ਈਰਾਨ ਦੇ ਪਰਹਮ ਨੇ ਲਹਿਰਾਇਆ ਝੰਡਾ

01/08/2018 11:20:15 PM

ਮੁੰਬਈ— ਭਾਰਤੀ ਗ੍ਰੈਂਡ ਮਾਸਟਰ ਟੂਰਨਾਮੈਂਟ ਸੀਰੀਜ਼ ਦਾ ਆਖਰੀ ਮੁਕਾਬਲਾ ਈਰਾਨ ਦੇ ਪਰਹਮ ਮਘਸੂਦਲੂ ਦੇ ਪੱਖ ਵਿਚ ਗਿਆ ਤੇ 8 ਅੰਕਾਂ ਨਾਲ ਉਸ ਨੇ ਆਈ. ਆਈ. ਐੱਫ. ਐੱਲ. ਮੁੰਬਈ ਗ੍ਰੈਂਡ ਮਾਸਟਰ ਸ਼ਤਰੰਜ ਦੇ ਤੀਜੇ ਸੈਸ਼ਨ ਦਾ ਖਿਤਾਬ ਆਪਣੇ ਨਾਂ ਕਰ ਲਿਆ। 
ਆਖਰੀ ਰਾਊਂਡ 'ਚ ਅੱਧੇ ਅੰਕ ਦੀ ਬੜ੍ਹਤ ਨਾਲ ਖੇਡ ਸ਼ੁਰੂ ਕਰਦਿਆਂ ਉਸ ਨੇ ਇਟਲੀ ਦੇ ਗ੍ਰੈਂਡ ਮਾਸਟਰ ਡੇਵਿਡ ਅਲਬਰਟੋ ਨੂੰ ਆਸਾਨੀ ਨਾਲ ਡਰਾਅ 'ਤੇ ਰੋਕਦੇ ਹੋਏ ਇਹ ਖਿਤਾਬ ਆਪਣੇ ਨਾਂ ਕਰ ਲਿਆ।
ਡੇਵਿਡ ਅਲਬਰਟੋ 7.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਭਾਰਤੀ ਉਮੀਦ ਤੇ 6 ਰਾਊਂਡਜ਼ ਤਕ ਚੋਟੀ 'ਤੇ ਰਹੇ ਦੀਪਨ ਚੱਕਰਵਰਤੀ ਨੂੰ ਆਖਰੀ ਰਾਊਂਡ 'ਚ ਅਮਰੀਕਨ ਗ੍ਰੈਂਡ ਮਾਸਟਰ ਤੈਮੂਰ ਗੇਰੇਵ ਹੱਥੋਂ ਹਾਰ ਨਾਲ ਤੀਜਾ ਸਥਾਨ ਮਿਲਿਆ। ਦੀਪਨ 7 ਅੰਕਾਂ ਨਾਲ ਚੌਥੇ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਤੁਰਕੀ ਦਾ ਸੁਆਤ ਅਟਾਲਿਕ, ਯੂਕ੍ਰੇਨ ਦਾ ਐਡਮ ਤੁਖੇਵ, ਮਲੇਸ਼ੀਆ ਦਾ ਲੀ ਤਿਆਨ, ਭਾਰਤ ਦਾ ਅਭਿਜੀਤ ਗੁਪਤਾ, ਤਜ਼ਾਕਿਸਤਾਨ ਦਾ ਕੇ. ਮੁਹੰਮਦ ਤੇ ਭੋਪਾਲ ਓਪਨ ਜੇਤੂ ਵੀਅਤਨਾਮ ਦਾ ਡੁਕ ਹੂਆ 7 ਅੰਕਾਂ ਨਾਲ ਕ੍ਰਮਵਾਰ 5ਵੇਂ ਤੋਂ 10ਵੇਂ ਸਥਾਨ 'ਤੇ ਰਹੇ।
ਅੰਡਰ-13 ਵਿਚ ਗੁਕੇਸ਼ ਜੇਤੂ
ਮੁੰਬਈ ਇੰਟਰਨੈਸ਼ਨਲ ਦੇ ਅੰਡਰ-13 ਦੇ ਜੂਨੀਅਰ ਵਰਗ ਦਾ ਖਿਤਾਬ ਭਾਰਤ ਦੇ ਡੀ. ਗੁਕੇਸ਼ ਨੇ ਜਿੱਤਿਆ। ਪਹਿਲੇ 4 ਸਥਾਨ ਭਾਰਤ ਦੇ ਹੀ ਹਿੱਸੇ ਆਏ। ਦੂਜਾ ਸਥਾਨ ਵੀ. ਪ੍ਰਵਣ, ਤੀਜਾ ਆਰੀਅਨ ਵਰਸ਼ਨੇ ਤੇ ਚੌਥਾ ਸਥਾਨ ਅਨੁਜ ਸ਼੍ਰੀਵਤ੍ਰੀ ਨੇ ਹਾਸਲ ਕੀਤਾ। 5ਵੇਂ ਸਥਾਨ 'ਤੇ ਬੰਗਲਾਦੇਸ਼ ਦਾ ਜ਼ਿਆ ਤਹਿਸੀਨ ਰਿਹਾ।
ਰੈਪਿਡ ਸ਼ਤਰੰਜ ਦਾ ਖਿਤਾਬ  ਹੈਰਾਨੀਜਨਕ ਸੀ : ਵਿਸ਼ਵਨਾਥਨ  ਆਨੰਦ
ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਬਣ ਕੇ ਆਏ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ 48 ਸਾਲ ਦੀ ਉਮਰ ਵਿਚ ਇਹ ਖਿਤਾਬੀ ਜਿੱਤ ਉਸ ਨੂੰ ਵੀ ਹੈਰਾਨ ਕਰ ਗਈ। ਉਸ ਨੇ ਕਿਹਾ ਕਿ ਲੰਡਨ ਕਲਾਸਿਕ ਵਿਚ ਆਖਰੀ ਰਾਊਂਡ ਵਿਚ ਰਹਿਣ ਤੋਂ ਬਾਅਦ ਜਦੋਂ ਉਹ ਰਿਆਦ ਗਿਆ ਤਾਂ ਉਸ ਕੋਲ ਕੋਈ ਖਾਸ ਉਮੀਦ ਨਹੀਂ ਸੀ ਪਰ ਮੇਰੇ ਮੈਚ ਚੰਗੇ ਰਹੇ। ਮੈਗਨਸ ਕਾਰਲਸਨ ਨੂੰ ਹਰਾਉਣ ਤੋਂ ਬਾਅਦ ਮੈਨੂੰ ਮੇਰੀ ਚੰਗੀ ਖੇਡ ਦਾ ਅਹਿਸਾਸ ਹੋਇਆ ਕਿਉਂਕਿ ਇਹ ਜਿੱਤ ਉਸ ਉਮਰ ਵਿਚ ਆਈ ਹੈ, ਜਦੋਂ ਲੋਕ ਮੇਰੇ ਸੰਨਿਆਸ ਦੀ ਗੱਲ ਕਰ ਰਹੇ ਸਨ, ਤਾਂ ਇਹ ਬੇਹੱਦ ਖਾਸ ਹੈ।