ਇਰਾਕ ਦੀਆਂ ਨਜ਼ਰਾਂ ਨਾਕਆਊਟ ਗੇੜ ''ਚ ਪਹੁੰਚ ਕੇ ਇਤਿਹਾਸ ਰਚਣ ''ਤੇ

10/14/2017 12:17:04 AM

ਕੋਲਕਾਤਾ (ਭਾਸ਼ਾ)—ਸ਼ਾਨਦਾਰ ਫਾਰਮ 'ਚ ਚੱਲ ਰਹੀ ਇਰਾਕ ਦੀ ਟੀਮ ਕੱਲ ਗਰੁੱਪ-ਐੱਫ ਦੇ ਮੈਚ 'ਚ ਇੰਗਲੈਂਡ ਵਿਰੁੱਧ ਉਤਰੇਗੀ ਤਾਂ ਉਸ ਦਾ ਇਰਾਦਾ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਕੇ ਇਤਿਹਾਸ ਰਚਣ ਦਾ ਹੋਵੇਗਾ। ਦੂਜੀ ਵਾਰ ਟੂਰਨਾਮੈਂਟ 'ਚ ਖੇਡ ਰਹੇ ਇਰਾਕ ਨੇ ਗਰੁੱਪ ਆਫ ਡੈੱਥ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੈਕਸੀਕੋ ਨੂੰ 1-1 ਨਾਲ ਡਰਾਅ 'ਤੇ ਰੋਕਣ ਤੇ ਲੈਟਿਨ ਅਮਰੀਕੀ ਧਾਕੜ ਚਿਲੀ ਨੂੰ 3-0 ਨਾਲ ਹਰਾਉਣ ਤੋਂ ਬਾਅਦ ਇਰਾਕ ਨੇ ਨਾਕਆਊਟ ਗੇੜ 'ਚ ਜਗ੍ਹਾ ਲੱਗਭਗ ਪੱਕੀ ਕਰ ਲਈ ਹੈ।
ਇੰਗਲੈਂਡ ਵੀ ਆਖਰੀ-16 'ਚ ਪਹੁੰਚ ਚੁੱਕਾ ਹੈ ਤੇ ਇਰਾਕ ਨੂੰ ਅਗਲੇ ਦੌਰ 'ਚ ਪਹੁੰਚਣ ਲਈ ਸਿਰਫ ਇਕ ਡਰਾਅ ਦੀ ਲੋੜ ਹੈ। ਜਿੱਤਣ 'ਤੇ ਉਹ ਗਰੁੱਪ ਵਿਚ ਚੋਟੀ 'ਤੇ ਪਹੁੰਚ ਜਾਵੇਗਾ। ਇਰਾਕ ਲਈ ਮੁਹੰਮਦ ਦਾਊਦ ਅਜੇ ਤਕ ਤਿੰਨ ਗੋਲ ਕਰ ਚੁੱਕਾ ਹੈ।