ਆਇਰਲੈਂਡ ਨੇ ਆਰਥਿਕ ਤੰਗੀ ਕਾਰਨ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਕੀਤੀ ਰੱਦ

12/17/2019 1:53:47 PM

ਡਬਲਿਨ : ਪੈਸੇ ਦੀ ਕਮੀ ਨਾਲ ਜੂਝ ਰਹੇ ਆਇਰਲੈਂਡ ਕ੍ਰਿਕਟ ਬੋਰਡ ਨੇ 2020 ਦੇ ਭਵਿੱਖ ਦੌਰੇ ਦੇ ਪ੍ਰੋਗਰਾਮ ਵਿਚ ਬਦਲਾਅ ਕਰਦਿਆਂ ਅਫਗਾਨਿਸਤਾਨ ਖਿਲਾਫ 5 ਮੈਚਾਂ ਦੀ ਘਰੇਲੂ ਟੀ-20 ਕੌਮਾਂਤਰੀ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ ਜਦਕਿ ਬੰਗਲਾਦੇਸ਼ ਖਿਲਾਫ ਟੈਸਟ ਮੈਚ ਨੂੰ ਟੀ-20 ਕੌਮਾਂਤਰੀ ਵਿਚ ਬਦਲ ਦਿੱਤਾ। ਆਇਰਲੈਂਡ ਨੂੰ ਅਫਗਾਨਿਸਤਾਨ ਨਾਲ ਜੂਨ 2017 ਵਿਚ ਟੈਸਟ ਖੇਡਣ ਦਾ ਅਧਿਕਾਰ ਮਿਲਿਆ ਸੀ। ਕ੍ਰਿਕਟ ਆਇਰਲੈਂਡ ਦੇ ਮੁੱਖ ਕਾਰਜਕਾਰੀ ਵਾਰੇਨ ਡੇਟ੍ਰੋਮ ਨੇ ਕਿਹਾ ਕਿ ਬੋਰਡ ਦੀ ਮਾਲੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਹੈ, ਜਿੰਨੀ ਕਿ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦਾ ਸਥਾਈ ਮੈਂਬਰ ਬਣਨ ਤੋਂ ਬਾਅਦ ਉਮੀਦ ਸੀ।

ਡੇਟ੍ਰੋਮ ਨੇ ਕਿਹਾ, ''ਅਸੀਂ ਟੈਸਟ ਕ੍ਰਿਕਟ ਲਈ ਆਪਣੇ ਨਜ਼ਰੀਏ ਵਿਚ ਬਹੁਤ ਸਾਵਧਾਨੀ ਵਰਤ ਰਹੇ ਹਾਂ ਅਤੇ ਇਹ ਸਮਝਦੇ ਹਾਂ ਕਿ ਇਹ ਖੇਡ ਦੇ ਲੰਬੇ ਫਾਰਮੈੱਟ ਵਿਚ ਇਕ ਮੁਕਾਬਲੇਬਾਜ਼ੀ ਟੀਮ ਬਣਾਉਣ ਲਈ ਲੰਬੀਆਂ ਯੋਜਨਾਵਾਂ ਚਾਹੀਦੀਆਂ ਹਨ। ਸਾਨੂੰ ਰੈਗੁਲਰ ਤੌਰ 'ਤੇ ਟੈਸਟ ਖੇਡਣ ਤੋਂ ਪਹਿਲਾਂ ਖੁਦ ਨੂੰ ਮਾਲੀ ਤੌਰ 'ਤੇ ਨਿਰਭਰ ਬਣਾਉਣ ਲਈ ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਨਿਵੇਸ਼ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਖਰਾਬ ਮਾਲੀ ਹਾਲਤ ਨੇ ਸਾਨੂੰ ਅਗਲੇ ਸਾਲ ਘਰੇਲੂ ਟੈਸਟ ਮੈਚ ਵਿਚ ਕਟੌਤੀ ਕਰਨ ਲਈ ਮਜਬੂਰ ਕੀਤਾ ਹੈ। ਇਹ ਇਕ ਮੈਚ ਦੀ ਸੀਰੀਜ਼ ਹੈ ਜੋ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਵੇਗੀ। ਇਸ ਲਈ ਇਸ ਦਾ ਬਹੁਤ ਜ਼ਿਆਦਾ ਮਹੱਤਵ ਨਹੀਂ ਬਚਦਾ।