ਕਾਰਯਾਕਿਨ ਨੇ ਪਲਟੀ ਬਾਜ਼ੀ, ਕਾਰੂਆਨਾ ਨੂੰ ਹਰਾਇਆ

03/26/2018 4:10:23 PM

ਬਰਲਿਨ/ਜਰਮਨੀ (ਬਿਊਰੋ)—ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫਿਡੇ ਕੈਂਡੀਡੇਟ ਸ਼ਤਰੰਜ-2018 ਵਿਚ ਰਾਊਂਡ-12 ਸਭ ਤੋਂ ਵੱਡੇ ਉਲਟਫੇਰ ਲੈ ਕੇ ਆਇਆ। ਹੁਣ ਤਕ ਸਭ ਤੋਂ ਅੱਗੇ ਚੱਲ ਰਹੇ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੂੰ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੇ ਸੇਰਗੀ ਕਾਰਯਾਕਿਨ ਨੇ ਹਰਾਉਂਦੇ ਹੋਏ ਚੈਂਪੀਅਨਸ਼ਿਪ ਦੇ ਸਾਰੇ ਸਮੀਕਰਨ ਪਲਟ ਦਿੱਤੇ। ਇਸ ਦੇ ਨਾਲ ਹੀ ਹੁਣ ਉਹ ਵੀ ਫੇਬਿਆਨੋ ਨਾਲ 7 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਆ ਗਿਆ ਹੈ। 
ਅਜਿਹੀ ਹਾਲਤ ਵਿਚ ਜਦੋਂ ਉਸ ਨੇ ਫੇਬਿਆਨੋ ਵਿਰੁੱਧ ਆਪਣੇ ਖੇਡੇ ਦੋਵਾਂ ਮੈਚਾਂ ਵਿਚ 1.5 ਅੰਕ ਬਣਾਏ ਹਨ ਤਾਂ ਟਾਈਬ੍ਰੇਕ ਵਿਚ ਵੀ ਉਸ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ।
ਇਕ ਹੋਰ ਨਤੀਜੇ ਵਿਚ ਅਜਰਬੈਜਾਨ ਦੇ ਮਮੇਘਾਰੋਵ ਨੂੰ ਚੀਨ ਦੇ ਡੀਂਗ ਲੀਰੇਨ ਨੇ ਹਰਾ ਦਿੱਤਾ। ਹੋਰਨਾਂ 2 ਮੈਚਾਂ ਵਿਚ ਰੂਸ ਦੇ ਅਲੈਕਜ਼ੈਂਡਰ ਗ੍ਰੀਸ਼ਚੁਕ ਨੇ ਅਰਮੀਨੀਆ ਦੇ ਲੇਵਾਨ ਅਰੋਨੀਅਨ ਨਾਲ ਤੇ ਰੂਸ ਦੇ ਵਲਾਦੀਮੀਰ ਕ੍ਰਾਮਨਿਕ ਨੇ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਿਆ।