7 ਸਾਲ ਪਹਿਲਾਂ ਵੀ ਜਦੋਂ ਅਸ਼ਵਿਨ ਨੇ ਕੀਤੀ ਸੀ ਮਾਂਕਡਿੰਗ, ਤਦ ਸਚਿਨ ਨੇ ਬਦਲਿਆ ਸੀ ਫੈਸਲਾ (Video)

03/26/2019 4:45:53 PM

ਨਵੀਂ ਦਿੱਲੀ : ਆਈ. ਪੀ. ਐੱਲ. ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਨੇ ਸੋਮਵਾਰ ਨੂੰ ਰਾਜਸਥਾਨ ਰਾਇਲਸ ਦੇ ਜੋਸ ਬਟਲਰ ਨੂੰ ਮਾਂਕਡਿੰਗ ਕਰ ਆਊਟ ਕੀਤਾ। ਇਸ ਦੇ ਬਾਅਦ ਤੋਂ ਖੇਡ ਭਾਵਨਾ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਅਸ਼ਵਿਨ ਨੇ 7 ਸਾਲ ਪਹਿਲਾਂ ਵੀ ਇਸ ਤਰ੍ਹਾਂ ਬੱਲੇਬਾਜ਼ ਨੂੰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਿਹਾ ਸੀ। ਸ਼੍ਰੀਲੰਕਾ ਖਿਲਾਫ ਬ੍ਰਿਸਬੇਨ ਵਿਚ ਕਾਮਨਵੈਲਥ ਬੈਂਕ ਸੀਰੀਜ਼ ਦੇ ਇਕ ਮੈਚ ਦੌਰਾਨ 21 ਫਰਵਰੀ 2012 ਨੂੰ ਅਸ਼ਵਿਨ ਨੇ ਦੂਜੇ ਪਾਸੇ ਖੜੇ ਲਾਹਿਰੂ ਥਿਰਿਮਾਨੇ ਨੂੰ ਮਾਂਕਡਿੰਗ ਆਊਟ ਕੀਤਾ ਸੀ ਪਰ ਉਸ ਸਮੇਂ ਸਭ ਤੋਂ ਸੀਨੀਅਰ ਖਿਡਾਰੀ ਸਚਿਨ ਤੇਂਦੁਲਕਰ ਨੇ ਉਸ ਸਮੇਂ ਕਪਤਾਨੀ ਕਰ ਰਹੇ ਵਰਿੰਦਰ ਸਹਿਵਾਗ ਨਾਲ ਗੱਲ ਕੀਤੀ ਅਤੇ ਥਿਰਿਮਾਨੇ ਖਿਲਾਫ ਅਪੀਲ ਵਾਪਸ ਲੈਣ ਦਾ ਫੈਸਲਾ ਕੀਤਾ।

ਅਸ਼ਵਿਨ ਉਸ ਸਮੇਂ ਜੂਨੀਅਰ ਖਿਡਾਰੀ ਸੀ ਅਤੇ ਉਸ ਨੇ ਜੋ ਕੀਤਾ ਨਿਯਮ ਦੇ ਅੰਦਰ ਰਹਿ ਕੇ ਕੀਤਾ ਪਰ ਉਸ ਸਮੇਂ ਸੀਨੀਅਰ ਖਿਡਾਰੀਆਂ ਦੀ ਸੋਚ ਅਲੱਗ ਸੀ। ਜਿੱਥੇ ਤੱਕ ਬਟਲਰ ਦਾ ਸਵਾਲ ਹੈ ਤਾਂ ਸ਼੍ਰੀਲੰਕਾ ਦੇ ਸਚਿਤਰ ਸੇਨਾਨਾਇਕ ਨੇ 3 ਜੂਨ 2014 ਨੂੰ ਏਜਬਸਟਨ ਵਿਖੇ ਖੇਡੇ ਗਏ ਇਕ ਮੈਚ ਦੌਰਾਨ ਬਟਲਰ ਨੂੰ ਮਾਂਕਡਿੰਗ ਆਊਟ ਕਰਨ ਤੋਂ ਪਹਿਲਾ ਚਿਤਾਵਨੀ ਦਿੱਤੀ ਸੀ। ਕਪਿਲ ਦੇਵ ਨੇ 3 ਦਸੰਬਰ 1992 ਨੂੰ ਪੋਰਟ ਐਲੀਜ਼ਾਬੈਥ ਵਿਖੇ ਵਨ ਡੇ ਮੈਚ ਦੌਰਾਨ ਪੀਟਰ ਕਰਸਟਨ ਨੂੰ ਇਸੇ ਤਰ੍ਹਾਂ ਆਊਟ ਕੀਤਾ ਸੀ ਹਾਲਾਂਕਿ ਕਰਸਟਨ ਨੂੰ ਆਊਟ ਕਰਨ ਤੋਂ ਪਹਿਲਾਂ ਚਿਤਾਵਨੀ ਵੀ ਦਿੱਤੀ ਗਈ ਸੀ। ਗੁੱਸੇ ਨਾਲ ਭਰੇ ਕਰਸਟਨ ਪਵੇਲੀਅਨ ਪਰ ਗਏ ਅਤੇ ਉਸ ਸਮੇਂ ਦੇ ਕਪਤਾਨ ਕੇਪਲਰ ਵੇਲਸਸ ਨੂੰ ਇਹ ਗਲਤ ਲੱਗਾ ਸੀ। ਉਸ ਤੋਂ ਬਾਅਦ ਦੂਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਵੇਸਲਸ ਨੇ ਆਪਣਾ ਬੱਲਾ ਇਸ ਤਰ੍ਹਾਂ ਘੁਮਾਇਆ ਕਿ ਕਪਿਲ ਨੂੰ ਸੱਟ ਲੱਗੀ। ਉਸ ਸਮੇਂ ਮੈਚ ਰੈਫਰੀ ਨਹੀਂ ਹੁੰਦੇ ਸੀ ਤਾਂ ਵੇਸਲਸ ਨੂੰ ਕੋਈ ਸਜ਼ਾ ਨਹੀਂ ਹੋਈ। ਘਰੇਲੂ ਕ੍ਰਿਕਟ ਵਿਚ ਰੇਲਵੇ ਦੇ ਸਪਿਨਰ ਮੁਰਲੀ ਕਾਰਤਿਕ 2 ਵਾਰ ਬੱਲੇਬਾਜ਼ਾਂ ਨੂੰ ਮਾਂਕਡਿੰਗ ਆਊਟ ਕਰ ਚੁੱਕੇ ਹਨ।