ਇੰਜੈਕਸ਼ਨ ਤੇ ਸਰਿੰਜਾਂ ਮਿਲਣ ਦਾ ਮਾਮਲਾ : ਭਾਰਤੀ ਮੁੱਕੇਬਾਜ਼ ਡੋਪਿੰਗ ਦੋਸ਼ਾਂ ਤੋਂ ਬਰੀ

04/03/2018 9:59:30 AM

ਗੋਲਡ ਕੋਸਟ (ਬਿਊਰੋ)— ਭਾਰਤੀ ਰਾਸ਼ਟਰਮੰਡਲ ਖੇਡ ਦਲ ਨੂੰ ਸੋਮਵਾਰ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਸ ਦੇ ਮੁੱਕੇਬਾਜ਼ਾਂ ਨੂੰ ਡੋਪਿੰਗ ਉਲੰਘਣਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹਾਲਾਂਕਿ ਉਹ 'ਪ੍ਰਤੀਯੋਗਿਤਾ ਦੌਰਾਨ ਕਿਸੇ ਤਰ੍ਹਾਂ ਦੀ ਨੀਡਲ (ਸੂਈ) ਨਾਲ ਨਹੀਂ ਰੱਖਣ ਦੀ ਨੀਤੀ' ਦੀ ਉਲੰਘਣਾ ਕਰਨ ਕਾਰਨ ਸ਼ੱਕ ਦੇ ਦਾਇਰੇ ਵਿਚ ਰਹਿਣਗੇ। 
ਰਾਸ਼ਟਰ ਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੇ ਇਸ ਮਾਮਲੇ ਵਿਚ ਸ਼ਾਮਲ ਦੇਸ਼ ਦੇ ਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਹੈ, ਜਿਸ ਦੀ ਸ਼ੱਕ ਦੀ ਸੂਈ ਭਾਰਤ ਵੱਲ ਹੈ।  ਸੀ. ਜੀ. ਐੱਫ. ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਰਾਸ਼ਟਰਮੰਡਲ ਖੇਡ ਸੰਘ ਨੂੰ ਕੱਲ ਸੁਣਵਾਈ ਲਈ ਬੁਲਾਇਆ ਗਿਆ ਪਰ ਇਸ ਵਿਚ ਕੋਈ ਡੋਪਿੰਗ ਅਪਰਾਧ ਸ਼ਾਮਲ ਨਹੀਂ ਹੈ।
ਸੀ. ਜੀ. ਐੱਫ. ਵੱਲੋਂ ਕਿਸੇ ਤਰ੍ਹਾਂ ਦੀ ਸੂਈ ਨਾਲ ਨਾ ਰੱਖਣ ਦੀ ਨੀਤੀ ਕਿਸੇ ਤਰ੍ਹਾਂ ਦੀ ਡਾਕਟਰੀ ਸਹਾਇਤਾ ਦੇ ਬਿਨਾਂ ਇੰਜੈਕਸ਼ਨ ਲੈਣ ਤੋਂ ਰੋਕਦੀ ਹੈ। ਇਸ ਨੀਤੀ ਵਿਚ ਸਿਰਫ ਉਨ੍ਹਾਂ ਖਿਡਾਰੀਆਂ ਲਈ ਢਿੱਲ ਵਰਤੀ ਗਈ ਹੈ, ਜਿਨ੍ਹਾਂ ਲਈ ਕਿਸੇ ਡਾਕਟਰ ਦੀ ਦੇਖ-ਰੇਖ ਵਿਚ ਕੋਈ ਦਵਾਈ ਜਾਂ ਪੌਸ਼ਟਿਕ ਤੱਤ ਲੈਣਾ ਜ਼ਰੂਰੀ ਹੈ।
ਸੀ. ਜੀ. ਐੈੱਫ. ਨੇ ਹਾਲਾਂਕਿ ਕਿਹਾ ਕਿ ਖਿਡਾਰੀਆਂ ਨੂੰ ਪਹਿਲਾਂ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ ਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ 'ਤੇ ਪਾਬੰਦੀ ਲਾਈ ਜਾ ਸਕਦੀ ਹੈ। ਭਾਰਤੀ ਮੁੱਕੇਬਾਜ਼ਾਂ ਦੇ ਸਰਿੰਜ ਰੱਖਣ ਦੀਆਂ ਰਿਪੋਰਟਾਂ ਵਿਚਾਲੇ ਸੀ. ਜੀ. ਐੱਫ. ਦੀ ਮੀਟਿੰਗ ਤੋਂ ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਦਲ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। 
ਇਸ ਤੋਂ ਪਹਿਲਾਂ ਸੀ. ਜੀ. ਐੱਫ. ਦੇ ਮੁੱਖ ਕਾਰਜਕਾਰੀ ਡੇਵਿਡ ਗਵਮਬਰਗ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਸਰਿੰਜ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸੀ. ਜੀ. ਐੱਫ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਜਿਨ੍ਹਾਂ ਦੇਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਭਾਰਤ ਦਾ ਨਾਂ ਨਹੀਂ ਲਿਆ।  ਗਵਮਬਰਗ ਨੇ ਕਿਹਾ ਕਿ ਸੀ. ਜੀ. ਐੱਫ. ਸਬੰਧਤ ਰਾਸ਼ਟਰ ਮੰਡਲ ਖੇਡ ਮਹਾਸੰਘ ਨਾਲ ਗੱਲਬਾਤ ਕਰ ਰਿਹਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਸ ਮਾਮਲੇ ਵਿਚ ਭਾਰਤੀ ਮੁੱਕੇਬਾਜ਼ ਜਾਂਚ ਦੇ ਦਾਇਰੇ ਵਿਚ ਹਨ। 
ਭਾਰਤੀ ਦਲ ਨੇ ਆਪਣੇ ਵੱਲੋਂ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਿੰਜ ਕਿਸੇ ਹੋਰ ਟੀਮ ਦੀ ਹੋ ਸਕਦੀ ਹੈ, ਜਿਹੜੀ ਖੇਡ ਪਿੰਡ ਦੇ ਉਸੇ ਕੰਪਾਊਂਡ ਵਿਚ ਠਹਿਰੀ ਹੋਈ ਹੈ। ਇਕ ਚੋਟੀ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਰਿੰਜ ਇਕ ਭਾਰਤੀ ਤੋਂ ਮਿਲੀ ਹੈ ਪਰ ਉਨ੍ਹਾਂ ਨੇ ਡੋਪਿੰਗ ਓਲੰਘਣਾ ਦਾ ਖੰਡਨ ਕੀਤਾ ਹੈ।