ਕੈਨੇਡਾ ''ਚ ਕਬੱਡੀਆਂ ਪਾਉਣ ਗਏ ਅਨੇਕਾਂ ਪੰਜਾਬੀ ਨਹੀਂ ਪਰਤੇ ਪੰਜਾਬ

12/22/2018 6:00:43 PM

ਪੰਜਾਬ : ਭਾਰਤ ਤੋਂ ਕੌਮਾਂਤਰੀ ਕਬੱਡੀ ਟੂਰਨਾਮੈਂਟਾਂ `ਚ ਖੇਡਣ ਲਈ ਸਾਲ 2015 ਤੋਂ 2017 ਦੌਰਾਨ ਕੈਨੇਡਾ ਗਏ 47% ਖਿਡਾਰੀ ਅਜੇ ਤੱਕ ਵਤਨ ਨਹੀਂ ਪਰਤੇ ਹਨ। ਅਜਿਹਾ ਕਰਨ ਵਾਲੇ ਵੱਧ ਗਿਣਤੀ ਦੇ ਖਿਡਾਰੀ ਪੰਜਾਬ ਤੋਂ ਹੀ ਹਨ। ਉਹ ਇੱਕ ਵਾਰ ਕਬੱਡੀ ਟੂਰਨਾਮੈਂਟਾਂ `ਚ ਭਾਗ ਲੈਣ ਲਈ ਗਏ ਪਰ ਫਿਰ ਕਦੇ ਵਤਨ ਨਹੀਂ ਪਰਤੇ ਅਤੇ ਉਹ ਹਮੇਸ਼ਾ ਲਈ ਕੈਨੇਡਾ `ਚ ਹੀ ਰਹਿਣ ਲੱਗ ਗਏ। ਅਜਿਹੇ 'ਚ ਉਹ ਪੰਜਾਬੀ ਖਿਡਾਰੀ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਦਾ ਵਰਕ-ਪਰਮਿਟ ਵੀ ਲੈ ਲੈਂਦੇ ਹਨ। ਇਹ ਟੂਰਨਾਮੈਂਟ ਜਿ਼ਆਦਾਤਰ ਸਰਕਲ-ਸਟਾਈਲ ਕਬੱਡੀ ਦੇ ਹੀ ਹੁੰਦੇ ਹਨ। ਪੰਜਾਬ `ਚ ਜਿ਼ਆਦਾਤਰ ਇਸੇ ਸਟਾਈਲ ਦੀ ਕਬੱਡੀ ਖੇਡਣ ਦਾ ਰਿਵਾਜ ਹੈ।

ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ 261 ਖਿਡਾਰੀ ਕੈਨੇਡਾ ਗਏ, ਜਿਨ੍ਹਾਂ `ਚੋਂ 53 ਫ਼ੀਸਦੀ ਮਤਲਬ 138 ਹੀ ਵਤਨ ਪਰਤੇ। ਕੁੱਲ 123 ਖਿਡਾਰੀ ਕੈਨੇਡਾ ਤੋਂ ਭਾਰਤ ਨਹੀਂ ਪਰਤੇ। ਇਹ ਪ੍ਰਗਟਾਵਾ ਇੱਕ ਰਸਾਲੇ ‘ਲੈਕਸਬੇਸ` ਵੱਲੋਂ ਪਿੱਛੇ ਜਿਹੇ ਇਮੀਗ੍ਰੇਸ਼ਨ ਕੈਨੇਡਾ ਦੇ ਇੱਕ ਸਰਵੇ ਦੇ ਹਵਾਲੇ ਨਾਲ ਕੀਤਾ ਗਿਆ ਹੈ। ਕੈਨੇਡਾ ਰਹਿਣਾ ਪਸੰਦ ਕਰਨ ਵਾਲੇ ਖਿਡਾਰੀਆਂ ਵਿੱਚੋਂ 67 ਨੇ ਵਰਕ ਪਰਮਿਟ ਵੀ ਲੈ ਲਏ ਹਲ, ਤਿੰਨ ਨੇ ਸ਼ਰਨਾਰਥੀ ਵਜੋਂ ਪਨਾਹ ਲੈ ਲਈ ਹੈ; ਜਦ ਕਿ 53 ਖਿਡਾਰੀਆਂ ਬਾਰੇ ਅਜੇ ਤੱਕ ਕੁਝ ਪਤਾ ਹੀ ਨਹੀਂ ਲੱਗ ਸਕਿਆ।

ਉਸ ਰਿਪੋਰਟ ਮੁਤਾਬਕ ਇਕੱਲੇ ਸਾਲ 2017 ਦੌਰਾਨ ਚਾਰ ਫ਼ੈਡਰੇਸ਼ਨਾਂ ਲਈ 78 ਕਬੱਡੀ ਖਿਡਾਰੀਆਂ ਦੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਸਨ। ਉਨ੍ਹਾਂ ਵਿੱਚੋਂ ਸਿਰਫ਼ 48 ਮਤਲਬ 62 ਫ਼ੀਸਦੀ ਹੀ ਵਾਪਸ ਗਏ ਤੇ ਉਨ੍ਹਾਂ `ਚੋਂ 23 ਮਤਲਬ 30 ਫ਼ੀਸਦੀ ਖਿਡਾਰੀਆਂ ਨੇ ਵਰਕ ਪਰਮਿਟ ਲੈ ਲਿਆ, 6 ਜਣਿਆਂ ਦਾ ਕੁਝ ਪਤਾ ਨਹੀਂ ਤੇ ਇੱਕ ਖਿਡਾਰੀ ਨੂੰ ਸ਼ਰਨਾਰਥੀ ਵਜੋਂ ਪਨਾਹ ਮਿਲ ਗਈ। ਸਾਲ 2015 ਦੌਰਾਨ ਕਬੱਡੀ ਖਿਡਾਰੀਆਂ ਦੀ ਵਾਪਸੀ ਦੀ ਦਰ 42 ਫ਼ੀਸਦੀ ਰਹੀ ਤੇ 2017 `ਚ ਇਹ 62 ਫ਼ੀਸਦੀ ਸੀ। ਸਾਲ 2015 ਦੌਰਾਨ 21 ਫ਼ੀਸਦੀ ਨੇ ਵਰਕ ਪਰਮਿਟ ਲਿਆ ਤੇ 2017 ਦੌਰਾਨ ਇਹ ਫ਼ੀਸਦ 30 ਰਹੀ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਤੋਂ ਨਾ ਪਰਤਣ ਵਾਲੇ ਜਿ਼ਆਦਾਤਰ ਖਿਡਾਰੀ ਨੌਜਵਾਨ, ਅਣਵਿਆਹੇ ਅਤੇ ਬੇਰੋਜ਼ਗਾਰ ਹੁੰਦੇ ਹਨ। ਰਿਪੋਰਟ `ਚ ਲਿਖਿਆ ਗਿਆ ਹੈ ਕਿ ਕਬੱਡੀ ਜਿਹੀ ਖੇਡ ਨਾਲ ਜੁੜੇ ਖਿਡਾਰੀਆਂ ਦੇ ਹੁਨਰ ਨੂੰ ਨਾਪਣ ਦਾ ਕੋਈ ਪੈਮਾਨਾ ਨਹੀਂ ਹੈ। ਇਸੇ ਲਈ ਕੁਝ ਗ਼ਲਤ ਤਰੀਕੇ ਤੇ ਧੋਖਾਧੜੀ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ। ਕੈਨੇਡਾ `ਚ ਹਾਲੇ ਤੱਕ ਕਬੱਡੀ ਖਿਡਾਰੀਆਂ ਦੀਆਂ ਅਰਜ਼ੀਆਂ `ਚੋਂ ਇਹ ਪਤਾ ਲਾਉਣ ਦਾ ਕੋਈ ਸਿਸਟਮ ਵਿਕਸਤ ਨਹੀਂ ਕੀਤਾ ਜਾ ਸਕਿਆ ਕਿ ਕਿਹੜਾ ਖਿਡਾਰੀ ਧੋਖਾਧੜੀ ਕਰ ਰਿਹਾ ਹੈ ਤੇ ਕਿਹੜਾ ਖਿਡਾਰੀ ਜਾਇਜ਼ ਹੈ।