ਫਿਰੋਜਸ਼ਾਹ ਕੋਟਲਾ ਮੈਦਾਨ ''ਤੇ ਇਕ ਪ੍ਰਸ਼ੰਸਕ ਨੇ ਕੀਤੀ ਅਜਿਹੀ ਹਰਕਤ, ਜਿਸ ਨੂੰ ਦੇਖ ਹਰ ਕੋਈ ਰਹਿ ਗਿਆ ਹੈਰਾਨ

03/27/2019 6:28:44 PM

ਨਵੀਂ ਦਿੱਲੀ : ਸੀ. ਐੱਸ. ਕੇ. ਨੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ 5ਵੇਂ ਮੈਚ ਵਿਚ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਦਿੱਲੀ ਨੂੰ 2 ਮੈਚਾਂ ਵਿਚ ਮਿਲੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਜਿੱਤ ਨਾਲ ਇਸ ਸੀਜ਼ਨ ਵਿਚ ਸੀ. ਐੱਸ. ਕੇ ਚੋਟੀ 'ਤੇ ਪਹੁੰਚ ਗਈ ਹੈ। ਇਸ ਮੈਚ ਵਿਚ ਸ਼ੇਨ ਵਾਟਸਨ 'ਮੈਨ ਆਫ ਦਿ ਮੈਚ' ਰਹੇ। ਸ਼ੇਨ ਵਾਟਸਨ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ 26 ਗੇਂਦਾਂ ਵਿਚ 44 ਦੌੜਾਂ ਬਣਾਈਆਂ।

ਵਾਟਸਨ ਨੇ 7ਵੇਂ ਓਵਰ ਵਿਚ ਅਮਿਤ ਮਿਸ਼ਰਾ ਦੀ ਗੇਂਦ 'ਤੇ ਛੱਕਾ ਲਾਇਆ ਤਾਂ ਗੇਂਦ ਬਾਊਂਡਰੀ ਤੋਂ ਬਾਹਰ ਦਰਸ਼ਕਾਂ ਵਿਚ ਜਾ ਡਿੱਗੀ। ਦਰਸ਼ਕਾਂ ਵਿਚ ਬੈਠੇ ਇਕ ਫੈਨ ਨੇ ਗੇਂਦ ਨੂੰ ਕੈਚ ਕਰ ਲਿਆ ਪਰ ਬਦਮਾਸ਼ੀ ਕਰਦਿਆਂ ਉਸ ਨੇ ਗੇਂਦ ਨੂੰ ਵਾਪਸ ਹੀ ਨਹੀਂ ਕੀਤਾ। ਜਿਸ ਤੋਂ ਬਾਅਦ ਅੰਪਾਇਰ ਨੂੰ ਦੂਜੀ ਗੇਂਦ ਨਾਲ ਮੈਚ ਸ਼ੁਰੂ ਕਰਨਾ ਪਿਆ। ਇਸ ਤੋਂ ਬਾਅਦ ਪੁਲਸ ਨੂੰ ਜਾ ਕੇ ਗੇਂਦ ਲੱਭਣੀ ਪਈ ਸੀ। ਮੈਦਾਨ 'ਤੇ ਪ੍ਰਸ਼ੰਸਕ ਦੀ ਅਜਿਹੀ ਹਰਕਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।