IPL 2018 : ਇਕ ਵਾਰ ਫਿਰ ਧੋਨੀ ਦਾ DRS ਹੋਇਆ ਸਹੀ, ਅੰਪਾਇਰ ਨੂੰ ਇੰਝ ਸਾਬਤ ਕੀਤਾ ਗ਼ਲਤ

05/04/2018 4:29:34 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਦੇ ਕੱਲ ਹੋਏ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸ਼ੁਭਮਨ ਗਿੱਲ ਦੀ ਸ਼ਾਨਦਾਰ 57 ਦੌੜਾਂ ਦੀ ਪਾਰੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ 6 ਚੌਕੇ ਅਤੇ ਦੋ ਛੱਕੇ ਲਗਾਏ। ਪਰ ਮੈਨ ਆਫ ਦਿ ਮੈਚ ਸੁਨੀਲ ਨਰੇਨ ਨੂੰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ 2 ਵਿਕਟ ਝਟਕਾਏ ਅਤੇ ਨਾਲ ਹੀ 32 ਦੌੜਾਂ ਦੀ ਪਾਰੀ ਵੀ ਖੇਡੀ ਅਤੇ ਓਪਨਿੰਗ 'ਚ ਸ਼ੁਰੂਆਤ ਦਿਵਾਈ। ਪਰ ਮੈਚ 'ਚ ਸਭ ਤੋਂ ਖ਼ਾਸ ਸੀ ਧੋਨੀ ਦਾ ਉਹ ਫੈਸਲਾ ਜਿਸ ਨੇ ਅੰਪਾਇਰ ਨੂੰ ਵੀ ਹੈਰਾਨ ਕਰ ਦਿੱਤਾ।

ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 177 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਬੱਲੇਬਾਜ਼ੀ ਕਰਨ ਉਤਰੀ। ਚੇਨਈ ਨੂੰ ਜਿੱਤਣ ਦੇ ਲਈ ਛੇਤੀ ਤੋਂ ਛੇਤੀ ਵਿਕਟ ਝਟਕਾਉਣ ਦੀ ਜ਼ਰੂਰਤ ਸੀ। ਪਹਿਲਾ ਮੌਕਾ ਧੋਨੀ ਦੇ ਮਹੱਤਵਪੂਰਨ ਫੈਸਲੇ ਦੇ ਕਾਰਨ ਮਿਲਿਆ। ਕ੍ਰਿਸ ਲਿਨ ਬੱਲੇਬਾਜ਼ੀ ਕਰ ਰਹੇ ਸਨ ਅਤੇ ਲੁੰਗੀ ਐਂਗੀਡੀ ਦੇ ਹੱਥ 'ਚ ਗੇਂਦ ਸੀ। ਲੁੰਗੀ ਦੀ ਗੇਂਦ 'ਤੇ ਲਿਨ ਨੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੈਟ ਦਾ ਅਲਟ੍ਰਾਐਜ ਲੈ ਕੇ ਸਲਿਪ 'ਤੇ ਨਿਕਲ ਗਈ ਜਿਸ ਨੂੰ ਵਾਟਸਨ ਨੇ ਕੈਚ ਕਰ ਲਿਆ। ਅਪੀਲ ਕੀਤੀ ਗਈ ਪਰ ਅੰਪਾਇਰ ਨੇ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਧੋਨੀ ਨੇ ਡੀ.ਆਰ.ਐੱਸ. ਦੀ ਮੰਗ ਕੀਤੀ। ਉਨ੍ਹਾਂ ਦਾ ਫੈਸਲਾ ਸਹੀ ਸਾਬਤ ਹੋਇਆ ਅਤੇ ਚੇਨਈ ਨੂੰ ਪਹਿਲੀ ਸਫਲਤਾ ਮਿਲ ਗਈ। ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਇਸ ਮੁਕਾਬਲੇ ਨੂੰ ਹਾਰਨ ਦੇ ਬਾਅਦ ਦੂਜੇ ਸਥਾਨ 'ਤੇ ਆ ਚੁੱਕਾ ਹੈ। ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦਾ ਪਲੇਅ ਆਫ 'ਚ ਪਹੁੰਚਣਾ ਵੀ ਆਸਾਨ ਨਜ਼ਰ ਆ ਰਿਹਾ ਹੈ।