ਪਲਿਸਕੋਵਾ ਨੇ ਮੁਗੂਰੁਜ਼ਾ ਨੂੰ ਕੀਤਾ ਬਾਹਰ

03/16/2017 3:57:38 PM

ਇੰਡੀਅਨ ਵੈੱਲਜ਼— ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਣ ਕੈਰੋਲੀਨਾ ਪਲਿਸਕੋਵਾ ਨੇ ਸਖਤ ਸੰਘਰਸ਼ ਤੋਂ ਬਾਅਦ ਫਰੈਂਚ ਓਪਨ ਚੈਂਪੀਅਨ ਗਰਬਾਇਨ ਮੁਗੂਰੁਜ਼ਾ ਨੂੰ ਹਰਾ ਕੇ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ''ਚ ਪ੍ਰਵੇਸ਼ ਕਰ ਲਿਆ ਹੈ। ਪਲਿਸਕੋਵਾ ਨੇ ਮੁਗੂਰੁਜ਼ਾ ਵਿਰੁੱਧ ਦੋਵੇਂ ਟਾਈਬ੍ਰੇਕਰ ਜਿੱਤੇ ਅਤੇ 7-6 7-6 ਨਾਲ ਮੁਕਾਬਲਾ ਆਪਣੇ ਨਾਂ ਕੀਤਾ। ਦੋ ਘੰਟੇ ਤੱਕ ਚਲੇ ਮੁਕਾਬਲੇ ਵਿਚ ਪਲਿਸਕੋਵਾ ਨੇ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤ ਆਪਣੇ ਨਾਂ ਕੀਤੀ। 
ਪਲਿਸਕੋਵਾ ਦੇ ਸਾਹਮਣੇ ਹੁਣ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਦੀ ਚੁਣੌਤੀ ਰਹੇਗੀ, ਜਿਨ੍ਹਾਂ ਨੇ ਆਪਣੇ ਦੇਸ਼ ਦੀ ਅਨਾਸਤਾਸੀਆ ਪਾਵੀਲਊਚੇਨਕੋਵਾ ਨੂੰ ਲਗਾਤਾਰ ਸੈਟੋਂ ''ਚ 6-3 6-2 ਨਾਲ ਮਾਤ ਦਿੱਤੀ। ਬੀਤੇ ਮਹੀਨੇ ਕਤਰ ਓਪਨ ਜਿੱਤਣ ਵਾਲੀ ਪਲਿਸਕੋਵਾ ਨੇ ਮੈਚ ''ਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜੇ ਸੈਟ ''ਚ 2 ਵਾਰ ਵਿਰੋਧੀ ਖਿਡਾਰਣ ਦੀ ਸਰਵਿਸ ਬਰੇਕ ਕੀਤੀ। ਹਾਲਾਂਕਿ ਮੁਗੂਰੁਜ਼ਾ ਨੇ ਵਾਪਸੀ ਦੀ ਕੋਸ਼ਿਸ਼ ਕਰ ਕੇ ਲਗਾਤਾਰ ਦੂਜੇ ਸੈਟ ਨੂੰ ਟਾਈਬਰੇਕ ''ਚ ਪਹੁੰਚਾ ਦਿੱਤਾ, ਜਿਸ ਨੂੰ ਪਲਿਸਕੋਵਾ ਨੇ ਜਿੱਤਿਆ।
ਦੋ ਵਾਰ ਦੀ ਗਰੈਂਡ ਸਲੇਮ ਚੈਂਪੀਅਨ ਕੁਜਨੇਤਸੋਵਾ ਨੇ ਵੀ ਆਪਣੇ ਦੇਸ਼ ਦੀ ਖਿਡਾਰਣ ਵਿਰੁੱਧ ਇਸ ਸਾਲ ਆਪਣੀ ਤੀਜੀ ਜਿੱਤ ਦਰਜ ਕਰਦੇ ਹੋਏ ਆਖਰੀ ਚਾਰ ''ਚ ਪ੍ਰਵੇਸ਼ ਕੀਤਾ। ਦੁਨੀਆ ''ਚ 8ਵੇਂ ਨੰਬਰ ਦੀ ਖਿਡਾਰਣ ਕੁਜਨੇਤਸੋਵਾ ਤੀਜੀ ਵਾਰ ਇੰਡੀਅਨ ਵੈੱਲਜ਼ ਦੇ ਫਾਈਨਲ ''ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ 2007 ਅਤੇ 2008 ਵਿਚ ਰਨਰ-ਅੱਪ ਰਹੀ ਸੀ।

Tanu

This news is News Editor Tanu