IOC ਦੇ ਸੀਨੀਅਰ ਮੈਂਬਰ ਨੇ ਕਿਹਾ- ਕੋਰੋਨਾ ਫ਼ੈਲ ਰਿਹਾ ਹੈ, ਟੋਕੀਓ ਓਲੰਪਿਕ ਹੋਣਗੇ ਇਸ ਦਾ ਯਕੀਨ ਨਹੀਂ

01/08/2021 7:20:20 PM

ਟੋਕੀਓ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸੀਨੀਅਰ ਮੈਂਬਰ ਨੇ ਕਿਹਾ ਕਿ ਜਾਪਾਨ ਤੇ ਹੋਰ ਦੇਸ਼ਾਂ ’ਚ ਕੋਵਿਡ-19 ਮਹਾਮਾਰੀ ਦੇ ਵਧਣ ਦੇ ਕਾਰਨ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ 6 ਮਹੀਨਿਆਂ ਬਾਅਦ ਟੋਕੀਓ ਓਲੰਪਿਕ ਖੇਡਾਂ ਦਾ ਆਯੋਜਨ ਹੋ ਸਕੇਗਾ। ਜਾਪਾਨ ਦੇ ਪ੍ਰਧਾਨਮੰਤਰੀ ਯੋਸ਼ੀਹਿਦੇ ਸੁਗਾ ਨੇ ਵੀਰਵਾਰ ਨੂੰ ਟੋਕੀਓ ਤੇ ਆਸਪਾਸ ਦੇ ਖੇਤਰਾਂ ’ਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕੈਨੇਡਾ ਦੇ ਆਈ. ਓ. ਸੀ. ਦੇ ਸੀਨੀਅਰ ਮੈਂਬਰ ਰਿਚਰਡ ਪਾਉਂਡ ਨੇ ਇਹ ਟਿੱਪਣੀ ਕੀਤੀ।

ਪਾਉਂਡ ਨੇ ਟੋਕੀਓ ਓਲੰਪਿਕ ਦੇ ਭਵਿੱਖ ਬਾਰੇ ਕਿਹਾ, ‘‘ਮੈਂ ਪੂਰੇ ਯਕੀਨ ਨਾਲ ਨਹੀਂ ਕਹਿ ਸਕਦਾ ਕਿਉਂਕਿ ਵਾਇਰਸ ਅਜੇ ਵੀ ਫ਼ੈਲ ਰਿਹਾ ਹੈ।’’ ਜਾਪਾਨ ’ਚ ਐਮਰਜੈਂਸੀ ਦੀ ਸਥਿਤੀ ਦਾ ਹੁਕਮ ਫ਼ਰਵਰੀ ਦੇ ਪਹਿਲੇ ਹਫ਼ਤੇ ਤੱਕ ਰਹੇਗਾ। ਟੋਕੀਓ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2447 ਨਵੇਂ ਮਾਮਲੇ ਸਾਹਮਣੇ ਆਏ ਜੋ ਪਹਿਲੇ ਦਿਨ ਦੇ ਮੁਕਾਬਲੇ ਦੁਗਣੇ ਹਨ। ਟੋਕੀਓ ਲਈ ਇਹ ਮਹੱਤਵਪੂਰਨ ਸਮਾਂ ਹੈ। ਆਯੋਜਕ ਕਹਿ ਰਹੇ ਹਨ ਕਿ ਓਲੰਪਿਕ ਖੇਡਾਂ ਦਾ ਆਯੋਜਨ ਹੋਵੇਗਾ ਪਰ ਉਹ ਆਪਣੀ ਠੋਸ ਯੋਜਨਾ ਦਾ ਖੁਲਾਸਾ ਨਹੀਂ ਕਰ ਰਹੇ ਹਨ।

ਪਾਉਂਡ ਨੇ ਇਸ ਦੇ ਨਾਲ ਕਿਹਾ ਕਿ ਟੀਕਾਕਰਨ ’ਚ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ‘ਰੋਲ ਮਾਡਲ’ ਹਨ। ਇਹ ਆਈ. ਸੀ. ਸੀ. ਪ੍ਰਧਾਨ ਥਾਮਸ ਬਾਕ ਦੇ ਬਿਆਨ ਤੋਂ ਉਲਟ ਹੈ। ਬਾਕ ਨੇ ਨਵੰਬਰ ’ਚ ਕਿਹਾ ਸੀ ਕਿ ਖਿਡਾਰੀਆਂ ਨੂੰ ਟੀਕੇ ਦੀ ਜ਼ਰੂਰਤ ਨਹੀਂ ਪਵੇਗੀ ਤੇ ਉਨ੍ਹਾਂ ਨੂੰ ਤਰਜੀਹ ’ਚ ਨਹੀਂ ਰੱਖਿਆ ਜਾਵੇਗਾ।

Tarsem Singh

This news is Content Editor Tarsem Singh