ਏਸ਼ੀਆਈ ਸ਼ਾਟਗਨ ਚੈਂਪਿਅਨਸ਼ਿਪ 'ਚ ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਜਿੱਤੇ ਚਾਰ ਤਮਗੇ

09/25/2019 11:52:09 AM

ਸਪੋਰਟਸ ਡੈਸਕ— ਭਾਰਤੀ ਨਿਸ਼ਾਨੇਬਾਜ਼ੀ ਟੀਮ ਨੇ ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ 'ਚ ਇੱਥੇ ਚਾਰ ਤਮਗੇ ਜਿੱਤੇ ਜਿਨ੍ਹਾਂ 'ਚ ਅਭੈ ਸਿੰਘ ਅਤੇ ਪਰਿਨਾਜ ਧਾਲੀਵਾਲ ਦੇ ਜੂਨੀਅਰ ਪੁਰਸ਼ ਅਤੇ ਮਹਿਲਾ ਸਕੀਟ 'ਚ ਨਿਜੀ ਕਾਂਸੀ ਤਮਗੇ ਵੀ ਸ਼ਾਮਲ ਹਨ। ਭਾਰਤ ਨੇ ਇਸ ਤੋਂ ਇਲਾਵਾ ਮਹਿਲਾ ਅਤੇ ਪੁਰਸ਼ ਟੀਮ ਮੁਕਾਬਲੇ 'ਚ ਦੋ ਚਾਂਦੀ ਤਮਗੇ ਜਿੱਤੇ। ਅਭੈ ਸਿੰਘ ਨੇ ਮੰਗਲਵਾਰ ਨੂੰ ਪੁਰਸ਼ਾਂ ਦੇ ਸਕੀਟ ਮੁਕਾਬਲੇ 'ਚ ਕਾਂਸੀ ਤਮਗਾ ਹਾਸਲ ਕੀਤਾ। ਉਨ੍ਹਾਂ ਨੇ ਕੁਆਲੀਫਿਕੇਸ਼ਨ 'ਚ 114 ਅੰਕ ਬਣਾਏ ਸਨ।ਸੋਮਵਾਰ ਨੂੰ ਪਰਿਨਾਜ ਮਹਿਲਾ ਵਰਗ ਦੇ ਫਾਈਨਲ 'ਚ 39 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੀ ਸੀ। ਭਾਰਤ ਦੀ ਹੀ ਅਸੀਸ ਛਿਨਾ ਚੌਥੇ ਸਥਾਨ 'ਤੇ ਰਹੀ। ਚਾਂਦੀ ਤਮਗਾ ਜਿੱਤਣ ਵਾਲੇ ਪੁਰਸ਼ ਟੀਮ 'ਚ ਅਭੈ ਸਿੰਘ ਤੋਂ ਇਲਾਵਾ ਆਯੂਸ਼ ਰੂਦਰਰਾਜੂ ਅਤੇ ਗੁਰਨਿਹਾਲ ਸਿੰਘ ਗਾਰਚਾ ਜਦ ਕਿ ਮਹਿਲਾ ਟੀਮ 'ਚ ਪਰਿਨਾਜ ਅਤੇ ਅਸੀਸ ਤੋਂ ਇਲਾਵਾ ਦਰਸ਼ਨਾ ਰਾਠੌੜ ਸ਼ਾਮਲ ਸੀ।