ਕਸ਼ਿਅਪ ਨੇ ਟਾਪ ਸੀਡ ਨੂੰ ਹਰਾਇਆ, ਪ੍ਰਣਯ ਤੇ ਸਮੀਰ ਨੇ ਵੀ ਕੀਤੀ ਜਿੱਤ ਹਾਸਲ

07/20/2017 4:24:08 PM

ਐਨਾਇਮ — ਦੂਜੇ ਸੀਡ ਐੱਚ. ਐੱਸ. ਪ੍ਰਣਯ ਤੋਂ ਬਾਅਦ ਵਾਪਸੀ ਕਰ ਰਹੇ 5ਵੇਂ ਸੀਡ ਸਮੀਰ ਵਰਮਾ ਅਤੇ ਪਰੁਪੱਲੀ ਕਸ਼ਿਅਪ ਨੇ ਕੈਲੀਫੋਰਨੀਆ 'ਚ ਚਲ ਰਹੇ ਯੂ. ਐੱਸ. ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਕੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਭਾਰਤੀ ਖਿਡਾਰੀਆਂ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਮੁਕਾਬਲਿਆਂ 'ਚ ਚੰਗੀ ਸ਼ੁਰੂਆਤ ਕੀਤੀ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਕਸ਼ਿਅਪ ਨੇ ਚੋਟੀ ਦਰਜਾ ਹਾਸਲ ਕੋਰੀਆਈ ਖਿਡਾਰੀ ਲੀ ਹਿਊਨ ਨੂੰ 3 ਸੈੱਟਾਂ ਦੇ ਜਬਰਦਸਤ ਮੁਕਾਬਲੇ 'ਚ 21-16, 10-21, 21-19 ਨਾਲ ਇਕ ਘੰਟੇ 3 ਮਿੰਟ 'ਚ ਉਲਟਫੇਰ ਦਾ ਸ਼ਿਕਾਰ ਬਣਾ ਕੇ ਦੂਜੇ ਦੌਰ 'ਚ ਜਗ੍ਹਾ ਪ੍ਰਵੇਸ਼ ਕਰ ਲਿਆ। ਵਿਸ਼ਵ 'ਚ 59ਵੀਂ ਰੈਂਕਿੰਗ ਦੇ ਕਸ਼ਿਅਪ ਅਤੇ 15ਵੀਂ ਰੈਂਕਿੰਗ ਦੇ ਹਿਊਨ ਵਿਚਾਲੇ ਇਹ 6ਵੀਂ ਭਿੜਤ ਸੀ, ਜਿਸ 'ਚ ਗੈਰ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ ਜਿੱਤ ਦਰਜ ਕਰ ਕੇ ਹੁਣ ਕੋਰੀਆਈ ਖਿਡਾਰੀ ਖਿਲਾਫ ਆਪਣਾ ਰਿਕਾਰਡ 3-3 ਨਾਲ ਬਰਾਬਰ ਕਰ ਲਿਆ ਹੈ। ਉਨ੍ਹਾਂ ਦਾ ਅਗਲਾ ਮੈਚ ਹੰਗਰੀ ਦੇ ਗੇਰਗਲੀ ਕ੍ਰਾਜ ਨਾਲ ਹੋਵੇਗਾ। ਸਿੰਗਲਜ਼ ਦੇ  ਬਾਕੀ ਮੈਚਾਂ 'ਚ ਹਰਸ਼ੀਲ ਦਾਨੀ, ਪ੍ਰਣਯ ਅਤੇ ਸਮੀਰ ਨੇ ਵੀ ਆਪਣੇ-ਆਪਣੇ ਮੈਚ ਜਿੱਤ ਕੇ ਦੂਜੇ ਦੌਰ ਦਾ ਟਿਕਟ ਕਟਾ ਲਿਆ ਹੈ। ਦਾਨੀ ਨੇ ਮੈਕਸੀਕੋ ਦੇ ਆਰਟੂਰੋ ਹੇਰਾਨਡੇਜ ਨੂੰ ਸਿਰਫ 23 ਮਿੰਟ 'ਚ 21-13, 21-9 ਨਾਲ ਇਕਤਰਫਾ ਅੰਦਾਜ਼ 'ਚ ਹਰਾ ਦਿੱਤਾ।  ਪ੍ਰਣਯ ਨੇ ਆਸਟ੍ਰੀਆ ਦੇ ਲੂਕਾ ਰੈਬਰ ਨੂੰ 21-12, 21-16 ਨਾਲ ਅਤੇ 5ਵਾਂ ਦਰਜਾ ਪ੍ਰਾਪਤ ਸਮੀਰ ਨੇ ਵਿਅਤਨਾਮ ਦੇ ਹੁਆਂਗ ਐਨਗੁਇਨ ਨੂੰ ਸਿਰਫ 20 ਮਿੰਟ 'ਚ 21-5, 21-10 ਨਾਲ ਹਰਾ ਦਿੱਤਾ।