ਇਵਾਨਚੁਕ ਪਹੁੰਚਿਆ ਆਖਰੀ-8 ''ਚ

09/15/2017 6:04:20 AM

ਜਾਰਜੀਆ— ਫਿਡੇ ਸ਼ਤਰੰਜ ਵਿਸ਼ਵਕੱਪ-2017 ਦੇ ਚੌਥੇ ਦੌਰ ਦੇ ਸ਼ੁਰੂਆਤੀ ਮੁਕਾਬਲਿਆਂ ਤੋਂ ਬਾਅਦ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਵੇਸਲੀ ਇਵਾਨਚੁਕ ਨੇ ਨੀਦਰਲੈਂਡ ਦੇ ਨੌਜਵਾਨ ਗ੍ਰੈਂਡ ਮਾਸਟਰ ਅਨੀਸ਼ ਗਿਰੀ ਨੂੰ ਹਰਾਉਂਦਿਆਂ 5ਵੇਂ ਦੌਰ ਵਿਚ ਜਗ੍ਹਾ ਬਣਾ ਲਈ। ਇਸ ਦੇ ਨਾਲ ਹੀ ਉਹ ਆਖਰੀ-8 ਵਿਚ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਰਮੀਨੀਆ ਦੇ ਧਾਕੜ ਗ੍ਰੈਂਡਮਾਸਟਰ ਲੇਵੋਨ ਐਰੋਨੀਅਨ ਜਿਹੜਾ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਵਿਚ ਨੰਬਰ-2 ਖਿਡਾਰੀ ਵੀ ਹੈ, ਨੇ ਰੂਸ ਦੇ ਨੌਜਵਾਨ ਖਿਡਾਰੀ ਡੁਬੋਵ ਡੇਨੀਅਲ ਨੂੰ ਹਰਾਉਂਦਿਆਂ 5ਵੇਂ ਦੌਰ ਵਿਚ ਆਪਣੀ ਜਗ੍ਹਾ ਬਣਾ ਲਈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਸ਼ਤਰੰਜ ਚੈਂਪੀਅਨਸ਼ਿਪ ਵਿਚ ਅਜੇ ਤਕ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਫੈਬੀਆਨੋ ਕਾਰੂਆਨਾ, ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਮੈਨਿਕ, ਵਿਸ਼ਵਨਾਥਨ ਆਨੰਦ, ਹਿਕਾਰੂ ਨਾਕਾਮੂਰਾ ਤੇ ਵਿਸ਼ਵ ਬਲਿਟਜ਼ ਜੇਤੂ ਸੇਰਜੀ ਕਰਜ਼ਾਕਿਨ ਵੀ ਬਾਹਰ ਹੋ ਚੁੱਕੇ ਹਨ, ਅਜਿਹੇ ਵਿਚ ਵਿਸ਼ਵ ਵਿਚ ਟਾਪ-10 ਦੇ ਖਿਡਾਰੀਆਂ ਵਿਚ ਲੇਵੋਨ ਐਰੋਨੀਅਨ ਸਭ ਤੋਂ ਮਜ਼ਬੂਤ ਦਾਅਵੇਦਾਰ ਲੱਗ ਰਿਹਾ ਹੈ।
ਭਾਰਤੀ ਕਰ ਰਹੇ ਨੇ ਇਵਾਨਚੁਕ ਦਾ ਸਮਰਥਨ 
ਵਿਸ਼ਵਨਾਥਨ ਆਨੰਦ ਦੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਤੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਦਰਸ਼ਕਾਂ ਦੀਆਂ ਨਜ਼ਰਾਂ ਨੌਜਵਾਨ ਵਿਦਿਤ ਗੁਜਰਾਤੀ ਤੇ ਸੇਥੂਰਮਨ 'ਤੇ ਜਾ ਟਿਕੀਆਂ ਸਨ ਪਰ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਬਾਹਰ ਹੁੰਦੇ ਹੀ ਯੂਕ੍ਰੇਨ ਦੇ 40 ਸਾਲਾ ਗ੍ਰੈਂਡ ਮਾਸਟਰ ਇਵਾਨਚੁਕ ਨੂੰ ਭਾਰਤੀ ਆਪਣਾ ਸਮਰਥਨ ਦੇ ਰਹੇ ਹਨ।  ਜ਼ਿਕਰਯੋਗ ਹੈ ਕਿ ਇਵਾਨਚੁਕ ਆਨੰਦ ਦੇ ਸਮੇਂ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚੋਂ ਗਿਣਿਆ ਜਾਂਦਾ ਹੈ। ਉਹ ਕਦੇ ਕਲਾਸੀਕਲ ਵਿਸ਼ਵ ਚੈਂਪੀਅਨ ਤਾਂ ਨਹੀਂ ਬਣਿਆ ਪਰ ਆਪਣੀ ਖੇਡ ਨਾਲ ਵਿਸ਼ਵ ਚੈਂਪੀਅਨ ਨੂੰ ਵੀ ਪ੍ਰੇਸ਼ਾਨ ਕਰਦਾ ਰਿਹਾ ਹੈ।