IPL 2022 : ਖ਼ਿਤਾਬ ਤੋਂ ਖੁੰਝਣ ਦੇ ਬਾਅਦ ਬਟਲਰ ਨੇ ਕਿਹਾ, ਅਸੀਂ ਹਾਰ ਤੋਂ ਨਿਰਾਸ਼ ਹਾਂ ਤੇ ਇਹ ਸੁਭਾਵਕ ਵੀ ਹੈ

05/30/2022 5:20:06 PM

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਫਾਈਨਲ ਮੈਚ 'ਚ ਗੁਜਰਾਤ ਟਾਈਟਨਸ ਨੇ ਜਿੱਤ ਦਰਜ ਕਰਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ। ਰਾਜਸਥਾਨ ਰਾਇਲਜ਼ ਦੇ ਧਮਾਕੇਦਾਰ ਬੱਲੇਬਾਜ਼ ਜੋਸ ਬਟਲਰ ਨੂੰ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ (863 ਦੌੜਾਂ) ਲਈ 'ਪਲੇਅਰ ਆਫ਼ ਟੂਰਨਾਮੈਂਟ' ਦਾ ਐਵਾਰਡ ਮਿਲਿਆ। ਮੈਚ ਦੇ ਬਾਅਦ ਬਟਲਰ ਨੇ ਕਿਹਾ ਕਿ ਫਾਈਨਲ ਨੂੰ ਛੱਡ ਕੇ ਉਨ੍ਹਾਂ ਦਾ ਪ੍ਰਦਰਸ਼ਨ ਉਮੀਦ ਨਾਲੋ ਚੰਗਾ ਰਿਹਾ।

ਮੈਚ ਦੇ ਬਾਅਦ ਬਟਲਰ ਨੇ ਕਿਹਾ, 'ਅਸੀਂ ਖ਼ਿਤਾਬ ਜਿੱਤਣਾ ਚਾਹੁੰਦੇ ਸੀ। ਹਾਰਦਿਕ ਤੇ ਉਸ ਦੀ ਟੀਮ ਨੂੰ ਵਧਾਈ। ਉਹ ਜਿੱਤ ਦੇ ਹੱਕਦਾਰ ਸਨ। ਮੇਰਾ ਕੰਮ ਟੀਮ ਲਈ ਆਪਣੀ ਭੂਮਿਕਾ ਨਿਭਾਉਣਾ ਸੀ। ਅਸੀਂ ਹਾਰ ਤੋਂ ਨਿਰਾਸ਼ ਹਾਂ ਤੇ ਇਹ ਸੁਭਾਵਕ ਵੀ ਹੈ।' ਦੂਜੇ ਪਾਸੇ ਫਾਈਨਲ 'ਚ ਹਾਰ ਦੇ ਬਾਵਜੂਦ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ 'ਤੇ ਮਾਣ ਹੈ। ਉਨ੍ਹਾਂ ਕਿਹਾ, 'ਇਹ ਸਾਡੇ ਲਈ ਖ਼ਾਸ ਸੈਸ਼ਨ ਸੀ। ਅਸੀਂ ਚੰਗਾ ਕ੍ਰਿਕਟ ਖੇਡੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਸੁਨਹਿਰੀਆਂ ਯਾਦਾਂ ਦਿੱਤੀਆਂ। ਮੈਨੂੰ ਆਪਣੀ ਟੀਮ 'ਤੇ ਮਾਣ ਹੈ।'

ਜ਼ਿਕਰਯੋਗ ਹੈ ਕਿ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤਿਆ ਤੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਦੀ ਟੀਮ ਨੇ ਗੁਜਰਾਤ ਟਾਈਟਨਜ਼ ਦੇ ਸਾਹਮਣੇ 131 ਦੌੜਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਆਈ ਗੁਜਰਾਤ ਟਾਈਟਨਸ ਦੀ ਟੀਮ ਨੇ ਇਸ ਟੀਚੇ ਨੂੰ 3 ਵਿਕਟਾਂ ਦੇ ਨੁਕਸਾਨ 'ਤੇ 18.2 ਓਵਰ 'ਚ ਹਾਸਲ ਕਰ ਲਿਆ ਤੇ ਆਈ. ਪੀ. ਐੱਲ. ਦਾ ਖ਼ਿਤਾਬ ਆਪਣੇ ਨਾਂ ਕੀਤਾ।

Tarsem Singh

This news is Content Editor Tarsem Singh