IPL 2019 : ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ

03/25/2019 11:36:23 PM

ਜੈਪੁਰ— ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੀ 47 ਗੇਂਦਾਂ 'ਤੇ 79 ਦੌੜਾਂ ਦੀ ਤੂਫਾਨੀ ਪਾਰੀ ਤੇ ਡੈੱਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ ਆਈ. ਪੀ.ਐੱਲ.-12 ਦੇ ਮੁਕਾਬਲੇ ਵਿਚ ਉਸੇ ਦੇ ਘਰ ਵਿਚ 14 ਦੌੜਾਂ ਨਾਲ ਹਰਾ ਕੇ ਸੈਸ਼ਨ ਦੀ ਜੇਤੂ ਸ਼ੁਰੂਆਤ ਕੀਤੀ। ਪੰਜਾਬ ਨੇ 4 ਵਿਕਟਾਂ 'ਤੇ 184 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਰਾਜਸਥਾਨ ਨੂੰ 9 ਵਿਕਟਾਂ 'ਤੇ 170 ਦੌੜਾਂ 'ਤੇ ਰੋਕ ਦਿੱਤਾ। ਰਾਜਸਥਾਨ ਨੇ ਡੈੱਥ ਓਵਰਾਂ ਵਿਚ 16 ਦੌੜਾਂ ਦੇ ਫਰਕ ਵਿਚ 7 ਵਿਕਟਾਂ ਗੁਆਈਆਂ ਤੇ ਇਹ ਹੀ ਉਸਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ। ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਦਾ ਆਪਣੀ ਗੇਂਦਬਾਜ਼ੀ 'ਤੇ ਕ੍ਰੀਜ਼ ਤੋਂ ਬਾਹਰ ਨਿਕਲ ਆਏ ਜੋਸ ਬਟਲਰ ਨੂੰ ਰਨ ਆਊਟ ਕਰਨਾ ਵਿਵਾਦ ਵੀ ਪੈਦਾ ਕਰ ਗਿਆ। ਬਟਲਰ ਦੇ ਆਊਟ ਹੋਣ ਨੇ ਪੰਜਾਬ ਦੀ ਜਿੱਤ ਦਾ ਰਸਤਾ ਖੋਲ ਦਿੱਤਾ। 

ਗੇਲ ਨੇ 47 ਗੇਂਦਾਂ 'ਤੇ 79 ਦੌੜਾਂ ਵਿਚ 8 ਚੌਕੇ ਤੇ 4 ਛੱਕੇ ਲਾਏ ਜਦਕਿ ਸਰਫਰਾਜ ਖਾਨ  ਨੇ 29 ਗੇਂਦਾਂ 'ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 46 ਦੌੜਾਂ ਬਣਾਈਆਂ। ਸਰਫਰਾਜ ਨੇ ਪਾਰੀ ਦੀ ਆਖਰੀ ਗੇਂਦ 'ਤੇ ਛੱਕਾ ਮਾਰਿਆ। ਮਯੰਕ ਅਗਰਵਾਲ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਗੇਲ ਨੇ ਫਿਰ ਆਪਣੇ ਪੁਰਾਣੇ ਅੰਦਾਜ਼ ਵਿਚ ਚੌਕੇ-ਛੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਮਯੰਕ ਅਗਰਵਾਲ (22) ਨਾਲ ਦੂਜੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ।   ਗੇਲ ਨੇ ਫਿਰ ਸਰਫਰਾਜ ਖਾਨ ਨਾਲ ਤੀਜੀ ਵਿਕਟ ਲਈ 84 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਗੇਲ ਦੀ ਵਿਕਟ 144 ਦੇ ਸਕੋਰ 'ਤੇ ਡਿੱਗੀ।  ਉਸ ਤੋਂ ਬਾਅਦ ਸਰਫਰਾਜ ਨੇ ਕੁਝ ਚੰਗੇ ਸ਼ਾਟ ਖੇਡੇ ਤੇ  ਅਜੇਤੂ 46 ਦੌੜਾਂ ਬਣਾ ਕੇ ਪੰਜਾਬ ਨੂੰ 184 ਤਕ ਪਹੁੰਚਾਇਆ। ਪੰਜਾਬ ਨੇ ਸਟੋਕਸ ਦੇ ਆਖਰੀ ਓਵਰ ਵਿਚ 17 ਦੌੜਾਂ ਬਣਾਈਆਂ।

ਟੀਮਾਂ :
ਰਾਜਸਥਾਨ ਰਾਇਲਸ
: ਅਜਿੰਕਯਾ ਰਹਾਨੇ (ਕਪਤਾਨ.), ਜੋਸ ਬਟਲਰ, ਸਟੀਵਨ ਸਮਿੱਥ, ਬੇਨ ਸਟੋਕਸ, ਸੰਜੂ ਸੈਮਸਨ, ਕ੍ਰਿਸ਼ਨਾਪਾ ਗੌਤਮ, ਰਾਹੁਲ ਤ੍ਰਿਪਾਠੀ, श्रेਅਸ ਗੋਪਾਲ, ਜੋਫਰਾ ਅਦਰਰ, ਜੈਦੇਵ ਉਨਾਦਕਟ, ਧਵਲ ਕੁਲਕਰਨੀ।
ਕਿੰਗਜ਼ ਇਲੈਵਨ ਪੰਜਾਬ: ਕ੍ਰਿਸ ਗੇਲ, ਲੋਕੇਸ਼ ਰਾਹੁਲ , ਮਯੰਕ ਅਗਰਵਾਲ, ਸਰਫਰਾਜ ਖ਼ਾਨ, ਨਿਕੋਲਸ ਪੂਰਨ, ਮਨਦੀਪ ਸਿੰਘ, ਸੈਮ ਕਰਾਨ, ਰਵੀਚੰਦਰਨ ਅਸ਼ਵਿਨ (ਕਪਤਾਨ), ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ, ਅੰਕਿਤ ਰਾਜਪੂਤ।