ਭਾਰਤ ਦੀ ਖ਼ਰਾਬ ਬੱਲੇਬਾਜ਼ੀ ’ਤੇ ਬੁਮਰਾਹ ਨੇ ਕਿਹਾ- ਕਿਸੇ ’ਤੇ ਦੋਸ਼ ਨਹੀਂ ਲਾਉਣਾ ਚਾਹੁੰਦਾ

03/01/2020 3:20:20 PM

ਕ੍ਰਾਈਸਟਚਰਚ— ਭਾਰਤੀ ਗੇਂਦਬਾਜ਼ਾਂ ਦੇ ਦੂਜੇ ਟੈਸਟ ’ਚ ਚੰਗੇ ਪ੍ਰਦਰਸ਼ਨ ਦਾ ਬੱਲੇਬਾਜ਼ ਲਾਹਾ ਲੈਣ ’ਚ ਅਸਫਲ ਰਹੇ ਪਰ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ ਇਸ ਦੇ ਲਈ ਕਿਸੇ ’ਤੇ ਦੋਸ਼ ਨਹੀਂ ਲਾਉਣਾ ਚਾਹੁੰਦੇ। ਬੁਮਰਾਹ ਅਤੇ ਮੁਹੰਮਦ ਸ਼ੰਮੀ ਨੇ ਮਿਲ ਕੇ 7 ਵਿਕਟਾਂ ਝਟਕਾਈਆਂ ਜਿਸ ਨਾਲ ਨਿਊਜ਼ੀਲੈਂਡ ਦੀ ਟੀਮ 235 ਦੌੜਾਂ ’ਤੇ ਸਿਮਟ ਗਈ ਪਰ ਭਾਰਤ ਨੇ ਵੀ ਇਸ ਦੇ ਬਾਅਦ ਦੂਜੀ ਪਾਰੀ ’ਚ 90 ਦੌੜਾਂ ਤਕ 6 ਵਿਕਟਾਂ ਗੁਆ ਦਿੱਤੀਆਂ। ਭਾਰਤ ’ਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਉਸ ਦਾ ਵਾਧਾ ਸਿਰਫ 97 ਦੌੜਾਂ ਦਾ ਹੈ। 

ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਦਾ ਬਚਾਅ ਕਰਦੇ ਹੋਏ ਬੁਮਰਾਹ ਨੇ ਕਿਹਾ, ‘‘ਦੇਖੋ, ਅਸੀਂ ਕਿਸੇ ’ਤੇ ਦੋਸ਼ ਨਹੀਂ ਲਾਉਣਾ ਚਾਹੁੰਦੇ। ਸਾਡਾ ਟੀਮ ਕਲਚਰ ’ਚ ਅਸੀਂ ਕਿਸੇ ’ਤੇ ਵੀ ਦੋਸ਼ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਕਿਸੇ ਦਿਨ ਜੇਕਰ ਗੇਂਦਬਾਜ਼ੀ ਇਕਾਈ ਦੇ ਰੂਪ ’ਚ ਅਸੀਂ ਵਿਕਟ ਹਾਸਲ ਨਹੀਂ ਕਰੇ ਤਾਂ ਇਹ ਬੱਲੇਬਾਜ਼ਾਂ ਨੂੰ ਹੱਕ ਨਹੀਂ ਦਿੰਦਾ ਕਿ ਉਹ ਸਾਡੇ ਬਾਰੇ ਗੱਲ ਕਰਨ, ਕੀ ਅਜਿਹਾ ਨਹੀਂ ਹੈ?’’ਬੁਮਰਾਹ ਨੇ ਕਿਹਾ ਕਿ ਉਨ੍ਹਾਂ ਨੂੰ ਰਿਸ਼ਭ ਪੰਤ ਅਤੇ ਹਨੁਮਾ ਦੀਆਂ ਸਮਰਥਾਵਾਂ ’ਤੇ ਭਰੋਸਾ ਹੈ। ਦੁਜੇ ਦਿਨ ਦੀ ਖੇਡ ਖਤਮ ਹੋਣ ’ਤੇ ਵਿਹਾਰੀ ਪੰਜ ਜਦਕਿ ਪੰਤ ਇਕ ਦੌੜ ਬਣਾ ਕੇ ਖੇਡ ਰਹੇ ਹਨ। 

ਨਿਊਜ਼ੀਲੈਂਡ ਦੀ ਪਹਿਲੀ ਪਾਰੀ ’ਚ 62 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਉਣ ਵਾਲੇ ਬੁਮਰਾਹ ੇਨ ਕਿਹਾ, ‘‘ਇਕ ਟੀਮ ਦੇ ਤੌਰ ’ਤੇ ਅਸੀਂ ਸਖ਼ਤ ਟੱਕਰ ਦੇਣਾ ਚਾਹੁੰਦੇ ਹਾਂ ਅਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੰੁਦੇ ਹਾਂ ਪਰ ਹਾਲਾਤ ਸਾਰਿਆਂ ਸਾਹਮਣੇ ਹਨ। ਸਾਡੇ ਦੋ ਬੱਲੇਬਾਜ਼ ਬਚੇ ਹਨ ਅਤੇ ਅਸੀਂ ਕਲ ਵੀ ਪਾਰੀ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਅਤੇ ਸਖ਼ਤ ਮਿਹਨਤ ਕਰ ਸਕਦੇ ਹਾਂ ਅਤੇ ਜਿੰਨਾ ਜ਼ਿਆਦਾ ਹੋਵੇ ਦੌੜਾਂ ਬਣਾ ਸਕਦੇ ਹਾਂ ਅਤੇ ਫਿਰ ਦੇਖਦੇ ਹਾਂ ਕੀ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਇਕ ਇਕਾਈ ਦੇ ਰੂਪ ’ਚ ਅਸੀਂ ਇਕ ਦੂਜੇ ਦੇ ਕਾਫੀ ਕਰੀਬ ਹਾਂ ਅਤੇ ਅਸੀਂ ਸਖ਼ਤ ਮਿਹਨਤ ਕਰਦੇ ਹਾਂ। ਅਸੀਂ ਉਮੀਦ ਤੋਂ ਜ਼ਿਆਦਾ ਵਿਕਟਾਂ ਗੁਆਈਆਂ ਪਰ ਅਸੀਂ ਕਿਸੇ ਨੂੰ ਦੋਸ਼ ਨਹੀਂ ਦਿੰਦੇ ਅਤੇ ਇਕਜੁੱਟ ਰਹਿਣ ਦੀ ਕੋਸ਼ਿਸ਼ ਕਰਦੇ ਹਾਂ।’’

ਬੁਮਰਾਹ ਨੂੰ ਵਨ-ਡੇ ਸੀਰੀਜ਼ ਅਤੇ ਪਹਿਲੇ ਟੈਸਟ ’ਚ ਖ਼ਰਾਬ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਪਤਾ ਹੈ ਕਿ ਉਹ ਚੰਗੀ ਗੇਂਦਬਾਜ਼ੀ ਕਰ ਰਹੇ ਹਨ ਉਦੋਂ ਤਕ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਗੇਂਦਬਾਜ਼ ਨੇ ਕਿਹਾ, ‘‘ਮੈਂ ਨਿੱਜੀ ਪ੍ਰਦਰਸ਼ਨ ’ਤੇ ਧਿਆਨ ਨਹੀਂ ਦਿੰਦਾ। ਤੁਹਾਡਾ ਧਿਆਨ ਪ੍ਰਕਿਰਿਆ ਨੂੰ ਸਹੀ ਰੱਖਣ ’ਤੇ ਹੁੰਦਾ ਹੈ ਅਤੇ ਤੁਸੀਂ ਚੰਗੀ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਕਿਸੇ ਦਿਨ ਮੈਨੂੰ ਵਿਕਟ ਮਿਲਦੇ ਹਨ ਕਿਸੇ ਦਿਨ ਕਿਸੇ ਹੋਰ ਨੂੰ। ਮੇਰਾ ਧਿਆਨ ਹਮੇਸ਼ਾ ਇਸ ’ਤੇ ਹੁੰਦਾ ਹੈ ਕਿ ਕਿ ਮੈਂ ਕੀ ਕਰ ਸਕਦਾ ਹਾਂ।’’

Tarsem Singh

This news is Content Editor Tarsem Singh