ਸ਼ਾਕਿਬ ਦੇ ਪੰਜੇ ''ਚ ਫਸੇ ਕੰਗਾਰੂ

08/29/2017 2:43:28 AM

ਢਾਕਾ— ਲੈਫਟ ਆਰਮ ਸਪਿਨਰ ਸ਼ਾਕਿਬ ਅਲ ਹਸਨ ਨੇ 68 ਦੌੜਾਂ 'ਤੇ 5 ਵਿਕਟਾਂ ਹਾਸਲ ਕਰਕੇ ਆਸਟ੍ਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸੋਮਵਾਰ  217 ਦੌੜਾਂ 'ਤੇ ਢੇਰ ਕਰ ਕੇ ਮੇਜ਼ਬਾਨ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 43 ਦੌੜਾਂ 'ਤੇ ਬੜ੍ਹਤ ਦਿਵਾ ਦਿੱਤੀ। ਆਸਟ੍ਰੇਲੀਆ ਨੇ 3 ਵਿਕਟਾਂ 'ਤੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਹਿਲੀ ਪਾਰੀ 74.5 ਓਵਰਾਂ ਵਿਚ 217 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 22 ਓਵਰਾਂ 'ਚ ਇਕ ਵਿਕਟ 'ਤੇ 45 ਦੌੜਾਂ ਬਣਾ ਲਈਆਂ, ਜਿਸ ਨਾਲ ਉਸ  ਕੋਲ 88 ਦੌੜਾਂ ਦੀ ਕੁਲ ਬੜ੍ਹਤ ਹੋ ਗਈ ਹੈ। ਤਮੀਮ ਇਕਬਾਲ 30 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ, ਜਦਕਿ ਸੌਮਿਆ ਸਰਕਾਰ 15 ਦੌੜਾਂ ਬਣਾ ਕੇ ਆਊਟ ਹੋਇਆ।


ਕਪਤਾਨ ਸਟੀਵ ਸਮਿਥ ਨੇ ਸਵੇਰੇ ਤਿੰਨ ਦੌੜਾਂ ਤੇ ਓਪਨਰ ਮੈਟ ਰੇਨਸ਼ਾ ਨੇ ਛੇ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਮਿਥ ਜਲਦ ਹੀ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਮੇਹਦੀ ਹਸਨ ਮਿਰਾਜ ਨੇ ਬੋਲਡ ਕੀਤਾ। ਪੀਟਰ ਹੈਂਡਸਕੌਂਬ 33 ਦੌੜਾਂ ਬਣਾ ਕੇ ਤੈਜੁਲ ਇਸਲਾਮ ਦਾ ਸ਼ਿਕਾਰ ਬਣਿਆ। ਰੇਨਸ਼ਾ 45 ਦੌੜਾਂ ਬਣਾਉਣ ਤੋਂ ਬਾਅਦ ਸ਼ਾਕਿਬ ਦੀ ਗੇਂਦ 'ਤੇ ਆਊਟ ਹੋਇਆ।
ਸ਼ਾਕਿਬ ਨੇ ਆਸਟ੍ਰੇਲੀਆ ਦੇ ਹੇਠਲੇਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ। ਗਲੇਨ ਮੈਕਸਵੈੱਲ ਨੇ 23 ਤੇ ਪੈਟ ਕਮਿੰਸ ਨੇ 25 ਦੌੜਾਂ ਬਣਾਈਆਂ। ਨੌਵੇਂ ਨੰਬਰ ਦੇ ਬੱਲੇਬਾਜ਼ ਐਸ਼ਟਨ ਐਗਰ ਨੇ ਅਜੇਤੂ 41 ਦੌੜਾਂ ਬਣਾਈਆਂ ਸਨ। ਸ਼ਾਕਿਬ ਨੇ 25.5 ਓਵਰਾਂ 'ਚ 68 ਦੌੜਾਂ 'ਤੇ ਪੰਜ ਵਿਕਟਾਂ, ਮੇਹਦੀ ਹਸਨ ਨੇ 26 ਓਵਰਾਂ 'ਚ 62 ਦੌੜਾਂ 'ਤੇ ਤਿੰਨ ਵਿਕਟਾਂ ਤੇ ਤੈਜੁਲ ਨੇ 8 ਓਵਰਾਂ 'ਚ 32 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।