IPL ਛੱਡ ਕੇ ਜਾ ਰਹੇ ਏਡਮ ਜੰਪਾ ਨੇ ਦਿੱਤਾ ਵੱਡਾ ਬਿਆਨ, ਕਿਹਾ- ਭਾਰਤ UAE ਜਿੰਨਾ ਸੁਰੱਖਿਅਤ ਨਹੀਂ

04/28/2021 11:50:47 AM

ਅਹਿਮਦਾਬਾਦ (ਭਾਸ਼ਾ) : ਆਸਟ੍ਰੇਲੀਆ ਦੇ ਲੈਗ ਸਪਿਨਰ ਏਡਮ ਜੰਪਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਵਿਚਾਲੇ ਹੀ ਛੱਡਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਹੁਣ ਤੱਕ ਜਿੰਨੇ ਵੀ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦਾ ਹਿੱਸਾ ਰਹੇ ਉਨ੍ਹਾਂ ਵਿਚ ਇਹ ‘ਸਭ ਤੋਂ ਅਸੁਰੱਖਿਅਤ’ ਸੀ ਅਤੇ ਟੂਰਨਮੈਂਟ ਦਾ ਆਯੋਜਨ ਪਿਛਲੇ ਸਾਲ ਦੀ ਤਰ੍ਹਾਂ ਯੂ.ਏ.ਈ. ਵਿਚ ਹੀ ਹੋਣਾ ਚਾਹੀਦਾ ਸੀ। ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਵਿਚ ਸ਼ਾਮਲ ਜੰਪਾ ਅਤੇ ਕੇਨ ਰਿਚਰਡਸਨ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਮੰਗਲਵਾਰ ਨੂੰ ਸਵਦੇਸ਼ ਪਰਤਣ ਦੀ ਤਿਆਰੀ ਕਰ ਲਈ ਹੈ। ਜੰਪਾ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਕਿਹਾ ਕਿ ਉਹ ਯੂ.ਏ.ਈ. ਵਿਚ ਕਿਤੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਸਨ, ਜਿੱਥੇ ਪਿਛਲੇ ਸਾਲ ਟੂਰਨਾਮੈਂਟ ਦਾ ਆਯੋਜਨ ਹੋਇਆ ਸੀ।

ਇਹ ਵੀ ਪੜ੍ਹੋ : ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ

ਜੰਪਾ ਨੇ ਕਿਹਾ, ‘ਅਸੀਂ ਹੁਣ ਤੱਕ ਕੁੱਝ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦਾ ਹਿੱਸਾ ਰਹਿ ਚੁੱਕੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਸਭ ਤੋਂ ਅਸੁਰੱਖਿਅਤ ਹੈ। ਮੈਨੂੰ ਲੱਗਦਾ ਹੈ ਕਿ ਅਜਿਹਾ ਭਾਰਤ ਵਿਚ ਹੋਣ ਕਾਰਨ ਹੈ, ਸਾਨੂੰ ਇੱਥੇ ਸਾਫ਼-ਸਫ਼ਾਈ ਦੇ ਬਾਰੇ ਵਿਚ ਹਮੇਸ਼ਾ ਦੱਸਿਆ ਜਾਂਦਾ ਹੈ ਅਤੇ ਵਧੇਰੇ ਸਾਵਧਾਨੀ ਵਰਤੀ ਹੁੰਦੀ ਹੈ। ਮੈਨੂੰ ਲੱਗਾ ਕਿ ਇੱਥੇ ਸਭ ਤੋਂ ਜ਼ਿਆਦਾ ਅਸੁਰੱਖਿਅਤ ਸੀ।’ ਇਸ ਲੈਗ ਸਪਿਨਰ ਨੇ ਕਿਹਾ, ‘ਆਈ.ਪੀ.ਐਲ. ਦਾ ਆਯੋਜਨ 6 ਮਹੀਨੇ ਪਹਿਲਾਂ ਦੁਬਈ ਵਿਚ ਹੋਇਆ ਸੀ ਤਾਂ ਅਸੀਂ ਉਥੇ ਬਿਲਕੁੱਲ ਵੀ ਅਜਿਹਾ ਮਹਿਸੂਸ ਨਹੀਂ ਕੀਤਾ। ਮੈਂ ਉਥੇ ਬੇਹੱਦ ਸੁਰੱਖਿਅਤ ਮਹਿਸੂਸ ਕੀਤਾ। ਨਿੱਜੀ ਤੌਰ ’ਤੇ ਮੈਨੂੰ ਲੱਗਾ ਕਿ ਇਸ ਆਈ.ਪੀ.ਐਲ. ਲਈ ਵੀ ਇਹ ਬਿਹਤਰ ਬਦਲ ਹੁੰਦਾ ਪਰ ਬੇਸ਼ੱਕ ਇਸ ਨਾਲ ਕਾਫ਼ੀ ਰਾਜਨੀਤੀ ਵੀ ਜੁੜੀ ਸੀ।’ ਉਨ੍ਹਾਂ ਕਿਹਾ, ‘ਬੇਸ਼ੱਕ ਇਸੇ ਸਾਲ ਇੱਥੇ ਟੀ20 ਵਿਸ਼ਵ ਕੱਪ ਵੀ ਹੋਣਾ ਹੈ। ਸ਼ਾਇਦ ਕ੍ਰਿਕਟ ਜਗਤ ਵਿਚ ਹੁਣ ਅਗਲੀ ਚਰਚਾ ਇਸੇ ’ਤੇ ਹੋਵੇਗੀ। 6 ਮਹੀਨੇ ਲੰਬਾ ਸਮਾਂ ਹੈ।’

ਇਹ ਵੀ ਪੜ੍ਹੋ : ਕੋਰੋਨਾ ਦੇ ਡਰੋਂ ਖਿਡਾਰੀ ਛੱਡਣ ਲੱਗੇ ਆਈ.ਪੀ.ਐਲ., BCCI ਨੇ ਕਿਹਾ ਜਾਰੀ ਰਹੇਗੀ ਲੀਗ

ਮੌਜੂਦਾ ਸੀਜ਼ਨ ਵਿਚ ਜੰਪਾ ਨੂੰ ਇਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਨੂੰ ਟੀਮ ਨੇ ਡੇਢ ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਉਨ੍ਹਾਂ ਕਿਹਾ ਕਿ ਕਈ ਕਾਰਨਾਂ ਕਾਰਨ ਉਨ੍ਹਾਂ ਨੇ ਆਈ.ਪੀ.ਐਲ. ਤੋਂ ਹਟਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ, ‘ਬੇਸ਼ੱਕ ਇੱਥੇ ਕੋਵਿਡ ਨਾਲ ਜੁੜੀ ਸਥਿਤੀ ਬੇਹੱਦ ਖ਼ਰਾਬ ਹੈ। ਬੇਸ਼ੱਕ ਮੈਨੂੰ ਟੀਮ ਵਿਚ ਖੇਡਣ ਦਾ ਮੌਕਾ ਵੀ ਨਹੀਂ ਮਿਲਿਆ, ਮੈਂ ਟ੍ਰੇਨਿੰਗ ਲਈ ਜਾ ਰਿਹਾ ਸੀ ਅਤੇ ਮੈਨੂੰ ਕੋਈ ਪ੍ਰੇਰਣਾ ਨਹੀਂ ਮਿਲ ਰਹੀ ਸੀ।’ ਜੰਪਾ ਨੇ ਕਿਹਾ, ‘ਕੁੱਝ ਹੋਰ ਚੀਜ਼ਾਂ ਵੀ ਸੀ, ਜਿਵੇਂ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦੀ ਥਕਾਵਟ ਅਤੇ ਸਵਦੇਸ਼ ਜਾਣ ਵਾਲੀਆਂ ਉਡਾਣਾਂ ਨਾਲ ਜੁੜੀਆਂ ਖ਼ਬਰਾਂ। ਮੈਨੂੰ ਲੱਗਾ ਕਿ ਇਹ ਫ਼ੈਸਲਾ ਕਰਨ ਦਾ ਸਰਵਸ੍ਰੇਸ਼ਠ ਸਮਾਂ ਹੈ।’ ਆਈ.ਪੀ.ਐਲ. ਜ਼ਾਰੀ ਰਹਿਣ ਦੇ ਸੰਦਰਭ ਵਿਚ ਜੰਪਾ ਨੇ ਕਿਹਾ, ‘ਕਾਫ਼ੀ ਲੋਕ ਕਹਿ ਰਹੇ ਹਨ ਕਿ ਕ੍ਰਿਕਟ ਨਾਲ ਕੁੱਝ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਪਰ ਇਹ ਕਾਫ਼ੀ ਨਿੱਜੀ ਜਵਾਬ ਹੈ।’ ਉਨ੍ਹਾਂ ਕਿਹਾ, ‘ਜੇਕਰ ਕਿਸੇ ਦੇ ਪਰਿਵਾਰ ਦਾ ਮੈਂਬਰ ਮੌਤ ਨਾਲ ਜੂਝ ਰਿਹਾ ਹੈ ਤਾਂ ਉਹ ਸ਼ਾਇਦ ਕ੍ਰਿਕਟ ਦੇ ਬਾਰੇ ਵਿਚ ਪਰਵਾਹ ਨਹੀਂ ਕਰਦਾ।’ ਜੰਪਾ ਨੂੰ ਵਿੱਤੀ ਨੁਕਸਾਨ ਦੀ ਵੀ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ, ‘ਨਿਸ਼ਚਿਤ ਤੌਰ ’ਤੇ ਟੂਰਨਾਮੈਂਟ ਦੇ ਵਿਚੋਂ ਜਾਣ ਨਾਲ ਵਿੱਤੀ ਨੁਕਸਾਨ ਹੋਵੇਗਾ ਪਰ ਮੈਂ ਆਪਣੀ ਮਾਨਸਿਕ ਸਿਹਤ ਨੂੰ ਅੱਗੇ ਰੱਖਣਾ ਚਾਹੁੰਦਾ ਹਾਂ।’

ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry