ਟੀਮ ਲਈ ਕੁਝ ਵੀ ਕਰ ਸਕਦਾ ਹਾਂ- ''ਨੀਂਦ ਤੋਂ ਵਾਂਝੇ'' ਇਸ਼ਾਂਤ ਨੇ ਕਿਹਾ

02/23/2020 12:07:04 PM

ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਪਿਛਲੇ ਦੋ ਦਿਨਾਂ ਵਿਚ ਸਿਰਫ 4 ਘੰਟੇ ਹੀ ਸੌਂ ਸਕਿਆ ਹੈ ਪਰ ਇਸਦਾ ਅਸਰ ਪਹਿਲੇ ਟੈਸਟ ਵਿਚ ਉਸਦੇ ਪ੍ਰਦਰਸ਼ਨ 'ਤੇ ਨਹੀਂ ਪਿਆ ਤੇ ਨਿਊਜ਼ੀਲੈਂਡ ਦੀਆਂ 3 ਵਿਕਟਾਂ ਲੈ ਕੇ ਭਾਰਤ ਨੂੰ ਉਸ ਨੇ ਮੈਚ ਵਿਚ ਬਣਾਈ ਰੱਖਿਆ ਹੈ। 3 ਹਫਤੇ ਪਹਿਲਾਂ ਇਸ਼ਾਂਤ ਰਣਜੀ ਟਰਾਫੀ ਮੈਚ ਵਿਚ ਸੱਟ ਲੱਗਣ ਕਾਰਣ ਇਸ ਲੜੀ ਤੋਂ ਲਗਭਗ ਬਾਹਰ ਹੀ ਹੋ ਚੁੱਕਾ ਸੀ ਪਰ 24 ਘੰਟੇ ਦਾ ਸਫਰ ਕਰ ਕੇ ਉਹ ਇੱਥੇ ਪਹਿਲੇ ਟੈਸਟ ਤੋਂ ਠੀਕ 72 ਘੰਟੇ ਪਹਿਲਾਂ ਪਹੁੰਚਿਆ।  ਉਸ ਨੇ ਕਿਹਾ, ''ਮੈਂ ਦੋ ਦਿਨ ਤੋਂ ਸੁੱਤਾ ਨਹੀਂ ਹਾਂ ਤੇ ਅੱਜ ਕਾਫੀ ਥਕਾਨ ਲੱਗ ਰਹੀ ਸੀ। ਮੈਂ ਜਿਹੋ ਜਿਹੀ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ, ਉਸ ਤਰ੍ਹਾਂ ਨਹੀਂ ਕਰ ਸਕਿਆ ਹਾਂ। ਮੈਨੂੰ ਖੇਡਣ ਲਈ ਕਿਹਾ ਗਿਆ ਤੇ ਮੈਂ ਖੇਡਿਆ। ਟੀਮ ਲਈ ਕੁਝ ਵੀ ਕਰ ਸਕਦਾ ਹਾਂ।'' ਉਸ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਮੈਂ ਆਪਣੀ ਗੇਂਦਬਾਜ਼ੀ ਤੋਂ ਖੁਸ਼ ਨਹੀਂ ਹਾਂ। ਮੈਂ ਆਪਣੇ ਸਰੀਰ ਤੋਂ ਖੁਸ਼ ਨਹੀਂ ਸੀ ਕਿਉਂਕਿ ਪਿਛਲੀ ਰਾਤ ਮੈਂ 40 ਮਿੰਟ ਹੀ ਸੌਂ ਸਕਿਆ ਸੀ। ਟੈਸਟ ਮੈਚ ਤੋਂ ਪਹਿਲਾਂ ਮੈਂ 3 ਘੰਟੇ ਹੀ ਸੌਂ ਸਕਿਆ ਸੀ।''

ਇਸ਼ਾਂਤ ਨੇ ਕਿਹਾ, ''ਸਫਰ ਦੀ ਥਕਾਨ ਤੋਂ ਜਲਦੀ ਉਭਰਨ ਨਾਲ ਤੁਸੀਂ ਮੈਦਾਨ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਦੇ ਹੋ। ਚੰਗੀ ਨੀਂਦ ਤੋਂ ਬਿਹਤਰ ਰਿਕਵਰੀ ਕੁਝ ਨਹੀਂ ਹੈ।''