ਮੰਦਭਾਗਾ ਰਿਹਾ, ਪਰ ਸਾਰਿਆਂ ਨਾਲ ਅਜਿਹਾ ਹੁੰਦਾ ਹੈ : ਦੇਵੇਂਦਰੋ

08/06/2017 4:09:07 PM

ਨਵੀਂ ਦਿੱਲੀ— ਮੁੱਕੇਬਾਜ਼ ਐਲ. ਦੇਵੇਂਦਰੋ ਪਿਛਲੇ ਦੋ ਸਾਲਾਂ 'ਚ ਅਰਜੁਨ ਪੁਰਸਕਾਰ ਦੇ ਲਈ ਨਾਮਜ਼ਦ ਕੀਤੇ ਜਾ ਚੁੱਕੇ ਹਨ ਪਰ ਆਖਰਕਾਰ ਉਨ੍ਹਾਂ ਨੂੰ ਇਸ ਵਾਰ ਇਸ ਸਨਮਾਨ ਨਾਲ ਨਵਾਜ਼ਿਆ ਜਾਵੇਗਾ ਜਿਸ ਦੇ ਬਾਰੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਦਕਿਸਮਤ ਰਹੇ ਪਰ ਇਸ ਦੁਨੀਆ 'ਚ ਕਿਸ ਦੇ ਨਾਲ ਅਜਿਹਾ ਨਹੀਂ ਹੁੰਦਾ।

ਭਾਰਤੀ ਫੌਜ 'ਚ 25 ਸਾਲਾ ਸੂਬੇਦਾਰ ਇਸ ਸਾਲ ਦੇ 17 ਅਰਜੁਨ ਪੁਰਸਕਾਰ ਦੇ ਲਈ ਚੁਣੇ ਗਏ ਖਿਡਾਰੀਆਂ ਦੀ ਸੂਚੀ 'ਚ ਇਕਮਾਤਰ ਮੁੱਕੇਬਾਜ਼ ਹਨ, ਜਿਸ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਖੇਡ ਮੰਤਰਾਲਾ ਦੀ ਹਰੀ ਝੰਡੀ ਮਿਲਣ ਦੀ ਉਮੀਦ ਹੈ। ਇਸ ਫਲਾਈਵੇਟ ਮੁੱਕੇਬਾਜ਼ ਨੂੰ 2015 ਅਤੇ 2016 'ਚ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਚੋਣ ਕਮੇਟੀ ਦੀ ਮਨਜ਼ੂਰੀ ਨਹੀਂ ਮਿਲ ਸਕੀ ਸੀ। ਦੇਵੇਂਦਰੋ ਨੇ ਇੰਟਰਵਿਊ 'ਚ ਕਿਹਾ ਕਿ ਮੈਂ ਦੋਸ਼ ਲਗਾਉਣ ਅਤੇ ਨਾਰਾਜ਼ ਹੋਣ 'ਚ ਵਿਸ਼ਵਾਸ ਨਹੀਂ ਰਖਦਾ। ਇਕ ਐਥਲੀਟ ਦੇ ਲਈ ਇਹ ਚੰਗਾ ਨਹੀਂ ਹੈ। ਖਿਡਾਰੀ ਹੋਣ ਦਾ ਮਤਲਬ ਹੈ ਕਿ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੋ ਅਤੇ ਇਸ 'ਚ ਮਾਣ ਮਹਿਸੂਸ ਕਰੋ। 

ਉਨ੍ਹਾਂ ਕਿਹਾ ਕਿ ਮੈਂ ਆਸ਼ਾਵਾਦੀ ਹਾਂ, ਕੋਈ ਗੱਲ ਨਹੀਂ ਕਿ ਮੈਨੂੰ ਇਹ ਪੁਰਸਕਾਰ ਪਿਛਲੇ ਸਾਲਾਂ 'ਚ ਨਹੀਂ ਮਿਲਿਆ, ਮੈਨੂੰ ਇਹ ਇਸ ਸਾਲ ਮਿਲ ਗਿਆ ਹੈ। ਮੈਂ ਵਰਤਮਾਨ 'ਚ ਜਿਊਂਦਾ ਹਾਂ ਅਤੇ ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾਧਾਰੀ ਦੇਵੇਂਦਰੋ 2 ਏਸ਼ੀਆਈ ਚੈਂਪੀਅਨਸ਼ਿਪ ਤਮਗੇ (2013 'ਚ ਚਾਂਦੀ ਅਤੇ 2015 'ਚ ਕਾਂਸੀ ਤਮਗੇ) ਜਿੱਤ ਚੁੱਕੇ ਹਨ। 2012 ਲੰਡਨ ਓਲੰਪਿਕ ਖੇਡਾਂ 'ਚ ਉਹ ਕੁਆਰਟਰਫਾਈਨਲ ਤਕ ਪਹੁੰਚੇ ਸਨ।