿੱਚ ਫੈਸਲਾ ਕਰਕੇ ਦਾਅ ਲਾ ਕੇ ਵਿਰੋਧੀ ਨੂੰ ਚਿੱਤ ਕਰਨ ਵਾਲਾ ਪਲਵਿੰਦਰ ਡਿਊਟੀ ਸਮੇਂ ਵਿੱਚ ਆਪਣੇ ਫੈਸਲੇ ਲੈਣ ਵਿੱਚ ਮਾਰ ਨਹੀਂ ਖਾਂਦਾ। ਇਕੇਰਾਂ ਉਸ ਦੀ ਡਿਊਟੀ ਦੌਰਾਨ ਇਕ ਪਰਿਵਾਰ ਛੱਤ ਉਤੇ ਖੜ੍ਹ ਛਾਲ ਮਾਰਨ ਦੀ ਧਮਕੀ ਦੇ ਰਿਹਾ ਸੀ। ਪਲਵਿੰਦਰ ਨੇ ਆਪਣੇ ਲੰਬੇ ਕੱਦ-ਕਾਠ ਦੇ ਸਹਾਰੇ ਪਰਿਵਾਰ ਦੇ ਜੀਆਂ ਨੂੰ ਸੌਖਿਆ ਹੀ ਉਤਾਰ ਲਿਆ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਹ ਮੂਹਰਲੀ ਕਤਾਰ ਵਿੱਚ ਹੋ ਕੇ ਲੜ ਰਿਹਾ ਹੈ। ਪਟਿਆਲਾ ਵਿਖੇ ਏ.ਐਸ.ਆਈ. ਹਰਜੀਤ ਸਿੰਘ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਕੀਤੀ ਕਾਰਵਾਈ ਵਾਲੀ ਟੀਮ ਦਾ ਉਹ ਅਹਿਮ ਹਿੱਸਾ ਸੀ। ਪਲਵਿੰਦਰ 24 ਘੰਟੇ ਆਪਣੀ ਡਿਊਟੀ ਲਈ ਤਿਆਰ ਰਹਿੰਦਾ ਹੈ। ਇਕੇਰਾਂ ਕੋਈ ਮਹਿਲਾ ਆਪਣੇ ਬੱਚੇ ਨਾਲ ਸਰਹਿੰਦ ਰੋਡ 'ਤੇ ਸੜਕ ਹਾਦਸੇ ਕਾਰਨ ਲੱਗੇ ਜਾਮ ਵਿੱਚ ਫਸ ਗਈ। ਵੇਲਾ ਅੱਧੀ ਰਾਤ ਦਾ ਸੀ। ਉਸ ਮਹਿਲਾ ਨੇ ਡਾਇਰੈਕਟਰੀ ਤੋਂ ਦੇਖ ਕੇ ਜਦੋਂ ਐਸ.ਪੀ. ਟ੍ਰੈਫਿਕ ਨੂੰ  ਫੋਨ ਲਾਇਆ ਤਾਂ ਰਾਤ ਦੇ ਇਕ ਵਜੇ ਪਲਵਿੰਦਰ ਨੇ ਤੁਰੰਤ ਫੋਨ ਚੁੱਕ ਲਿਆ। ਮਿੰਟਾਂ ਵਿੱਚ ਹੀ ਪਲਵਿੰਦਰ ਨੇ ਉਸ ਪਰਿਵਾਰ ਨੂੰ ਫੌਰਨ ਰਾਹਤ ਪਹੁੰਚਾਈ।

ਪਲਵਿੰਦਰ ਸਿੰਘ ਚੀਮਾ ਦਾ ਦਾਦਾ ਕੇਸਰ ਸਿੰਘ ਚੀਮਾ

ਪੜ੍ਹਾਈ ਲਿਖਾਈ ਵਿੱਚ ਹੁਸ਼ਿਆਰ ਪਲਵਿੰਦਰ ਨੇ ਇਹ ਮਿੱਥ ਵੀ ਤੋੜੀ ਕਿ ਖਿਡਾਰੀ ਖਾਸ ਕਰਕੇ ਭਲਵਾਨ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਹਨ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਅਧਿਐਨ ਵਿੱਚ ਐਮ.ਏ. ਕੀਤੀ। ਪੜ੍ਹਾਈ ਵੀ ਜਿੱਥੇ ਉਸ ਨੇ ਧਰਮ ਅਧਿਐਨ ਦੀ ਕੀਤੀ ਹੈ ਉਥੇ ਕੁਸ਼ਤੀ ਵੀ ਸਾਧ ਬਣ ਕੇ ਕੀਤੀ। ਵੀਹ ਸਾਲ ਕੁਸ਼ਤੀ ਅਖਾੜਾ ਹੀ ਉਸ ਦਾ ਇਸ਼ਟ ਰਿਹਾ। ਕੁੱਲ ਦੁਨੀਆਂ ਵਿੱਚ ਦੰਗਲ ਲੜਨ ਵਾਲੇ ਪਲਵਿੰਦਰ ਨੇ ਕਦੇ ਵੀ ਆਪਣੇ ਪੈਰ ਨਹੀਂ ਛੱਡੇ। ਹਰ ਛੋਟੇ-ਵੱਡੇ ਸਮਾਗਮ ਵਿੱਚ ਉਹ ਆਪਣੇ ਮਾਤਾ-ਪਿਤਾ ਨਾਲ ਜਾਂਦਾ। ਖੇਡਾਂ ਦੇ ਮਸੀਹਾ ਰਾਜਦੀਪ ਸਿੰਘ ਗਿੱਲ ਜਦੋਂ ਪੰਜਾਬ ਦੇ ਡੀ.ਜੀ.ਪੀ. ਸਨ ਤਾਂ ਕਲਾ ਭਵਨ ਚੰਡੀਗੜ੍ਹ ਵਿਖੇ 'ਖੇਡ ਸੰਸਾਰ' ਰਸਾਲੇ ਦਾ ਰਿਲੀਜ਼ ਸਮਾਗਮ ਸੀ। ਸਮਾਗਮ ਦੇ ਮੁੱਖ ਮਹਿਮਾਨ ਰਾਜਦੀਪ ਸਿੰਘ ਗਿੱਲ ਆਪਣੇ ਭਾਸ਼ਣ ਦੌਰਾਨ ਆਪਣੇ ਸੁਭਾਅ ਅਨੁਸਾਰ ਖਿਡਾਰੀਆਂ ਦੇ ਸੋਹਲੇ ਗਾ ਰਹੇ ਸਨ। ਉਨ੍ਹਾਂ ਨਵੀਂ ਪੀੜ੍ਹੀਂ ਨੂੰ ਖਿਡਾਰੀਆਂ ਨੂੰ ਆਦਰਸ਼ ਬਣਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਪਲਵਿੰਦਰ ਤੇ ਉਸ ਦੇ ਪਿਤਾ ਸੁਖਚੈਨ ਸਿੰਘ ਚੀਮਾ ਦੀਆਂ ਤਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਪਿਓ-ਪੁੱਤ ਦੀ ਇਸ ਜੋੜ ਦਾ ਮੁਕਾਬਲਾ ਤਾਂ ਧਰਮਿੰਦਰ ਤੇ ਸੰਨੀ ਦਿਓਲ ਵੀਂ ਨਹੀਂ ਕਰ ਸਕਦੇ।

ਕੇਸਰ ਸਿੰਘ ਚੀਮਾ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਨਾਲ

ਪਲਵਿੰਦਰ ਸਦਾ ਆਪਣੇ ਪਿਤਾ ਦਾ ਸੋਨੂੰ ਬਣ ਕੇ ਲਾਡਲਾ ਤੇ ਆਗਿਆਕਾਰੀ ਪੁੱਤਰ ਰਿਹਾ। ਸਾਲ 2018 ਦੇ ਜਨਵਰੀ ਮਹੀਨੇ ਸੁਖਚੈਨ ਸਿੰਘ ਚੀਮਾ ਦੀ ਸੜਕ ਹਾਦਸੇ ਵਿੱਚ ਮੌਤ ਨੇ ਜਿੱਥੇ ਚੀਮਾ ਪਰਿਵਾਰ ਝੰਜੋੜ ਦਿੱਤਾ ਉਥੇ ਪਟਿਆਲਾ ਦੇ ਸੈਂਕੜੇ ਛੋਟੀ ਉਮਰ ਦੇ ਭਲਵਾਨਾਂ ਨੂੰ ਆਪਣੇ ਰਾਹ ਦਸੇਰੇ ਦੇ ਤੁਰ ਜਾਣ ਦਾ ਸਦਮਾ ਲੱਗਾ। ਪਲਵਿੰਦਰ ਦੇ ਪਿਤਾ ਨਾਲ ਮੇਰੀ ਦੋਸਤੀ ਪਲਵਿੰਦਰ ਨਾਲੋਂ ਵੱਧ ਸੀ ਜਿਨ੍ਹਾਂ ਦੇ ਤੁਰ ਜਾਣ ਨਾਲ ਮੈਨੂੰ ਵੀ ਨਿੱਜੀ ਘਾਟਾ ਪਿਆ। ਪੱਤਰਕਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਦਿਆਂ ਮੈਂ ਅਕਸਰ ਹੀ 'ਕੇਸਰ ਵਿਲਾ' ਵਿਖੇ ਉਨ੍ਹਾਂ ਨੂੰ ਮਿਲਣ ਚਲਿਆ ਜਾਂਦਾ ਸੀ। 2003 ਵਿੱਚ ਪਲਵਿੰਦਰ ਦੀ ਪਹਿਲੀ ਇੰਟਰਵਿਊ ਕਰਨ ਮੌਕੇ ਵੀ ਜਦੋਂ ਉਹ ਘੂਕ ਸੁੱਤਾ ਪਿਆ ਸੀ ਤਾਂ ਸੁਖਚੈਨ ਸਿੰਘ ਚੀਮਾ ਨੇ ਘੰਟਾ ਭਰ ਮੈਨੂੰ ਪਲਵਿੰਦਰ ਦੀਆਂ ਗੱਲਾਂ ਸੁਣਾ ਕੇ ਇੰਟਰਵਿਊ ਲਈ ਜ਼ਰੂਰੀ ਨੁਕਤੇ ਦਿੱਤੇ। ਹਾਲਾਂਕਿ ਉਹ ਮੇਰੇ ਪਿਤਾ ਦੀ ਉਮਰ ਜਿੰਨੇ ਸਨ ਪਰ ਮੇਰੇ ਨਾਲ ਉਹ ਦੋਸਤਾਂ ਵਾਂਗ ਗੱਲ ਕਰਦੇ ਸਨ। ਬੀ.ਐਸ.ਐਫ. ਵਿੱਚੋਂ ਸਹਾਇਕ ਕਮਾਂਡੈਂਟ ਰਿਟਾਇਰ ਹੋਏ ਸੁਖਚੈਨ ਸਿੰਘ ਚੀਮਾ ਦੀ ਦਿੱਖ ਕਿਸੇ ਐਕਟਰ ਨਾਲੋਂ ਘੱਟ ਨਹੀਂ ਸੀ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪਲਵਿੰਦਰ ਨੇ ਕੁਸ਼ਤੀ ਦੀ ਵਿਰਾਸਤ ਨੂੰ ਅੱਗੇ ਜਾਰੀ ਰੱਖਿਆ ਹੋਇਆ ਹੈ। ਪਲਵਿੰਦਰ ਆਪਣੇ ਪਿਤਾ ਨੂੰ ਯਾਦ ਕਰਦਾ ਕਈ ਵਾਰ ਉਦਾਸ ਵੀ ਹੋ ਜਾਂਦਾ ਹੈ ਅਤੇ ਫੇਰ ਕੁਸ਼ਤੀ ਸਣੇ ਹੋਰ ਖੇਡਾਂ ਨੂੰ ਹੁਲਾਰਾ ਦੇਣ ਲਈ ਉਪਰਾਲੇ ਕਰਦਾ ਹੋਇਆ ਸੋਚਦਾ ਹੈ ਕਿ ਇਹੋ ਕੋਸ਼ਿਸ਼ਾਂ ਹੀ ਉਸ ਦੇ ਪਿਤਾ ਜੋ ਉਸ ਦੇ ਕੋਚ ਵੀ ਸਨ, ਨੂੰ ਸੱਚੀ ਸ਼ਰਧਾਂਜਲੀ ਹੈ।

ਘੁਲਦਾ ਹੋਇਆ ਪਲਵਿੰਦਰ ਸਿੰਘ ਚੀਮਾ

ਪਲਵਿੰਦਰ ਕੋਲ ਕਈ ਵਾਰ ਵੱਡੀ ਉਮਰ ਦੇ ਲੋਕ ਉਸ ਦੇ ਪਿਤਾ ਦੇ ਲਿਹਾਜ਼ੀ ਹੋਣ ਦਾ ਵੇਰਵਾ ਦੇ ਕੇ ਕੋਈ ਕੰਮ ਦੱਸਦੇ ਹਨ ਤਾਂ ਉਹ ਝੱਟ ਕੰਮ ਕਰਦਾ ਹੈ। ਉਂਝ ਵੀ ਜਿੱਥੇ ਵੀ ਪਲਵਿੰਦਰ ਦੀ ਪੋਸਟਿੰਗ ਹੁੰਦੀ ਹੈ, ਉਥੇ ਉਹ ਖੇਡ ਪ੍ਰੇਮੀਆਂ ਦੀਆਂ ਅੱਖਾਂ ਦਾ ਤਾਰਾ ਤਾਂ ਪਹਿਲਾ ਹੀ ਹੁੰਦਾ ਹੈ। ਖੇਡ ਭਾਵੇਂ ਉਸ ਦੀ ਕੁਸ਼ਤੀ ਰਹੀ ਹੈ ਪਰ ਉਹ ਜਿੱਥੇ ਵੀ ਜਾਂਦਾ ਹੈ ਉਥੇ ਹਰ ਖੇਡ ਨੂੰ ਪ੍ਰਫੁੱਲਤ ਕਰ ਕੇ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਪੂਰਾ ਯੋਗਦਾਨ ਪਾਉਂਦਾ ਹੈ। ਡਿਊਟੀ ਦੌਰਾਨ ਕਈ ਵਾਰ ਲੋਕ ਸਿਰਫ ਉਸ ਨੂੰ ਦੇਖਣ ਲਈ ਮਿਲਣ ਆ ਜਾਂਦੇ ਹਨ ਅਤੇ ਆ ਕੇ ਬੋਲਦੇ ਹਨ, 'ਭਲਵਾਨ ਜੀ ਬੱਸ ਦੇਖਣ ਹੀ ਆਏ ਸੀ ਤੁਹਾਨੂੰ।' ਭਲਵਾਨੀ ਦੇ ਮੁਰੀਦ ਲੋਕ ਜੋ ਉਸ ਤੋਂ ਉਮਰ ਵਿੱਚ ਵੱਡੇ ਵੀ ਹੁੰਦੇ ਹਨ, ਕਈ ਵਾਰ ਪਲਵਿੰਦਰ ਦੇ ਪੈਰੀਂ ਹੱਥ ਲਗਾ ਦਿੰਦੇ। ਇਸ ਬਾਰੇ ਪਲਵਿੰਦਰ ਖੁਦ ਦੱਸਦਾ ਹੈ ਕਿ ਬਹੁਤੇ ਲੋਕ ਭਲਵਾਨ, ਭਗਤ ਤੇ ਸਾਧ ਨੂੰ ਪੂਜਣਯੋਗ ਮੰਨਦੇ ਹਨ। ਅਜਿਹੇ ਲੋਕ ਭਲਵਾਨਾਂ ਦਾ ਜੂਠਾ ਦੁੱਧ ਵੀ ਅੰਮ੍ਰਿਤ ਸਮਝ ਕੇ ਪੀਂਦੇ ਹਨ। ਪਲਵਿੰਦਰ ਨੇ ਤਾਂ ਸੱਚਮੁੱਚ ਸਾਧ ਬਣ ਕੇ ਕੁਸ਼ਤੀ ਕੀਤੀ ਹੈ। ਉਹ ਡਿਊਟੀ ਕਰਦਿਆਂ ਹੁਣ ਵੀ ਪੁਲਿਸ ਅਫਸਰ ਨਾਲੋਂ ਭਲਵਾਨ ਵੱਧ ਲੱਗਦਾ ਹੈ। ਇਹੋ ਪਛਾਣ ਉਸ ਨੂੰ ਵਧੀਆ ਲੱਗਦੀ ਹੈ ਜਿਸ ਨੂੰ ਉਹ ਸਾਰੀ ਉਮਰ ਆਪਣੇ ਨਾਲ ਰੱਖਣਾ ਚਾਹੁੰਦਾ ਹੈ।

ਪਲਵਿੰਦਰ ਦੇ ਨਾਨਕੇ ਮੁਕਤਸਰ ਜ਼ਿਲੇ ਦੇ ਪਿੰਡ ਧਗਾਣਾ ਹਨ ਅਤੇ ਉਹ ਵਿਆਹਿਆ ਬਠਿੰਡਾ ਨੇੜੇ ਪਿੰਡ ਗੋਨਿਆਣਾ ਵਿਖੇ ਹੈ। ਨਾਨਕੇ ਤੇ ਸਹੁਰੇ ਨੇੜੋਂ-ਨੇੜ ਹਨ। ਪਲਵਿੰਦਰ ਤੇ ਖੁਸ਼ਵਿੰਦਰ ਕੌਰ ਦੇ ਇਕ ਬੇਟਾ ਤੇ ਇਕ ਬੇਟੀ ਹੈ। ਬੇਟੀ ਬਨਮੀਤ 10 ਵਰ੍ਹਿਆਂ ਦੀ ਹੈ ਅਤੇ ਬੇਟਾ ਬਿਲਾਵਨ ਛੇ ਵਰ੍ਹਿਆਂ ਦਾ ਹੈ। ਦੋਵੇਂ ਹੀ ਪਰਿਵਾਰ ਦੀ ਵਿਰਾਸਤ ਅਨੁਸਾਰ ਅਖਾੜੇ ਵਿੱਚ ਕੁਸ਼ਤੀ ਸਿੱਖਦੇ ਹਨ। ਪਲਵਿੰਦਰ ਨੂੰ ਜਦੋਂ ਪੁੱਛਿਆ ਗਿਆ ਕਿ ਬੱਚਿਆਂ ਨੂੰ ਕਿਹੜੀ ਖੇਡ ਵਿੱਚ ਪਾਉਣਾ ਹੈ ਤਾਂ ਉਸ ਦਾ ਸਿੱਧਾ ਤੇ ਸਪੱਸ਼ਟ ਜਵਾਬ ਸੀ, ''ਕੁਸ਼ਤੀ, ਕੁਸ਼ਤੀ ਤੋਂ ਬਿਨਾਂ ਹੋਰ ਕੁਝ ਆਂਦਾ ਹੀ ਨਹੀਂ।''

ਵੀਹ ਵਰ੍ਹਿਆਂ ਦੀ ਉਮਰੇ ਪਲਵਿੰਦਰ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਨ ਤੋਂ ਬਾਅਦ ਆਪਣੇ ਮਾਤਾ-ਪਿਤਾ ਨਾਲ

rajwinder kaur

This news is Content Editor rajwinder kaur