IPL 2018: ਮੈਚ ਹਾਰਨ ਦੇ ਬਾਅਦ ਗੰਭੀਰ ਨੇ ਦੱਸੀ ਹਾਰ ਦੀ ਵਜ੍ਹਾ

04/12/2018 4:20:42 PM

ਨਵੀਂ ਦਿੱਲੀ (ਬਿਊਰੋ)— ਕੋਲਕਾਤਾ ਨੂੰ ਛੱਡ ਆਪਣੀ ਟੀਮ ਦਿੱਲੀ ਦੇ ਨਾਲ ਜੁੜੇ ਗੌਤਮ ਗੰਭੀਰ ਹੁਣ ਤਕ ਬੇਅਸਰ ਨਜ਼ਰ ਆਏ ਹਨ। ਆਈ.ਪੀ.ਐੱਲ. ਸੀਜ਼ਨ 11 ਦੇ ਪਹਿਲਾਂ ਦੋਵੇਂ ਮੁਕਾਬਲਿਆਂ 'ਚ ਗੌਤਮ ਗੰਭੀਰ ਦੀ ਕਪਤਾਨੀ ਦਾ ਜਲਵਾ ਨਹੀਂ ਦਿਸ ਪਾਇਆ। ਜਿਥੇ ਟੀਮ ਨੂੰ ਪਹਿਲੇ ਮੈਚ 'ਚ ਕਿੰਗਸ ਇਲੈਵਨ ਪੰਜਾਬ ਦੇ ਹਥੋਂ ਹਾਰ ਝੱਲਣੀ ਪਈ, ਉਥੇ ਹੀ ਦੂਜੇ ਮੈਚ 'ਚ ਮੀਂਹ ਦੀ ਵਜ੍ਹਾ ਨਾਲ ਕਿਸਮਤ ਉਨ੍ਹਾਂ ਨੂੰ ਧੋਖਾ ਦੇ ਗਈ। ਕਲ ਰਾਤ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਡਕਵਰਥ ਲੁਈਸ ਨਿਯਮ ਦੇ ਤਹਿਤ ਦਿੱਲੀ ਨੂੰ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਦਿੱਲੀ ਦੀ ਟੀਮ ਦੇ ਕਪਤਾਨ ਗੌਤਮ ਗੰਭੀਰ ਨੇ ਇਸ਼ਾਰਾ ਕੀਤਾ ਕਿ ਮੀਂਹ ਦੀ ਵਜ੍ਹਾ ਕਰਕੇ ਮੈਚ ਉਨ੍ਹਾਂ ਦੇ ਪਾਲੇ 'ਚੋਂ ਬਾਹਰ ਚਲ ਗਿਆ।

ਗੌਤਮ ਗੰਭੀਰ ਨੇ ਕਿਹਾ ਕਿ ਬੱਲੇਬਾਜ਼ੀ ਲਈ ਬਿਹਤਰੀਨ ਵਿਕਟ ਸੀ, ਅਸੀਂ ਕਾਫੀ ਸਮੇਂ ਤਕ ਮੁਕਾਬਲੇ 'ਚ ਬਣੇ ਹੋਏ ਸੀ। 18ਵੇਂ ਓਵਰ ਤਕ ਰਾਜਸਥਾਨ ਦਾ ਸਕੋਰ 150 ਦੇ ਆਲੇ-ਦੁਆਲੇ ਸੀ। ਸਾਡੀ ਕੋਸ਼ਿਸ਼  ਉਨ੍ਹਾਂ ਨੂੰ 170 ਤਕ ਰੋਕਣ ਦੀ ਸੀ ਅਤੇ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਸੀ।

ਗੰਭੀਰ ਨੇ ਕਿਹਾ ਕਿ ਜੇਕਰ 20 ਓਵਰਾਂ ਦਾ ਮੁਕਾਬਲਾ ਹੁੰਦਾ ਤਾਂ ਸਾਡੇ ਲਈ ਟੀਚੇ ਦਾ ਸਾਹਮਣਾ ਕਰਨਾ ਆਸਾਨ ਹੋਣਾ ਸੀ। ਦਿੱਲੀ ਦੀ ਟੀਮ ਨੇ ਕਲ ਰਾਤ ਟਾਸ ਜਿੱਤ ਕੇ ਰਾਜਸਥਾਨ ਰਾਇਲਸ ਨੂੰ 17.5 ਓਵਰਾਂ 'ਚ 153 ਦੌੜਾਂ 'ਤੇ ਰੋਕ ਲਿਆ ਸੀ। ਜਿਸਦੇ ਬਾਅਦ ਮੀਂਹ ਦੀ ਵਜ੍ਹਾ ਨਾਲ ਸਕੋਰ ਘਟਾ ਕੇ 6 ਓਵਰਾਂ 'ਚ 71 ਦੌੜਾਂ ਦਾ ਟੀਚਾ ਕਰ ਦਿੱਤਾ ਗਿਆ, ਪਰ ਦਿੱਲੀ ਦੀ ਟੀਮ ਇਸ ਟੀਚੇ ਨੂੰ ਹਾਸਲ ਕਰਨ 'ਚ ਨਾਕਾਮਯਾਬ ਰਹੀ।