IPL 2019 : ਪਲੇਅ ਆਫ ਦਾ ਦਾਅਵਾ ਮਜ਼ਬੂਤ ਕਰੇਗਾ ਹੈਦਰਾਬਾਦ

04/27/2019 3:32:00 AM

ਜੈਪੁਰ— ਆਈ. ਪੀ. ਐੱਲ. ਵਿਚ ਉਤਰਾਅ-ਚੜ੍ਹਾਅ ਵਿਚੋਂ ਲੰਘ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸ਼ਨੀਵਾਰ ਨੂੰ ਜੈਪੁਰ 'ਚ ਘਰੇਲੂ ਟੀਮ ਰਾਜਸਥਾਨ ਰਾਇਲਜ਼ ਦੀ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਉਹ ਪਲੇਅ ਆਫ ਲਈ ਆਪਣਾ ਦਾਅਵਾ ਮਜ਼ਬੂਤ ਕਰ ਸਕੇ।
ਹੈਦਰਾਬਾਦ ਨੂੰ ਪਿਛਲੇ ਮੈਚ 'ਚ ਚੇਨਈ ਸੁਪਰ ਕਿੰਗਜ਼ ਹੱਥੋਂ 6 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਤੋਂ ਬਾਅਦ ਉਹ ਅੰਕ ਸੂਚੀ 'ਚ 10 ਮੈਚਾਂ ਵਿਚੋਂ 5 ਜਿੱਤਾਂ ਤੇ 5 ਹਾਰ ਤੋਂ ਬਾਅਦ 10 ਅੰਕ ਲੈ ਕੇ ਚੌਥੇ ਨੰਬਰ 'ਤੇ ਹੈ, ਹਾਲਾਂਕਿ ਟੀਮ ਨੂੰ ਟਾਪ-4 'ਚ ਬਣੇ ਰਹਿਣ ਲਈ ਹੁਣ ਅਗਲੇ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਉਸ ਨੂੰ ਸਖਤ ਟੱਕਰ ਕਿੰਗਜ਼ ਇਲੈਵਨ ਪੰਜਾਬ ਤੋਂ ਮਿਲ ਰਹੀ ਹੈ, ਜਿਹੜੀ ਅਜੇ ਵੀ ਉਸੇ ਦੇ ਬਰਾਬਰ 10 ਅੰਕ ਲੈ ਕੇ 5ਵੇਂ ਨੰਬਰ 'ਤੇ ਹੈ। ਦੂਜੇ ਪਾਸੇ ਰਾਜਸਥਾਨ ਦੀ ਸਥਿਤੀ ਖਰਾਬ ਹੈ ਤੇ 11 ਮੈਚਾਂ ਵਿਚੋਂ 7 ਹਾਰ ਜਾਣ ਤੋਂ ਬਾਅਦ ਉਹ 8 ਅੰਕ ਲੈ ਕੇ ਸੱਤਵੇਂ ਨੰਬਰ 'ਤੇ ਖਿਸਕ ਗਈ ਹੈ, ਹਾਲਾਂਕਿ ਰਾਜਸਥਾਨ ਹੁਣ ਵਿਰੋਧੀ ਟੀਮਾਂ ਦੇ ਸਮੀਕਰਨ ਖਰਾਬ ਕਰ ਸਕਦੀ ਹੈ। ਉਸ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਬਾਕੀ ਬਚੇ ਸਾਰੇ ਮੈਚ ਜਿੱਤ ਕੇ ਆਪਣੀ ਆਖਰੀ ਉਮੀਦ ਨੂੰ ਬਰਕਰਾਰ ਰੱਖੇ। ਰਾਜਸਥਾਨ ਨੇ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰੋਮਾਂਚਕ ਮੈਚ 'ਚ 3 ਵਿਕਟਾਂ ਨਾਲ ਹਰਾਇਆ ਸੀ। 
ਰਾਜਸਥਾਨ ਦੀ ਟੀਮ ਲਈ ਹੁਣ 'ਕਰੋ ਜਾਂ ਮਰੋ' ਦੀ ਸਥਿਤੀ ਹੈ ਤੇ ਉਸ ਦੀ ਕੋਸ਼ਿਸ਼ ਆਪਣੇ ਮੈਦਾਨ 'ਤੇ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦੀ ਹੋਵੇਗੀ। ਟੀਮ ਨੇ ਪਿਛਲੇ ਮੈਚ ਵਿਚ ਕੋਲਕਾਤਾ ਵਿਰੁੱਧ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ, ਜਿਸ ਵਿਚ 17 ਸਾਲ ਦੇ ਰਿਆਨ ਪ੍ਰਾਗ ਦੀ 31 ਗੇਂਦਾਂ ਵਿਚ 5 ਚੌਕਿਆਂ ਤੇ 2 ਛੱਕਿਆਂ ਨਾਲ ਸਜੀ 47 ਦੌੜਾਂ ਦੀ ਪਾਰੀ ਅਹਿਮ ਸੀ। ਇਸ ਮੈਚ ਵਿਚ ਪ੍ਰਾਗ ਟਾਪ-ਸਕੋਰਰ ਰਿਹਾ ਸੀ, ਜਦਕਿ ਜੋਫਰਾ ਆਰਚਰ ਨੇ ਆਖਰੀ ਗੇਂਦਾਂ 'ਤੇ ਦੋ ਚੌਕੇ ਤੇ ਦੋ ਛੱਕੇ ਲਾਉਂਦਿਆਂ ਟੀਮ ਨੂੰ ਜਿੱਤ ਦਿਵਾਈ ਸੀ।
ਅਜਿੰਕਯ ਰਹਾਨੇ ਤੋਂ ਬਾਅਦ ਹੁਣ ਸਟੀਵ ਸਮਿਥ ਦੇ ਹੱਥਾਂ ਵਿਚ ਰਾਜਸਥਾਨ ਦੀ ਕਪਤਾਨੀ ਆ ਗਈ ਹੈ ਤੇ ਉਹ ਟੀਮ ਨੂੰ ਵਾਪਸ ਜਿੱਤ ਦੀ ਪਟੜੀ 'ਤੇ ਲਿਆਉਣਾ ਚਾਹੁੰਦਾ ਹੈ। ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਸਮਿਥ ਨੇ ਹੁਣ ਤਕ 10 ਮੈਚਾਂ ਵਿਚ 297 ਦੌੜਾਂ ਬਣਾਈਆਂ ਹਨ, ਜਦਕਿ ਰਹਾਨੇ ਤੇ ਜੋਸ ਬਟਲਰ 352 ਤੇ 311 ਕ੍ਰਮਵਾਰ ਟੀਮ ਦਾ ਟਾਪ ਸਕੋਰਰ ਹੈ। ਇਸ ਤੋਂ ਇਲਾਵਾ ਸੰਜੂ ਸੈਮਸਨ ਵੀ ਵੱਡਾ ਸਕੋਰਰ ਹੈ। 
ਦੂਜੇ ਪਾਸੇ ਹੈਦਰਾਬਾਦ ਲਈ ਟਾਪ-4 ਵਿਚ ਬਣੇ ਰਹਿਣ ਦੀ ਚੁਣੌਤੀ ਹੈ ਤੇ ਪਿਛਲਾ ਮੈਚ ਹਾਰ ਜਾਣ ਤੋਂ ਬਾਅਦ ਉਸ 'ਤੇ ਮਨੋਵਿਗਿਆਨਕ ਦਬਾਅ ਵੀ ਰਹੇਗਾ। ਟੀਮ ਦੇ ਸਟਾਰ ਖਿਡਾਰੀ ਡੇਵਿਡ ਵਾਰਨਰ ਤੇ ਜਾਨੀ ਬੇਅਰਸਟੋ ਦੋਵੇਂ ਟੀਮ ਦੇ ਟਾਪ ਸਕੋਰਰ ਹਨ ਪਰ ਉਹ ਵਿਸ਼ਵ ਕੱਪ ਕਾਰਨ ਵਤਨ ਪਰਤ ਗਏ ਹਨ। ਅਜਿਹੀ ਹਾਲਤ ਵਿਚ ਹੁਣ ਕਪਤਾਨ ਕੇਨ ਵਿਲੀਅਮਸਨ ਲਈ ਵੀ ਉਨ੍ਹਾਂ ਦੀ ਜਗ੍ਹਾ ਭਰਨ ਲਈ ਚੰਗਾ ਪ੍ਰਦਰਸ਼ਨ ਕਰਨਾ ਅਹਿਮ ਹੋਵੇਗਾ। ਵਿਲੀਅਮਸਨ ਚੇਨਈ ਵਿਰੁੱਧ ਮੈਚ ਵਿਚ ਨਹੀਂ ਖੇਡਿਆ ਸੀ ਪਰ ਉਸ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਪਰਤਣ ਦੀ  ਉਮੀਦ ਹੈ। ਰਿਧੀਮਾਨ ਸਾਹਾ ਦੇ ਵਿਕਟਕੀਪਰ ਦੇ ਤੌਰ 'ਤੇ ਵਾਪਸੀ ਦੀ ਉਮੀਦ ਹੈ, ਜਿਹੜਾ ਦੀਪਕ ਹੁੱਡਾ ਜਾਂ ਯੂਸਫ ਪਠਾਨ ਦੀ ਜਗ੍ਹਾ ਲੈ ਸਕਦਾ ਹੈ।

Gurdeep Singh

This news is Content Editor Gurdeep Singh