SAI ਦੀ ਲਾਪਰਵਾਹੀ ਦੇ ਬਾਵਜੂਦ ਕੰਚਨਮਾਲਾ ਨੇ ਵਿਸ਼ਵ ਪੈਰਾ ਤੈਰਾਕੀ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ

12/08/2017 12:55:37 PM

ਮੈਕਸਿਕੋ, (ਬਿਊਰੋ)— ਮੈਕਸਿਕੋ 'ਚ ਚਲ ਰਹੀ ਵਿਸ਼ਵ ਪੈਰਾ ਤੈਰਾਕੀ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਨਾਗਪੁਰ ਦੀ ਕੰਚਨਮਾਲਾ ਪਾਂਡੇ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੇਤਰਹੀਨ ਕੰਚਨਮਾਲਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤੈਰਾਕ ਬਣ ਗਈ ਹੈ। 26 ਸਾਲਾ ਕੰਚਨਮਾਲਾ ਨੇ ਐੱਸ-11 ਵਰਗ 'ਚ 200 ਮੀਟਰ 'ਚ ਗੋਲਡ ਮੈਡਲ ਜਿੱਤਿਆ ਪਰ ਬ੍ਰੈਸਟਸਟ੍ਰੋਕ ਅਤੇ ਬੈਕਸਟ੍ਰੋਕ ਵਰਗ 'ਚ 100 ਮੀਟਰ 'ਚ ਪੰਜਵੇਂ ਸਥਾਨ 'ਤੇ ਰਹੀ।

ਕੰਚਨਮਾਲਾ ਪਾਂਡੇ ਨੇ ਵਿਸ਼ਵ ਪੈਰਾ ਚੈਂਪੀਅਨਸ਼ਿਪ 'ਚ ਸਵੀਮਿੰਗ 'ਚ ਸੋਨ ਤਮਗਾ ਜਿੱਤਿਆ ਹੈ। ਕੰਚਨਮਾਲਾ ਪਾਂਡੇ ਉਹੀ ਇਕ ਪੈਰਾ ਸਵੀਮਰ ਹੈ ਜੋ ਕੁਝ ਮਹੀਨੇ ਪਹਿਲਾਂ ਸੁਰਖੀਆਂ 'ਚ ਆਈ ਸੀ ਕਿ ਉਨ੍ਹਾਂ ਨੇ ਭਾਰਤ ਤੋਂ ਬਾਹਰ ਪੈਸੇ ਉਧਾਰ ਲੈ ਕੇ ਸਵੀਮਿੰਗ ਕਰਨੀ ਪਈ ਸੀ ਅਤੇ ਭਾਰਤੀ ਖੇਡ ਅਥਾਰਿਟੀ (ਐੱਸ.ਏ.ਆਈ.) ਨੇ ਉਨ੍ਹਾਂ ਨੂੰ ਖਰਚੇ ਲਈ ਪੈਸੇ ਨਹੀਂ ਦਿੱਤੇ ਹਾਲਾਂਕਿ ਅਥਾਰਿਟੀ ਨੇ ਉਨ੍ਹਾਂ ਨੂੰ ਸਪਾਂਸਰ ਕਰਨਾ ਸੀ। ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਵੀ ਦਿੱਤਾ ਗਿਆ ਪਰ ਪਰ ਪੈਰਾਲੰਪਿਕ ਕਮੇਟੀ ਆਫ ਇੰਡਆ (ਪੀ.ਸੀ.ਆਈ.) ਨੇ ਕਿਹਾ ਕਿ ਉਹ ਉਸ ਨੂੰ ਪੈਸੇ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੇ ਬੈਂਕ ਖਾਤੇ ਬਲਾਕ ਹਨ। ਉਸ ਨੂੰ 5 ਲੱਖ ਰੁਪਏ ਦਾ ਕਰਜ਼ਾ ਲੈਣਾ ਪਿਆ ਜੋ ਖੁਸ਼ਕਿਸਮਤੀ ਨਾਲ ਇਕ ਦਿਨ 'ਚ ਮਿਲ ਗਿਆ। ਅਥਾਰਿਟੀ ਨੇ ਲਾਪਰਵਾਲੀ ਵਰਤਦੇ ਹੋਏ ਉਸ ਦੀ ਕੋਈ ਮਦਦ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਉਸ ਨੇ ਸੋਨ ਤਮਗਾ ਹਾਸਲ ਕੀਤਾ।