ਭਾਰਤੀ ਮਹਿਲਾ ਟੀਮ ਨੇ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਨੂੰ 4-3 ਨਾਲ ਹਰਾਇਆ

09/19/2017 1:55:41 PM

ਐਂਟਵਰਪ (ਬੈਲਜੀਅਮ)— ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਯੂਰਪੀ ਦੌਰੇ ਦਾ ਸ਼ਾਨਦਾਰ ਅੰਤ ਕਰਦੇ ਹੋਏ ਉੱਥੇ ਰੋਮਾਂਚਕ ਮੁਕਾਬਲੇ 'ਚ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਨੂੰ 4-3 ਨਾਲ ਹਰਾਇਆ। ਭਾਰਤ ਲਈ ਗੁਰਜੀਤ ਕੌਰ (ਸਤਵੇਂ ਅਤੇ 11ਵੇਂ ਮਿੰਟ) ਅਤੇ ਕਪਤਾਨ ਰਾਨੀ (13ਵੇਂ ਅਤੇ 33ਵੇਂ ਮਿੰਟ) ਨੇ 2-2 ਗੋਲ ਦਾਗੇ ਜਿਸ ਨਾਲ ਮਹਿਮਾਨ ਟੀਮ ਨੇ ਦੌਰੇ 'ਤੇ ਪਹਿਲੀ ਜਿੱਤ ਦਰਜ ਕੀਤੀ। ਭਾਰਤ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਉਸ ਨੂੰ ਸਤਵੇਂ ਮਿੰਟ 'ਚ ਹੀ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਡਰੈਗ ਫਲਿਕਰ ਗੁਰਜੀਤ ਨੇ ਗੋਲ 'ਚ ਬਦਲਿਆ। ਇਸ ਡਿਫੈਂਡਰ ਨੇ 11ਵੇਂ ਮਿੰਟ 'ਚ ਪੈਨਲਟੀ ਕਾਰਨ 'ਤੇ ਇਕ ਹੋਰ ਗੋਲ ਦਾਗ ਕੇ ਭਾਰਤ ਦੀ ਬੜ੍ਹਤ ਨੂੰ 2-0 ਕੀਤਾ। ਕਪਤਾਨ ਰਾਨੀ ਨੇ ਇਸ ਤੋਂ ਬਾਅਦ 13ਵੇਂ ਮਿੰਟ 'ਚ ਮੈਦਾਨੀ ਗੋਲ ਦੇ ਨਾਲ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ। ਪਹਿਲੇ ਕੁਆਰਟਰ ਦੇ ਅੰਤ ਤੱਕ ਇਹੋ ਸਕੋਰ ਰਿਹਾ। ਦੂਜੇ ਕੁਆਰਟਰ ਦੀ ਸ਼ੁਰੂਆਤ 'ਚ ਹੀ ਗੋਲਕੀਪਰ ਰਜਨੀ ਐਟੀਮਾਰਪੂ ਨੇ ਗੋਤਾ ਲਗਾ ਕੇ ਸ਼ਾਨਦਾਰ ਬਚਾਅ ਕਰਦੇ ਹੋਏ ਬੈਲਜੀਅਮ ਦੀ ਟੀਮ ਨੂੰ ਖਾਤਾ ਖੋਲ੍ਹਣ ਤੋਂ ਦੂਜੀ ਵਾਰ ਰੋਕਿਆ। ਹਾਫ ਟਾਈਮ ਤੱਕ ਭਾਰਤੀ ਟੀਮ 3-0 ਨਾਲ ਅੱਗੇ ਸੀ।

ਭਾਰਤ ਨੇ ਤੀਜੇ ਕੁਆਰਟਰ 'ਚ ਤੇਜ਼ ਸ਼ੁਰੂਆਤ ਕੀਤੀ ਅਤੇ ਰਾਨੀ ਨੇ 33ਵੇਂ ਮਿੰਟ 'ਚ ਮੈਚ ਦਾ ਆਪਣਾ ਦੂਜਾ ਗੋਲ ਦਾਗਦੇ ਹੋਏ ਟੀਮ ਨੂੰ 4-0 ਦੀ ਬੜ੍ਹਤ ਦਿਵਾ ਦਿੱਤੀ। ਬੈਲਜੀਅਮ ਨੇ 38ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦੋਂ ਥਿਬਾਲਟ ਨੇਵੇਨ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ। ਵਿਲੀਅਮ ਵਾਨ ਡੇਸੇਲ ਨੇ ਇਸ ਤੋਂ ਬਾਅਦ 42ਵੇਂ ਮਿੰਟ 'ਚ ਬੈਲਜੀਅਮ ਦੀ ਟੀਮ ਵੱਲੋਂ ਇਕ ਹੋਰ ਗੋਲ ਦਾਗਿਆ। ਭਾਰਤ ਤੀਜੇ ਕੁਆਰਟਰ ਦੇ ਅੰਤ ਤੱਕ 4-2 ਨਾਲ ਅੱਗੇ ਸੀ। ਬੈਲਜੀਅਮ ਨੇ ਚੌਥੇ ਕੁਆਰਟਰ ਦੀ ਸ਼ੁਰੂਆਤ 'ਚ ਸਕੋਰ 3-4 ਕਰ ਦਿੱਤਾ ਜਦੋਂ 48ਵੇਂ ਮਿੰਟ 'ਚ ਮਾਥੀਆਸ ਰੇਲਿਕ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ। ਅੰਤਿਮ 10 ਮਿੰਟਾਂ 'ਚ ਬੈਲਜੀਅਮ ਦੀ ਟੀਮ ਨੇ ਗੋਲ ਦਾਗ ਕੇ ਸਕੋਰ ਬਰਾਬਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਸ਼ਾਨਦਾਰ ਡਿਫੈਂਸ ਦੀ ਬਦੌਲਤ ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਵਾਂਝੇ ਰਖਦੇ ਹੋਏ ਮੈਚ ਜਿੱਤ ਲਿਆ।