ਓਲੰਪਿਕ ਕੁਆਲੀਫਾਇਰ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸਾਹਮਣਾ ਰੂਸ ਨਾਲ

10/31/2019 6:04:49 PM

ਭੁਵਨੇਸ਼ਵਰ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਹੇਠਲੀ ਰੈਂਕਿੰਗ ਦੀ ਰੂਸ ਦੀ ਟੀਮ ਖਿਲਾਫ ਹੋਣ ਵਾਲੇ 2 ਗੇੜ ਦੇ ਓਲੰਪਿਕ ਕੁਆਲੀਫਾਇਰ ਵਿਚੋਂ ਓਵਰ ਕਾਨਫਿਡੈਂਸ ਤੋਂ ਬਚਣਾ ਹੋਵੇਗਾ ਜਦਕਿ ਮਹਿਲਾ ਟੀਮ ਨੂੰ ਅਮਰੀਕਾ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਦੋਵੇਂ ਭਾਰਤੀ ਟੀਮਾਂ ਟੋਕੀਓ ਓਲੰਪਿਕ ਲਈ ਟਿਕਟ ਕਟਾਉਣ ਤੋਂ ਸਿਰਫ 2 ਮੈਚ ਦੂਰ ਹਨ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਹਾਲਾਂਕਿ 22 ਨੰਵਬਰ ਨੂੰ ਰੂਸ ਦੇ ਰੂਪ 'ਚ ਆਸਾਨ ਵਿਰੋਧੀ ਨਾਲ ਭਿੜਨਾ ਹੈ ਜਦਕਿ ਮਹਿਲਾਵਾਂ ਨੂੰ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਦੇ ਆਖਰੀ ਗੇੜ ਵਿਚ ਅਮਰੀਕੀ ਲੜਕੀਆਂ ਦਾ ਸਾਹਮਣਾ ਕਰਨਾ ਹੈ। ਦੋਵੇਂ ਟੀਮਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਗਾਤਾਰ 2 ਮੈਚ ਖੇਡਣਗੀਆਂ। 2 ਮੈਚਾਂ ਦੇ ਕੁਆਲੀਫਾਇਰ ਵਿਚ ਜੇਤੂ (ਮਹਿਲਾ ਅਤੇ ਪੁਰਸ਼ ਟੀਮਾਂ ਵਿਚੋਂ) 2020 ਟੋਕੀਓ ਓਲੰਪਿਕ ਲਈ ਆਪਣੀ ਜਗ੍ਹਾ ਪੱਕੀ ਕਰ ਲਵੇਗਾ।

ਵਿਸ਼ਵ ਰੈਂਕਿੰਗ ਵਿਚ 5ਵੇਂ ਸਥਾਨ 'ਤੇ ਕਾਬਿਜ਼ ਭਾਰਤੀ ਟੀਮ ਦੇ ਰੂਸ ਖਿਲਾਫ ਆਸਾਨ ਮੁਕਾਬਲੇ ਦੀ ਉਮੀਦ ਹੈ ਪਰ ਕੋਚ ਗ੍ਰਾਹਮ ਰੀਡ ਇਸ ਗੱਲ ਨਾਲ ਭਲੀ ਭਾਂਤੀ ਵਾਕਿਫ ਹੈ ਕਿ ਇਕ ਖਰਾਬ ਦਿਨ ਨਾਲ ਭਾਰਤ ਦਾ ਓਲੰਪਿਕ ਸੁਪਨਾ ਟੁੱਟ ਸਕਦਾ ਹੈ। ਇਸ ਲਈ ਓਵਰ ਕਾਨਫੀਡੈਂਸ ਅਜਿਹੀ ਚੀਜ਼ ਹੈ ਜਿਸ ਨਾਲ ਭਾਰਤੀ ਟੀਮ ਨੂੰ ਅਗਲੇ 2 ਦਿਨਾਂ ਤਕ ਬਚਣਾ ਹੋਵੇਗਾ। ਪਿਛਲੇ 12 ਮਹੀਨਿਆਂ ਵਿਚ ਭਾਰਤੀ ਪੁਰਸ਼ ਟੀਮ ਨੇ ਰੀਡ ਦੇ ਮਾਰਗਦਰਸ਼ਨ ਵਿਚ ਡਿਫੈਂਸਿਵ ਪਹਿਲੂ 'ਤੇ ਕਾਫੀ ਸੁਧਾਰ ਕੀਤਾ ਹੈ। ਸੁਰੇਂਦਰ ਕੁਮਾਰ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਹਰਮਨਪ੍ਰੀਤ ਸਿੰਘ ਦੀ ਬਦੌਲਤ ਭਾਰਤੀ ਟੀਮ ਦਾ ਡਿਫੈਂਸ ਮਜ਼ਬੂਤ ਦਿਸਦਾ ਹੈ। ਉੱਥੇ ਹੀ ਬੈਕਲਾਈਨ ਵਿਚ ਡ੍ਰੈਗਫਲਿੱਕਰ ਰੂਪਿੰਦਰ ਪਾਲ ਸਿੰਘ ਅਤੇ ਬੀਰੇਂਦਰ ਲਾਕੜਾ ਦੀ ਵਾਪਸੀ ਨਾਲ ਮਜ਼ਬੂਤੀ ਮਿਲੇਗੀ। ਭਾਰਤੀ ਮਿਡਫੀਲਡ ਕਪਤਾਨ ਮਨਪ੍ਰੀਤ ਦੇ ਨਾਲ ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ ਅਤੇ ਵਿਵੇਕ ਸਾਗਰ ਪ੍ਰਸਾਦ ਮੌਜੂਦ ਹੋਣਗੇ ਜਦਕਿ ਗੋਲ ਕਰਨ ਦੀ ਜ਼ਿੰਮੇਵਾਰੀ ਮੰਦੀਪ ਸਿੰਘ, ਆਕਾਸ਼ਦੀਪ ਸਿੰਘ, ਐੱਸ. ਵੀ. ਸੁਨੀਲ, ਰਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ ਅਤੇ ਸਿਮਰਨਜੀਤ ਸਿੰਘ ਦੇ ਮੋਢਿਆ 'ਤੇ ਹੋਵੇਗੀ। ਤਜ਼ਰਬੇਕਾਰ ਪੀ. ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਣ ਬਹਾਦੁਰ ਪਾਠਕ ਗੋਲਕੀਪਿੰਗ ਦੀ ਜ਼ਿੰਮੇਵਾਰ ਸੰਭਾਲਣਗੇ। ਉੱਥੇ ਮਹਿਲਾ ਟੀਮ ਲਈ ਸਥਿਤੀ ਬਿਲਕੁਲ ਉਲਟ ਹੈ ਕਿਉਂਕਿ ਉਸ ਨੂੰ ਦੁਨੀਆ ਦੀ 13ਵੇਂ ਨੰਬਰ ਦੀ ਟੀਮ ਨਾਲ ਭਿੜਨਾ ਹੋਵੇਗਾ ਜਿਸ ਦੇ ਖਿਲਾਫ ਉਸਦਾ ਜਿੱਤ ਹਾਰ ਦਾ ਰਿਕਾਰਡ 4-22 ਰਿਹਾ ਹੈ ਪਰ ਪਿਛਲਾ ਰਿਕਾਰਡ ਇੰਨਾ ਮਾਇਨੇ ਨਹੀਂ ਰੱਖਦਾ ਅਤੇ ਰਾਣੀ ਰਾਮਪਾਲ ਦੀ ਅਗਵਾਈ ਵਿਚ ਮੌਜੂਦਾ ਭਾਰਤੀ ਟੀਮ ਕਾਫੀ ਬਿਹਤਰ ਹੈ। ਕਪਤਾਨ ਰਾਣੀ ਤੋਂ ਇਲਾਵਾ ਡ੍ਰੈਗਫਲਿੱਕਰ ਗੁਰਜੀਤ ਕੌਰ, ਨੌਜਵਾਨ ਫਾਰਵਰਡ ਲਾਲਰੇਮਸਿਆਮੀ ਅਤੇ ਗੋਲਕੀਪਰ ਸਵਿਤਾ ਦੇ ਪ੍ਰਦਰਸ਼ਨ 'ਤੇ ਟੀਮ ਦੀ ਕਿਸਮਤ ਨਿਰਭਰ ਹੋਵੇਗੀ। ਅਮਰੀਕੀ ਟੀਮ ਨਾਲ ਨਜਿੱਠਣ ਤੋਂ ਇਲਾਵਾ ਉਨ੍ਹਾਂ ਨੂੰ ਦਰਸ਼ਕਾਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਹੋਵੇਗਾ ਕਿਉਂਕਿ ਟੀਮ ਇੱਥੇ 16000 ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗ ਸਟੇਡੀਅਮ ਵਿਚ ਪਹਿਲੀ ਵਾਰ ਖੇਡੇਗੀ।