IPL 2019 : ਪਲੇਅ ਆਫ ਦੀਆਂ ਉਮੀਦਾਂ ਬਣਾਈ ਰੱਖਣ ਉਤਰਨਗੇ ਕੋਲਕਾਤਾ ਅਤੇ ਰਾਜਸਥਾਨ

04/25/2019 4:30:04 AM

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਵੀਰਵਾਰ ਨੂੰ ਇਥੇ ਈਡਨ ਗਾਰਡਨ ਵਿਚ ਆਈ. ਪੀ. ਐੱਲ.-12 ਮੁਕਾਬਲੇ ਵਿਚ ਪਲੇਅ ਆਫ ਦੀਆਂ ਉਮੀਦਾਂ ਨੂੰ ਬਣਾ ਕੇ ਰੱਖਣ ਦੀ ਟੱਕਰ ਹੋਵੇਗੀ।  ਕੋਲਕਾਤਾ ਅਤੇ ਰਾਜਸਥਾਨ ਦੀਆਂ ਟੀਮਾਂ ਇਸ ਸਮੇਂ ਇਸ ਤਰ੍ਹਾਂ ਦੀ ਸਥਿਤੀ ਵਿਚ ਫਸੀਆਂ ਹੋਈਆਂ ਹਨ, ਜਿਥੇ ਇਕ ਵੀ ਹਾਰ ਨਾਲ ਉਨ੍ਹਾਂ ਦੀਆਂ ਪਲੇਅ ਆਫ ਵਿਚ ਜਾਣ ਦੀਆਂ ਉਮੀਦਾਂ ਖਤਮ ਹੋ ਜਾਣਗੀਆਂ। ਕੋਲਕਾਤਾ ਫਿਲਹਾਲ ਰਾਜਸਥਾਨ ਤੋਂ ਕੁਝ ਵਧੀਆ ਸਥਿਤੀ ਵਿਚ ਹੈ। ਕੋਲਕਾਤਾ ਨੇ 10 ਮੈਚਾਂ ਵਿਚੋਂ 4 ਜਿੱਤੇ ਹਨ। ਉਸ ਦੇ ਖਾਤੇ ਵਿਚ 8 ਅੰਕ ਹਨ। ਕੋਲਕਾਤਾ ਨੇ ਪਲੇਅ ਆਫ ਵਿਚ ਜਾਣ ਲਈ ਆਪਣੇ ਬਾਕੀ ਚਾਰੋਂ ਮੈਚ ਜਿੱਤਣੇ ਹਨ।
ਰਾਜਸਥਾਨ ਨੇ 10 ਮੈਚਾਂ ਵਿਚੋਂ 3 ਮੈਚ ਜਿੱਤੇ ਹਨ ਅਤੇ ਉਸ ਦੇ 6 ਅੰਕ ਹਨ। ਜੇਕਰ ਰਾਜਸਥਾਨ ਦੀ ਟੀਮ ਕੋਲਕਾਤਾ ਖਿਲਾਫ ਹਾਰੀ ਤਾਂ ਟੂਰਨਾਮੈਂਟ ਵਿਚ ਉਸ ਦਾ ਸਫਰ ਖਤਮ ਹੋ ਜਾਵੇਗਾ। ਰਾਜਸਥਾਨ ਲਈ ਜਿੱਤਣ ਦੀ ਸਥਿਤੀ ਵਿਚ ਹੀ ਕੁਝ ਉਮੀਦਾਂ ਬਣੀਆਂ ਰਹਿਣਗੀਆਂ। ਹਾਲਾਂਕਿ ਇਸ ਤੋਂ ਬਾਅਦ ਵੀ ਉਸ ਨੂੰ ਬਾਕੀ ਤਿੰਨੋਂ ਮੈਚਾਂ ਨੂੰ ਜਿੱਤਣਾ ਹੋਵੇਗਾ ਅਤੇ ਦੂਜੀਆਂ ਟੀਮਾਂ ਦੇ ਨਤੀਜਿਆਂ ਨੂੰ ਵੀ ਦੇਖਣਾ ਹੋਵੇਗਾ।
ਰਾਜਸਥਾਨ ਨੇ ਇਸ ਸੈਸ਼ਨ ਵਿਚ ਅਜਿੰਕਯ ਰਹਾਨੇ ਨੂੰ ਕਪਤਾਨੀ ਤੋਂ ਹਟਾ ਕੇ ਆਸਟਰੇਲੀਆ ਦੇ ਸਟੀਮ ਸਮਿਥ ਨੂੰ ਕਪਤਾਨ ਬਣਾਇਆ ਹੈ। ਸਮਿਥ ਦੇ ਕਪਤਾਨ ਬਣਨ ਤੋਂ ਬਾਅਦ ਰਾਜਸਥਾਨ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਫਿਰ ਉਸ ਨੂੰ ਦਿੱਲੀ ਕੈਪੀਟਲਸ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਉਸਦੀਆਂ ਉਮੀਦਾਂ ਨੂੰ ਡੂੰਘਾ ਝਟਕਾ ਲੱਗਾ। ਪਿਛਲੇ ਮੁਕਾਬਲੇ ਵਿਚ ਰਾਜਸਥਾਨ ਨੇ ਅਜਿੰਕਯ ਰਹਾਨੇ (ਅਜੇਤੂ 105) ਦੇ ਸ਼ਾਨਦਾਰ ਸੈਂਕੜੇ ਨਾਲ 6 ਵਿਕਟਾਂ 'ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਦਿੱਲੀ ਨੇ ਰਿਸ਼ਭ ਪੰਤ ਦੀਆਂ ਧਮਾਕੇਦਾਰ 78 ਦੌੜਾਂ ਨਾਲ 19.2 ਓਵਰਾਂ ਵਿਚ 4 ਵਿਕਟਾਂ 'ਤੇ 193 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇਸ ਆਈ. ਪੀ. ਐੱਲ. ਵਿਚ ਇਹ ਇਸ ਤਰ੍ਹਾਂ ਦਾ ਦੂਜਾ ਮੈਚ ਸੀ, ਜਿਸ ਵਿਚ ਰਾਜਸਥਾਨ ਨੂੰ ਆਪਣੇ ਇਕ ਖਿਡਾਰੀ ਨੂੰ ਸੈਂਕੜੇ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸੰਜੂ ਸੈਮਸਨ ਨੇ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਅਜੇਤੂ 102 ਦੌੜਾਂ ਬਣਾਈਆਂ ਸਨ ਪਰ ਹੈਦਰਾਬਾਦ ਨੇ 5 ਵਿਕਟਾਂ ਨਾਲ ਇਹ ਮੁਕਾਬਲਾ ਜਿੱਤ ਲਿਆ ਸੀ। ਕੋਲਕਾਤਾ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਕਪਤਾਨ ਦਿਨੇਸ਼ ਕਾਰਤਿਕ ਦੀਆਂ ਨੀਤੀਆਂ ਕੰਮ ਨਹੀਂ ਕਰ ਰਹੀਆਂ ਹਨ। ਟੀਮ ਦਾ ਧਮਾਕੇਦਾਰ ਬੱਲੇਬਾਜ਼ ਆਂਦ੍ਰੇ ਰਸੇਲ ਖੁਦ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਲਿਆਉਣ ਦੀ ਮੰਗ ਕਰ ਰਿਹਾ ਹੈ ਪਰ ਟੀਮ ਨੇ ਪਿਛਲੇ ਮੁਕਾਬਲੇ ਵਿਚ ਉਸ ਨੂੰ 7ਵੇਂ ਨੰਬਰ 'ਤੇ ਉਤਾਰਿਆ। ਇਸ ਨਾਲ ਟੀਮ ਇਕ ਚੰਗੇ ਸਕੋਰ ਤੱਕ ਨਹੀਂ ਪਹੁੰਚ ਸਕੀ। ਟੀਮ ਨੇ ਜੇਕਰ ਜਿੱਤ ਹਾਸਲ ਕਰਨ 'ਤੇ ਆਪਣੀਆਂ ਉਮੀਦਾਂ ਨੂੰ ਬਣਾ ਕੇ ਰੱਖਣਾ ਹੈ ਤਾਂ ਉਸ ਨੂੰ ਰਸੇਲ ਨੂੰ ਟਾ ਪ-4 ਵਿਚ ਲਿਆਉਣਾ ਹੋਵੇਗਾ

Gurdeep Singh

This news is Content Editor Gurdeep Singh