ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ 34 ਸਾਲਾਂ ਦੇ ਹੋਏ, ਖੇਡ ਮੰਤਰੀ ਨੇ ਦਿੱਤੀ ਵਧਾਈ

05/26/2017 3:42:50 PM

ਨਵੀਂ ਦਿੱਲੀ— ਭਾਰਤ ਦੇ ਇਕਮਾਤਰ ਦੋਹਰੇ ਨਿਜੀ ਓਲੰਪਿਕ ਤਮਗੇ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅੱਜ 34 ਸਾਲਾਂ ਦੇ ਹੋ ਗਏ। ਸੁਸ਼ੀਲ ਦਾ ਜਨਮ 26 ਮਈ, 1983 ਨੂੰ ਨਜ਼ਫਗੜ੍ਹ ਦੇ ਕੋਲ ਬਾਰਪੋਲਾ ਪਿੰਡ 'ਚ ਹੋਇਆ। ਉਨ੍ਹਾਂ 14 ਸਾਲ ਦੀ ਉਮਰ ਤੋਂ ਹੀ ਪਹਿਲਵਾਨੀ ਸ਼ੁਰੂ ਕਰ ਦਿੱਤੀ ਸੀ। ਪਦਮ ਭੂਸ਼ਣ, ਦ੍ਰੋਣਾਚਾਰਿਆ ਅਤੇ ਅਰਜੁਨ ਪੁਰਸਕਾਰ ਜੇਤੂ ਮਹਾਬਲੀ ਸਤਪਾਲ ਤੋਂ ਪਹਿਲਵਾਨੀ ਦੇ ਗੁਰ ਸਿੱਖਣ ਵਾਲੇ ਸੁਸ਼ੀਲ ਨੇ 2008 'ਚ ਬੀਜਿੰਗ ਓਲੰਪਿਕ 'ਚ ਕਾਂਸੀ ਅਤੇ 2012 ਲੰਡਨ ਓਲੰਪਿਕ 'ਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ 2010 ਅਤੇ 2014 ਰਾਸ਼ਟਰਮੰਡਲ ਖੇਡਾਂ 'ਚ ਵੀ ਸੋਨ ਤਮਗੇ ਆਪਣੇ ਨਾਂ ਕੀਤੇ ਹਨ। ਸੁਸ਼ੀਲ 2010 ਵਿਸ਼ਵ ਚੈਂਪੀਅਨਸ਼ਿਪ 'ਚ ਵੀ ਸੋਨ ਤਮਗਾ ਜਿੱਤਣ 'ਚ ਸਫਲ ਰਹੇ। 
ਖੇਡ ਮੰਤਰੀ ਵਿਜੇ ਗੋਇਲ ਨੇ ਸੋਸ਼ਲ ਮੀਡੀਆ 'ਤੇ ਸੁਸ਼ੀਲ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ''ਸੁਸ਼ੀਲ ਕੁਮਾਰ ਨੂੰ ਜਨਮ ਦਿਨ ਦੀ ਵਧਾਈ। ਰੱਬ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਬੀ ਉਮਰ ਹੋਣ ਦੀ ਦੁਆ ਕਰਦਾਂ ਹਾਂ। ਸਦਾ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹੋ।'' ਸਤਪਾਲ ਨੇ ਲਿਖਿਆ, ''ਮੇਰੇ ਸਭ ਤੋਂ ਪਿਆਰੇ ਸ਼ਾਗਿਰਦ (ਚੇਲੇ) ਅਤੇ ਜਵਾਈ ਨੂੰ ਜਨਮਦਿਨ ਦੀ ਦੀਆਂ ਸ਼ੁੱਭਕਾਮਨਾਵਾਂ। ਰੱਬ ਤੁਹਾਨੂੰ ਬਹੁਤ ਸਫਲਤਾ ਦੇਵੇ ਅਤੇ ਅੱਗੇ ਆਉਣ ਵਾਲੀ ਤੁਹਾਡੀ ਜ਼ਿੰਦਗੀ ਵੀ ਬਿਹਤਰੀਨ ਹੋਵੇ ਅਤੇ ਤੁਸੀਂ ਸਾਡੇ ਦੇਸ਼ ਨੂੰ ਪ੍ਰਸਿੱਧੀ ਦਿਵਾਓ, ਜਿਵੇਂ ਕਿ ਤੁਸੀਂ ਹਮੇਸ਼ਾ ਕਰਦੇ ਆਏ ਹੋ। ਮੇਰੀਆਂ ਅਸੀਸਾਂ ਅਤੇ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹੈ। ਸਖਤ ਮਿਹਨਤ ਕਰਦੇ ਰਹੋ। ਜਨਮ ਦਿਨ ਮੁਬਾਰਕ ਹੋਵੇ।''
ਭਾਰਤ ਦੇ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ ਨੇ ਸੁਸ਼ੀਲ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ''ਜਨਮ ਦਿਨ ਮੁਬਾਰਕ ਹੋਵੇ।'' ਭਾਰਤੀ ਓਲੰਪਿਕ ਸੰਘ ਨੇ ਅਧਿਕਾਰਤ ਟਵਿੱਟਰ ਪੇਜ 'ਤੇ ਸੁਸ਼ੀਲ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਆਈ.ਓ.ਏ. ਦਲ ਵੱਲੋਂ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਸੁਸ਼ੀਲ ਨੂੰ ਜਨਮ ਦਿਨ ਦੀ ਵਧਾਈ।'' ਸੁਸ਼ੀਲ ਨੂੰ ਸਾਲ 2005 'ਚ ਅਰਜੁਨ, ਸਾਲ 2009 'ਚ ਰਾਜੀਵ ਗਾਂਧੀ ਖੇਡ ਰਤਨ ਅਤੇ 2011 'ਚ ਪਦਮ ਸ਼੍ਰੀ ਵਰਗੇ ਦੇਸ਼ ਦੇ ਉੱਚ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਾ ਹੈ।