Tokyo Olympics : ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਬਣਾਈ ਸੈਮੀਫ਼ਾਈਨਲ ’ਚ ਜਗ੍ਹਾ

08/02/2021 10:43:40 AM

ਸਪੋਰਟਸ ਡੈਸਕ–  ਟੋਕੀਓ ਓਲੰਪਿਕ ’ਚ ਗੁਰਜੀਤ ਕੌਰ ਦੇ ਇਕਲੌਤੇ ਗੋਲ ਦੇ ਦਮ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ’ਚ 3 ਵਾਰ ਦੀ ਸੋਨ ਤਮਗ਼ਾ ਜੇਤੂ ਆਸਟਰੇਲੀਆਈ ਮਹਿਲਾ ਹਾਕੀ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਟੋਕੀਓ ਓਲੰਪਿਕ ਦੇ ਸੈਮੀਫ਼ਾਈਨਲ ’ਚ ਪੁੱਜ ਗਈ ਹੈ।

ਜਿੱਤ ਦੀ ਨਾਇਕਾ ਗੋਲਕੀਪਰ ਸਵਿਤਾ ਪੂਨੀਆ ਰਹੀ ਜਿਨ੍ਹਾਂ ਨੇ ਕੁਲ 9 ਬਚਾਅ ਕੀਤੇ। ਜਦਕਿ ਭਾਰਤ ਲਈ ਇਕਲੌਤਾ ਤੇ ਫ਼ੈਸਲਾਕੁੰਨ ਗੋਲ ਗੁਰਜੀਤ ਕੌਰ ਨੇ 22ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤਾ। ਹੁਣ ਸੈਮੀਫਾਈਨਲ ’ਚ ਭਾਰਤ ਦਾ ਸਾਹਮਣਾ 4 ਅਗਸਤ ਨੂੰ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਜਰਮਨੀ ਨੂੰ 3-0 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ ਹੈ।

ਪਹਿਲੇ ਕੁਆਰਟਰ ’ਚ ਭਾਰਤੀ ਖਿਡਾਰੀਆਂ ਨੇ ਕੁਝ ਬਿਹਤਰੀਨ ਮੌਕੇ ਬਣਾਏ, ਪਰ ਉਹ ਗੋਲ ਨਾ ਕਰ ਸਕੀਆਂ। ਖੇਡ ਦੇ ਨੌਵੇਂ ਮਿੰਟ ’ਚ ਵੰਦਨਾ ਕਟਾਰੀਆ ਦਾ ਸ਼ਾਟ ਪੋਸਟ ’ਤੇ ਲਗਦੇ ਹੋਏ ਬਾਹਰ ਨਿਕਲ ਗਿਆ। ਆਸਟਰੇਲੀਆਈ ਟੀਮ ਕੋਲ ਵੀ ਗੋਲ ਕਰਨ ਦੇ ਮੌਕੇ ਸਨ, ਪਰ ਭਾਰਤੀ ਡਿਫੈਂਸ ਨੂੰ ਉਹ ਚਕਮਾ ਨਾ ਦੇ ਸਕੀ।

ਦੂਜੇ ਕੁਆਰਟਰ ’ਚ ਆਸਟਰੇਲੀਆ ਦਾ ਪਲੜਾ ਸ਼ੁਰੂਆਤੀ ਪੰਜ ਮਿੰਟਾਂ ਤਕ ਕਾਫ਼ੀ ਭਾਰੀ ਰਿਹਾ। ਆਸਟਰੇਲੀਆ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਗੋਲਕੀਪਰ ਤੇ ਡਿਫੈਂਡਰਾਂ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਕਰ ਦਿੱਤਾ। ਫਿਰ ਭਾਰਤ ਨੂੰ ਮੈਚ ਦੇ 22ਵੇਂ ਮਿੰਟ ’ਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਡ੍ਰੈਗ ਫਲਿਕਰ ਗੁਰਜੀਤ ਕੌਰ ਨੇ ਗੋਲ ’ਚ ਤਬਦੀਲ ਕਰ ਦਿੱਤਾ ਤੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।

ਤੀਜੇ ਤੇ ਚੌਥੇ ਕੁਆਰਟਰ ’ਚ ਆਸਟਰੇਲੀਆ ਨੂੰ ਕੁਲ 6 ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫ਼ੈਂਸ ਲਾਈਨ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਕਰ ਦਿੱਤਾ। ਹਾਲਾਂਕਿ ਤੀਜੇ ਕੁਆਰਟਰ ਦੇ 43ਵੇਂ ਤੇ 44ਵੇਂ ਮਿੰਟ ’ਚ ਭਾਰਤ ਨੂੰ ਵੀ ਸਕੋਰ ਕਰਨ ਦੇ ਕਈ ਮੌਕੇ ਮਿਲੇ ਪਰ ਨਵਨੀਤ ਕੌਰ ਤੇ ਰਾਣੀ ਰਾਮਪਾਲ ਇਨ੍ਹਾਂ ਦਾ ਲਾਹਾ ਨਾ ਲੈ ਸਕੀਆਂ।

Tarsem Singh

This news is Content Editor Tarsem Singh