ਸੁਰਸਿੰਘ ''ਚ 14 ਨੂੰ ਪੈਣਗੀਆਂ ਕਬੱਡੀ ਦੀਆਂ ਧਮਾਲਾਂ

04/08/2018 1:54:22 AM

ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਢਿੱਲੋਂ)- ਧੰਨ-ਧੰਨ ਬਾਬਾ ਭਾਈ ਪੁਰਖ ਪਦਾਰਥ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਹਿਲਾ ਕਬੱਡੀ ਕੱਪ 14 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਭੁੱਲਰ, ਪ੍ਰਭਜੋਤ ਸਿੰਘ ਮਿੱਠੂ, ਸਰਪੰਚ ਸਾਜਨਦੀਪ ਸਿੰਘ ਅਤੇ ਜਗਰੂਪ ਸਿੰਘ ਕਾਲੀਆ ਨੇ ਦੱਸਿਆ ਕਿ ਐੱਨ. ਆਰ. ਆਈ. ਵੀਰਾਂ ਕਰਵਿੰਦਰ ਸਿੰਘ ਭੁੱਲਰ ਯੂ. ਐੱਸ. ਏ., ਦਿਲਬਾਗ ਸਿੰਘ ਢਿੱਲੋਂ ਕੈਨੇਡਾ, ਦਵਿੰਦਰ ਸਿੰਘ ਅਟਾਰੀ ਯੂ. ਐੱਸ. ਏ., ਹਾਵਰਦੀਪ ਸਿੰਘ ਯੂ. ਐੱਸ. ਏ., ਅਰਸ਼ ਢਿੱਲੋਂ ਆਸਟਰੇਲੀਆ ਅਤੇ ਬਚਿੱਤਰ ਸਿੰਘ ਯੂ. ਐੱਸ. ਏ. ਆਦਿ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆਪਣੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਕੱਪ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ 'ਚ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ, ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਬੋਹਲੀਆ, ਭਾਈ ਲਖਬੀਰ ਸਿੰਘ ਜੀ ਕਬੱਡੀ ਕੱਪ ਘਰਿਆਲਾ ਅਤੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰਸਿੰਘ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਸ਼ੁਰੂ ਹੋਣ ਵਾਲੇ ਇਸ ਕੱਪ ਦਾ ਉਦਘਾਟਨ ਬਾਬਾ ਬਿਧੀ ਚੰਦ ਸੰਪਰਦਾ ਦੇ ਗੱਦੀਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਕਰਨਗੇ।
ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 45 ਹਜ਼ਾਰ ਰੁਪਏ ਨਕਦ ਦਿੱਤਾ ਜਾਵੇਗਾ ਜਦਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 35 ਹਜ਼ਾਰ, ਤੀਜੇ ਸਥਾਨ ਵਾਲੀ ਨੂੰ 29 ਹਜ਼ਾਰ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਜੱਜ ਮਾਨ ਸੁਰਸਿੰਘ, ਬਚਿੱਤਰ ਸਿੰਘ ਸ਼ਾਹ, ਮਨਦੀਪ ਸਿੰਘ ਸ਼ਾਹ, ਸੰਦੀਪ ਸਿੰਘ ਕਾਲੀਆ ਅਤੇ ਗੁਰਬਰਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।