ਇੰਗਲੈਂਡ ਨੂੰ 3 ਵਾਰ ਵਰਲਡ ਚੈਂਪੀਅਨ ਬਣਾਉਣ ਵਾਲੀ ਇਸ ਦਿੱਗਜ ਆਲਰਾਊਂਡਰ ਨੇ ਲਿਆ ਸੰਨਿਆਸ

10/16/2019 3:08:42 PM

ਸਪੋਰਟਸ ਡੈਸਕ— ਇੰਗਲੈਂਡ ਦੀ ਟੀਮ ਨੂੰ ਤਿੰਨ ਵਾਰ ਵਰਲਡ ਕੱਪ ਜਿਤਾਉਣ ਵਾਲੀ ਦਿੱਗਜ ਮਹਿਲਾ ਆਲਰਾਊਂਡਰ ਜੇਨੀ ਗੁਨ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਸੱਟਾਂ ਦਾ ਸ਼ਿਕਾਰ ਹੋ ਰਹੀ ਜੇਨੀ ਗੁਨ ਨੂੰ ਆਖਰਕਾਰ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ। ਬੀਤੇ ਦਿਨ ਮੰਗਲਵਾਰ ਨੂੰ ਜੇਨੀ ਗੁਨ ਨੇ 33 ਸਾਲ ਦੀ ਉਮਰ 'ਚ ਆਪਣੇ ਇਸ ਵੱਡੇ ਫੈਸਲੇ ਦਾ ਐਲਾਨ ਕੀਤਾ।

15 ਸਾਲ ਦਾ ਕ੍ਰਿਕਟ ਕਰੀਅਰ
ਮਹਿਲਾ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਜੇਨੀ ਗੁਨ ਦੂਜੀ ਇੰਗਲਿਸ਼ ਖਿਡਾਰਣ ਹੈ। ਜੇਨੀ ਗੁਨ ਦਾ ਅੰਤਰਰਾਸ਼ਟਰੀ ਕਰੀਅਰ ਕਰੀਬ 15 ਸਾਲ ਦਾ ਰਿਹਾ ਹੈ, ਜਿਸ 'ਚ ਉਨ੍ਹਾਂ ਨੇ 259 ਅੰਤਰਰਾਸ਼ਟਰੀ ਮੈਚ ਖੇਡੇ ਹਨ।  ਜੇਨੀ ਗੁਨ 100 ਟੀ20 ਇੰਟਰਨੈਸ਼ਨਲ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਹੈ ਉਥੇ ਹੀ ਟੀ20 ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਇੰਗਲੈਂਡ ਦੀ ਤੀਜੀ ਖਿਡਾਰਨ ਹੈ। ਇਸ ਤੋਂ ਇਲਾਵਾ ਵਨ-ਡੇ ਇੰਟਰਨੈਸ਼ਨਲ ਕ੍ਰਿਕਟ 'ਚ ਇਹ ਕਮਾਲ ਕਰਨ ਵਾਲੀ ਉਹ ਇੰਗਲੈਂਡ ਦੀ ਦੂਜੀ ਮਹਿਲਾ ਖਿਡਾਰਨ ਵੀ ਬਣੀ ਹੈ। ਦਿੱਗਜ ਆਲਰਾਊਂਡਰ ਜੇਨੀ ਗੁਨ ਦੇ ਕ੍ਰਿਕਟ ਕਰੀਅਰ ਨਾਲ ਜੁੜੀ ਖਾਸ ਗੱਲ ਇਹ ਹੈ ਕਿ ਉਸ ਦੇ ਟੀਮ 'ਚ ਰਹਿੰਦੇ ਹੋਏ ਇੰਗਲਿਸ਼ ਮਹਿਲਾ ਕ੍ਰਿਕਟ ਟੀਮ ਤਿੰਨ ਵਾਰ ਵਿਸ਼ਵ ਜੇਤੂ ਬਣੀ ਹੈ।

18 ਸਾਲ ਦੀ ਉਮਰ 'ਚ ਕੀਤਾ ਡੈਬਿਊ
ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਜੇਨੀ ਗੁਨ ਨੇ ਸਾਲ 2004 'ਚ ਇੰਗਲੈਂਡ ਮਹਿਲਾ ਟੀਮ ਲਈ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਦੱ. ਅਫਰੀਕਾ ਖਿਲਾਫ ਜੇਨੀ ਗੁਨ ਨੇ ਸਿਰਫ਼ 18 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਿਆ ਸੀ। ਜਿਸ ਮੁਕਾਬਲੇ 'ਚ ਜੇਨੀ ਗੁਨ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਿਆ ਉਹ ਇੰਗਲੈਂਡ ਮਹਿਲਾ ਟੀਮ ਦਾ ਪਹਿਲਾ ਟੀ20 ਇੰਟਰਨੈਸ਼ਨਲ ਮੈਚ ਸੀ।

ਜੇਨੀ ਦਾ ਅੰਤਰਰਾਸ਼ਟਰੀ ਕਰੀਅਰ
ਜੇਨੀ ਗੁਨ ਨੇ ਆਪਣੀ ਟੀਮ ਲਈ 11 ਟੈਸਟ ਮੈਚ ਖੇਡੇ ਹਨ। ਇਨ੍ਹਾਂ 11 ਟੈਸਟ ਮੈਚਾਂ 'ਚ ਜੇਨੀ ਗੁਨ ਦੇ ਬੱਲੇ 'ਚੋਂ 391 ਦੌੜਾਂ ਨਿਕਲੀਆਂ ਹਨ, ਜਦ ਕਿ 29 ਵਿਕਟਾਂ ਉਨ੍ਹਾਂ ਨੇ ਆਪਣੇ ਨਾਂ ਕੀਤੀਆਂ ਹਨ। ਉਥੇ ਹੀ 144 ਵਨ-ਡੇ ਇੰਟਰਨੈਸ਼ਨਲ ਮੈਚਾਂ 'ਚ ਜੇਨੀ ਗੁਨ ਨੇ 1629 ਦੌੜਾਂ ਦੇ ਨਾਲ-ਨਾਲ 136 ਵਿਕਟਾਂ ਵੀ ਆਪਣੇ ਨਾਂ ਕੀਤੀਆਂ ਹਨ। ਇੰਟਨੈਸ਼ਨਲ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਜੇਨੀ ਗੁਨ ਨੇ 104 ਮੈਚਾਂ 'ਚ 682 ਦੌੜਾਂ ਤੋਂ ਇਲਾਵਾ 75 ਵਿਕਟਾਂ ਵੀ ਹਾਸਲ ਕੀਤੀਆਂ ਹਨ।