ਇਸ ਕ੍ਰਿਕਟਰ ਦਾ ਦਾਅਵਾ, ਗੰਭੀਰ ਦਾ ਕਰੀਅਰ ਖਤਮ ਕਰਨ ''ਚ ਮੇਰਾ ਹੱਥ

10/07/2019 11:51:26 AM

ਕਰਾਚੀ : ਪਾਕਿਸਤਾਨੀ ਟੀਮ 'ਚੋਂ ਬਾਹਰ ਚਲ ਰਹੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨੇ ਕਿਹਾ ਕਿ ਕਿਸ ਤਰ੍ਹਾਂ 2012 ਦੀ ਦੋ-ਪੱਖੀ ਸੀਰੀਜ਼ ਦੌਰਾਨ ਗੌਤਮ ਗੰਭੀਰ ਉਸਦਾ ਸਾਹਮਣਾ ਕਰਨ ਤੋਂ ਝਿਝੱਕਦੇ ਸੀ, ਜਿਸ ਤੋਂ ਬਾਅਦ ਭਾਰਤੀ ਸਲਾਮੀ ਬੱਲੇਬਾਜ਼ ਦਾ ਸੀਮਤ ਓਵਰਾਂ ਦਾ ਕ੍ਰਿਕਟ ਕਰੀਅਰ ਜ਼ਿਆਦਾ ਦਿਨ ਤਕ ਨਹੀਂ ਚੱਲਿਆ। ਸੀਮਤ ਓਵਰਾਂ ਦੀ ਇਸ ਸੀਰੀਜ਼ (ਟੀ-20 ਅਤੇ ਵਨ ਡੇ) ਦੌਰਾਨ 7 ਫੁੱਟ ਇਕ ਇੰਚ ਲੰਬੇ ਇਰਫਾਨ ਨੇ ਗੰਭੀਰ ਨੂੰ 4 ਵਾਰ ਆਊਟ ਕੀਤਾ। ਖੱਬੇ ਹੱਥ ਦਾ ਇਹ ਬੱਲੇਬਾਜ਼ (ਗੰਭੀਰ) ਇਸ ਤੋਂ ਬਾਅਦ ਭਾਰਤ ਵੱਲੋਂ ਸਿਰਫ ਇਕ ਹੋਰ ਸੀਰੀਜ਼ (ਇੰਗਲੈਂਡ ਖਿਲਾਫ) ਹੀ ਖੇਡ ਸਕਿਆ ਅਤੇ ਫਿਰ ਉਸ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ।

ਇਰਫਾਨ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ''ਜਦੋਂ ਮੈਂ ਭਾਰਤ ਖਿਲਾਫ ਖੇਡਿਆ ਤਾਂ ਗੰਭੀਰ ਮੈਨੂੰ ਆਸਾਨ ਤਰੀਕੇ ਨਾਲ ਨਹੀਂ ਖੇਡ ਪਾ ਰਿਹਾ ਸੀ। ਭਾਰਤ ਵਿਚ 2012 ਦੀ ਸੀਰੀਜ਼ ਵਿਚ ਉਨ੍ਹਾਂ ਵਿਚੋਂ ਮੈਨੂੰ ਕੁਝ ਨੇ ਦੱਸਿਆ ਕਿ ਉਹ ਮੇਰੇ ਲੰਬੇ ਕਦ ਕਾਰਨ ਗੇਂਦ ਦਾ ਸਹੀ ਅੰਦਾਜ਼ਾ ਨਹੀਂ ਲਗਾ ਪਾ ਰਿਹਾ ਸੀ ਅਤੇ ਗੇਂਦ ਦੀ ਰਫਤਾਰ ਨੂੰ ਵੀ ਨਹੀਂ ਸਮਝ ਪਾ ਰਿਹਾ ਸੀ। ਗੰਭੀਰ ਮੇਰਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਹਮੇਸ਼ਾ ਲਗਦਾ ਸੀ ਕਿ ਉਹ ਮੇਰੇ ਵੱਲ ਦੇਖਣ ਤੋਂ ਬਚਦਾ ਸੀ।'' ਦੱਸ ਦਈਏ ਕਿ ਉਸੇ ਸੀਰੀਜ਼ ਵਿਚ ਗੰਭੀਰ ਨੇ ਆਪਣਾ ਆਖਰੀ ਟੀ-20 ਕੌਮਾਂਤਰੀ ਮੈਚ ਪਾਕਿਸਤਾਨ ਖਿਲਾਫ ਅਹਿਮਦਾਬਾਦ ਵਿਚ ਖੇਡਿਆ ਸੀ।