ਕ੍ਰਿਕਟ ਦੇ ਮੈਦਾਨ ''ਤੇ ਇਕ ਹੋਰ ਹਾਦਸਾ, ਖਿਡਾਰੀ ਹਸਪਤਾਲ ''ਚ ਦਾਖਲ

02/12/2019 4:34:28 PM

ਸਪੋਰਟਸ ਡੈਸਕ— ਪਿਛਲੇ ਕੁਝ ਦਿਨਾਂ ਤੋਂ ਕ੍ਰਿਕਟ ਦੇ ਮੈਦਾਨ 'ਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲ ਰਿਹਾ ਹੈ। ਕੱਲ (ਸੋਮਵਾਰ) ਬੰਗਾਲ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਕੋਲਕਾਤਾ ਦੇ ਈਡਨ ਗਾਰਡਨ 'ਚ ਸਈਅਦ ਮੁਸ਼ਤਾਕ ਅਲੀ ਟਰਾਫੀ ਟਵੰਟੀ-20 ਟੂਰਨਾਮੈਂਟ ਦੇ ਅਭਿਆਸ ਮੈਚ ਦੇ ਦੌਰਾਨ ਮੱਥੇ 'ਤੇ ਗੇਂਦ ਲੱਗਣ ਦੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ 'ਚ ਖਿਡਾਰੀ ਦੇ ਨਾਲ ਹਾਦਸਾ ਹੋ ਗਿਆ। ਤੀਜੇ ਦਿਨ ਮੈਚ ਦੇ ਦੌਰਾਨ ਵੈਸਟਇੰਡੀਜ਼ ਦੇ ਆਲ ਰਾਊਂਡਰ ਕੀਮੋ ਪਾਲ ਸੱਟ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੂੰ ਸਟ੍ਰੈਚਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ

ਤੇਜ਼ ਗੇਂਦਬਾਜ਼ ਸ਼ੈਨਨ ਗੈਬ੍ਰੀਅਲ ਚੌਥਾ ਓਵਰ ਕਰ ਰਹੇ ਸਨ। ਇਸ ਦੌਰਾਨ ਇੰਗਲੈਂਡ ਦੇ ਜੋ ਡੇਨਲੀ ਨੇ ਕਵਰ-ਡ੍ਰਾਈਵ ਵੱਲ ਸ਼ਾਟ ਖੇਡਿਆ। ਗੇਂਦ ਨੂੰ ਫੜਨ ਦੀ ਕੋਸ਼ਿਸ 'ਚ ਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੈਦਾਨ 'ਤੇ ਡਿੱਗ ਪਏ। ਸੱਟ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਸਟ੍ਰੈਚਰ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਲਿਜਾਉਣਾ ਪਿਆ। ਵੈਸਟਇੰਡੀਜ਼ ਕ੍ਰਿਕਟ ਸਟਾਫ ਦੇ ਮੁਤਾਬਕ ਪਾਲ ਨੂੰ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦੇ ਪੈਰ ਦਾ ਸਕੈਨ ਕਰਾਇਆ ਜਾਵੇਗਾ।

ਮਾਰਕ ਵੁੱਡ (41 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਮੋਈਨ ਅਲੀ (36 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਹੀ ਇੰਗਲੈਂਡ ਵੈਸਟਇੰਡੀਜ਼ ਨੂੰ ਪਹਿਲੀ ਪਾਰੀ 'ਚ 154 ਦੌੜਾਂ 'ਤੇ ਆਊਟ ਕਰ ਸਕਿਆ ਅਤੇ 123 ਦੌੜਾਂ ਦੀ ਲੀਡ ਹਾਸਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਦੀ ਵਨ ਡੇ ਅਤੇ ਟੀ-20 ਕੌਮਾਂਤਰੀ ਸੀਰੀਜ਼ ਦੇ ਲਈ ਚੁਣੀ ਗਈ ਟੀਮ 'ਚ ਸ਼ਾਮਲ ਨਾਥਨ ਕੂਲਟਰ ਨਾਈਲ ਸ਼ਨੀਵਾਰ ਨੂੰ ਬਿੱਗ ਬੈਸ਼ ਲੀਗ ਮੈਚ ਦੇ ਦੌਰਾਨ ਮੈਦਾਨ 'ਤੇ ਚੱਕਰ ਆਉਣ ਦੇ ਸ਼ਿਕਾਰ ਹੋ ਗਏ ਅਤੇ ਮੈਦਾਨ 'ਤੇ ਡਿੱਗ ਗਏ। ਇਸ ਤੋਂ ਇਲਾਵਾ ਕੈਨਬਰਾ ਦੀ ਪਿੱਚ 'ਤੇ ਫਰਵਰੀ ਮਹੀਨੇ ਦੀ ਸ਼ੁਰੂਆਤ 'ਚ ਸ਼੍ਰੀਲੰਕਾ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਦੇ ਦੌਰਾਨ ਆਸਟਰੇਲੀਆਈ ਗੇਂਦਬਾਜ਼ ਪੈਟ ਕਮਿੰਸ ਦੀ ਇਕ ਬਾਊਂਸਰ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਦੀ ਗਰਦਨ 'ਤੇ ਜਾ ਲੱਗੀ ਸੀ ਅਤੇ ਮੈਡੀਕਲ ਸਟਾਫ ਉਨ੍ਹਾਂ ਨੂੰ ਸਟ੍ਰੈਚਰ ਦੀ ਮਦਦ ਨਾਲ ਇਲਾਜ ਲਈ ਲੈ ਗਏ ਸੀ।

Tarsem Singh

This news is Content Editor Tarsem Singh