IPL 2023: ਲਖ਼ਨਊ ਸੂਪਰ ਜਾਇੰਟਸ ਨੇ Play-offs ''ਚ ਰੱਖਿਆ ਕਦਮ, ਚੌਥੀ ਟੀਮ ਲਈ ਦੌੜ ਜਾਰੀ

05/20/2023 11:37:14 PM

ਸਪੋਰਟਸ ਡੈਸਕ: ਅੱਜ ਲਖ਼ਨਊ ਸੂਪਰ ਜਾਇੰਟਸ ਨੇ ਬੇਹੱਦ ਕਰੀਬੀ ਮੁਕਾਬਲੇ ਵਿਚ ਕਲਕੱਤਾ ਨੂੰ 1 ਦੌੜ ਨਾਲ ਹਰਾ ਕੇ ਪਲੇਆਫ਼ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹਾਲਾਂਕਿ ਕਲਕੱਤਾ ਵੱਲੋਂ ਰਿੰਕੂ ਸਿੰਘ ਨੇ ਫ਼ਿਰ ਧਾਕੜ ਬੱਲੇਬਾਜ਼ੀ ਕਰਦਿਆਂ ਮੈਚ ਦੇ ਅਖ਼ੀਰਲੇ ਪਲਾਂ ਤਕ ਰੋਮਾਂਚ ਕਾਇਮ ਰੱਖਿਆ ਪਰ ਆਖ਼ਰ ਜਿੱਤ ਲਖ਼ਨਊ ਦੇ ਹੀ ਹਿੱਸੇ ਆਈ। ਇਸ ਜਿੱਤ ਦੇ ਨਾਲ ਲਖ਼ਨਊ ਦੇ ਆਈ.ਪੀ.ਐੱਲ. 2023 ਪਲੇਆਫ਼ ਲਈ ਤਿੰਨ ਟੀਮਾਂ ਪੱਕੀਆਂ ਹੋ ਗਈਆਂ ਹਨ ਤੇ ਚੌਥੀ ਟੀਮ ਦੀ ਰੇਸ ਵਿਚ ਮੁੰਬਈ ਤੇ ਬੈਂਗਲੁਰੂ ਹਨ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਪੁਲਸ ਨੂੰ ਦਿੱਤਾ ਅਲਟੀਮੇਟਮ

ਕਲਕੱਤਾ ਨੇ ਟਾਸ ਜਿੱਤ ਕੇ ਲਖ਼ਨਊ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਹਰਸ਼ਿਤ ਰਾਣਾ ਨੇ ਕਰਨ ਸ਼ਰਮਾ ਨੂੰ 3 ਦੌੜਾਂ ਦੇ ਸਕੋਰ 'ਤੇ ਆਊਟ ਕਰ ਕੇ ਲਖ਼ਨਊ ਨੂੰ ਪਹਿਲਾ ਝਟਕਾ ਦਿੱਤਾ। ਉਸ ਤੋਂ ਬਾਅਦ ਕਵਿੰਟਨ ਡੀ ਕਾਕ ਤੇ ਪ੍ਰੇਰਕ ਮਾਂਕੜ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਵਿਕਟਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਅਖ਼ੀਰ ਵਿਚ ਨਿਕਲਸ ਪੂਰਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਜੜਿਆ। ਉਸ ਨੇ 30 ਗੇਂਦਾਂ ਵਿਚ 5 ਛੱਕਿਆਂ ਤੇ 4 ਚੌਕਿਆਂ ਸਦਕਾ 58 ਦੌੜਾਂ ਜੜੀਆਂ। ਇਨ੍ਹਾਂ ਪਾਰੀਆਂ ਸਦਕਾ ਲਖ਼ਨਊ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। 

ਇਹ ਖ਼ਬਰ ਵੀ ਪੜ੍ਹੋ - ਕਰਨਾਟਕ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਹੀ 5 ਗਰੰਟੀਆਂ ਨੂੰ ਮਿਲੀ ਮਨਜ਼ੂਰੀ, ਕੈਬਨਿਟ ਨੇ ਲਾਈ ਮੋਹਰ

ਟੀਚੇ ਦਾ ਪਿੱਛਾ ਕਰਨ ਉਤਰੀ ਕਲਕੱਤਾ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਜੇਸਨ ਰਾਏ (45) ਤੇ ਵੈਂਕਟੇਸ਼ ਅਈਅਰ (24) ਨੇ ਚੰਗੀ ਸ਼ੁਰੂਆਤ ਦੁਆਈ ਤੇ ਪਹਿਲੀ ਵਿਕਟ ਲਈ ਪਾਵਰਪਲੇ ਵਿਚ 61 ਦੌੜਾਂ ਜੋੜੀਆਂ। ਉਨ੍ਹਾਂ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਅਖ਼ੀਰ ਵਿਚ ਰਿੰਕੂ ਸਿੰਘ ਨੇ ਧਾਕੜ ਬੱਲੇਬਾਜ਼ੀ ਕਰਦਿਆਂ 33 ਗੇਂਦਾਂ ਵਿਚ 4 ਛੱਕਿਆਂ ਤੇ 6 ਚੌਕਿਆਂ ਸਦਕਾ 67 ਦੌੜਾਂ ਦੀ ਪਾਰੀ ਖੇਡੀ।

ਅਖ਼ੀਰਲੇ ਓਵਰ ਵਿਚ ਟੀਮ ਨੂੰ 21 ਦੌੜਾਂ ਦੀ ਲੋੜ ਸੀ ਪਰ ਰਿੰਕੂ ਸਿੰਘ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਲਖ਼ਨਊ ਮਹਿਜ਼ 1 ਦੌੜ ਨਾਲ ਹੀ ਮੁਕਾਬਲਾ ਜਿੱਤ ਸਕੀ। ਕਲਕੱਤਾ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 175 ਦੌੜਾਂ ਹੀ ਬਣਾ ਸਕੀ ਤੇ 1 ਦੌੜ ਨਾਲ ਇਹ ਮੁਕਾਬਲਾ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra