ਅਰਜਨਟੀਨਾ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

07/17/2017 4:01:07 PM

ਜੋਹਾਨਿਸਬਰਗ— ਭਾਰਤੀ ਮਹਿਲਾ ਹਾਕੀ ਟੀਮ ਨੂੰ ਮਹਿਲਾ ਵਿਸ਼ਵ ਹਾਕੀ ਲੀਗ ਸੈਮੀਫਾਈਨਲ ਦੇ ਆਖਿਰੀ ਗਰੁੱਪ ਮੈਚ 'ਚ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਅਰਜਨਟੀਨਾ ਨੇ 0-3 ਨਾਲ ਹਰਾ ਦਿੱਤਾ। ਅਰਜਨਟੀਨਾ ਵਲੋਂ ਰੋਸ਼ਿਓ ਸਾਂਚੇਸ ਨੇ ਦੂਜੇ ਮਿੰਟ, ਮਾਰੀਆ ਗ੍ਰਾਨਾਟੋ ਨੇ 14ਵੇਂ ਅਤੇ ਨੋਇਲ ਵਿਰਿਓਨੁਏਵੋ ਨੇ 25ਵੇਂ ਮਿੰਟ 'ਚ ਗੋਲ ਕੀਤੇ। ਉਥੇ ਹੀ ਭਾਰਤੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ। ਅਰਜਨਟੀਨਾ ਨੇ ਦੂਜੇ ਹੀ ਮਿੰਟ 'ਚ ਰੋਸ਼ਿਓ ਦੇ ਗੋਲ ਦੀ ਸਹਾਇਤਾ ਨਾਲ ਬੜ੍ਹਤ ਬਣਾ ਲਈ ਸੀ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ੁਰੂਆਤ ਤੋਂ ਹੀ ਕਈ ਗੋਲ ਬਚਾਏ। ਉਸ ਨੇ ਪਹਿਲਾ ਸ਼ਾਟ ਬਚਾਇਆ ਪਰ ਰੋਸ਼ਿਓ ਨੇ ਦੂਜੇ ਸ਼ਾਟ 'ਤੇ ਗੋਲ ਕਰ ਦਿੱਤਾ। ਭਾਰਤੀ ਟੀਮ ਬਰਾਬਰੀ ਦਾ ਗੋਲ ਕਰਨ ਦੇ ਕਰੀਬ ਉਦੋਂ ਪਹੁੰਚੀ ਜਦ ਨਮਿਤਾ ਟੋਪੋ ਦੇ ਪਾਸ 'ਤੇ ਵੰਦਨਾ ਕਟਾਰੀਆ ਨੇ ਹਮਲਾ ਕੀਤਾ ਪਰ ਵਿਰੋਧੀ ਗੋਲਕੀਪਰ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸਵਿਤਾ ਨੇ ਪਿਛਲੇ 15 ਮਿੰਟ 'ਚ ਚਾਰ ਗੋਲ ਬਚਾਏ। ਅਰਜਨਟੀਨਾ ਨੇ ਪਹਿਲਾ ਪੇਨਲਟੀ ਕਾਰਨਰ 6ਵੇਂ ਮਿੰਟ 'ਚ ਹਾਸਲ ਕੀਤਾ ਪਰ ਨਮਿਤਾ ਨੇ ਇਸ 'ਤੇ ਗੋਲ ਨਹੀਂ ਹੋਣ ਦਿੱਤਾ। ਮਾਰੀਆ ਗ੍ਰਾਨਾਟੋ ਨੇ 14ਵੇਂ ਮਿੰਟ 'ਚ ਗੋਲ ਕਰਕੇ ਅਰਜਨਟੀਨਾ ਨੂੰ 2-0 ਨਾਲ ਬੜ੍ਹਤ ਦਿਵਾਈ। ਭਾਰਤ ਨੂੰ 23ਵੇਂ ਮਿੰਟ 'ਚ ਪੇਨਲਟੀ ਕਾਰਨਰ ਮਿਲਿਆ ਪਰ ਰਾਣੀ ਦੇ ਸ਼ਾਟ ਨੂੰ ਵਿਰੋਧੀ ਗੋਲਕੀਪਰ ਨੇ ਬਚਾ ਲਿਆ। ਅਰਜਨਟੀਨਾ ਨੂੰ 25ਵੇਂ ਮਿੰਟ 'ਚ ਪੇਨਲਟੀ ਸਟਰੋਕ ਮਿਲਿਆ, ਜਿਸ ਨੂੰ ਨੋਇਲ ਨੇ ਗੋਲ 'ਚ ਬਦਲਿਆ। ਅਰਜਨਟੀਨਾ ਨੂੰ 34ਵੇਂ ਮਿੰਟ 'ਚ ਲਗਾਤਾਰ ਪੇਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਰਜਨੀ ਨੇ ਉਸ ਨੂੰ ਬਚਾ ਲਿਆ। ਹਾਫ ਟਾਈਮ ਤੋਂ ਬਾਅਦ ਸਵਿਤਾ ਦੀ ਜਗ੍ਹਾ ਰਜਨੀ ਨੇ ਗੋਲਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਆਖਿਰੀ ਕੁਆਰਟਰ 'ਚ ਭਾਰਤੀ ਡਿਫੇਂਡਰਾਂ ਨੇ ਅਰਜਨਟੀਨਾ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ। ਭਾਰਤ ਨੂੰ ਕੱਲ੍ਹ ਕੁਆਰਟਰ ਫਾਈਨਲ 'ਚ ਇੰਗਲੈਂਡ ਨਾਲ ਖੇਡਣਾ ਹੈ।