ਭਾਰਤੀ ਗੋਲਫਰ ਅਦਿੱਤੀ ਤੇ ਅਸ਼ੋਕ ਪੈਰਿਸ ਓਲੰਪਿਕ ’ਚ ਖੇਡਣ ਨੂੰ ਤਿਆਰ

04/25/2024 10:28:15 AM

ਨਵੀਂ ਦਿੱਲੀ– ਭਾਰਤੀ ਗੋਲਫਰ ਅਦਿੱਤੀ ਅਸ਼ੋਕ (46) ਤੇ ਦੀਕਸ਼ਾ ਡਾਗਰ (138) ਪੈਰਿਸ ਓਲੰਪਿਕ ਵਿਚ ਹਿੱਸਾ ਲੈਣ ਲਈ ਤਿਆਰ ਹਨ ਜਦਕਿ ਸ਼ੁਭੰਕਰ ਸ਼ਰਮਾ (197) ਤੇ ਗਗਨਜੀਤ ਭੁੱਲਰ (232) ਦੇ ਵੀ ਰੈਂਕਿੰਗ ਦੇ ਆਧਾਰ ’ਤੇ ਖੇਡਾਂ ਵਿਚ ਜਗ੍ਹਾ ਬਣਾਉਣ ਦੀ ਸੰਭਾਵਨਾ ਹੈ। ਅਦਿੱਤੀ ਲਈ ਇਹ ਤੀਜੀਆਂ ਓਲੰਪਿਕ ਖੇਡਾਂ ਹੋਣਗੀਆਂ ਜਿਹੜੀ ਕਿਸੇ ਵੀ ਭਾਰਤੀ ਗੋਲਫਰ ਦੀ ਓਲੰਪਿਕ ਵਿਚ ਸਭ ਤੋਂ ਵੱਧ ਹਿੱਸੇਦਾਰੀ ਹੋਵੇਗੀ। ਦੀਕਸ਼ਾ ਦੂਜੀ ਵਾਰ ਓਲੰਪਿਕ ਵਿਚ ਹਿੱਸਾ ਲਵੇਗੀ। ਸ਼ਰਮਾ ਤੇ ਭੁੱਲਰ ਲਈ ਇਹ ਪਹਿਲੀਆਂ ਓਲੰਪਿਕ ਹੋਣਗੀਆਂ।
ਭਾਰਤ ਲਈ ਓਲੰਪਿਕ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਅਦਿੱਤੀ ਦੇ ਨਾਂ ਹੈ, ਜਿਹੜੀ ਟੋਕੀਓ 2020 ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹੀ ਸੀ। ਓਲੰਪਿਕ ਲਈ ਅਰਜ਼ੀਆਂ ਭਾਰਤੀ ਗੋਲਫ ਸੰਘ ਵੱਲੋਂ ਭੇਜੀਆਂ ਜਾਂਦੀਆਂ ਹਨ। ਓਲੰਪਿਕ ਲਈ ਕੁਆਲੀਫਿਕੇਸ਼ਨ ਰੈਂਕਿੰਗ ਵਿਚ ਨਿਰਧਾਰਿਤ ਹੁੰਦੀ ਹੈ ਜਿਹੜੀ ਅਧਿਕਾਰਤ ਵਿਸ਼ਵ ਗੋਲਫ ਰੈਂਕਿੰਗ (ਓ. ਡਬਲਯੂ. ਜੀ. ਆਰ.) ਦੇ ਰਾਹੀਂ 60 ਪੁਰਸ਼ ਤੇ 60 ਹੀ ਮਹਿਲਾ ਖਿਡਾਰੀਆਂ ਲਈ ਸੀਮਤ ਹੈ।
ਓ. ਡਬਲਯੂ. ਜੀ. ਆਰ. ਰੈਂਕਿੰਗ ਵਿਚ 15 ਖਿਡਾਰੀ ਓਲੰਪਿਕ ਲਈ ਖੁਦ ਹੀ ਕੁਆਲੀਫਾਈ ਕਰ ਲੈਂਦੇ ਹਨ, ਜਿਨ੍ਹਾਂ ਵਿਚ ਹਰੇਕ ਦੇਸ਼ ਤੋਂ ਵੱਧ ਤੋਂ ਵੱਧ 4 ਗੋਲਫਰ ਇਸ ਵਿਚ ਹਿੱਸਾ ਲੈ ਸਕਦੇ ਹਨ। ਇਸ ਤੋਂ ਬਾਅਦ ਓਲੰਪਿਕ ਗੋਲਫ ਰੈਂਕਿੰਗ (ਓ. ਜੀ. ਆਰ.) ਵਿਚੋਂ ਹਰੇਕ ਦੇਸ਼ ਤੋਂ ਦੋ ਚੋਟੀ ਦੇ ਖਿਡਾਰੀ ਸ਼ਾਮਲ ਹੁੰਦੇ ਹਨ, ਬਸ਼ਰਤ ਹੈ ਕਿ ਦੇਸ਼ ਦੇ ਚੋਟੀ ਦੇ 15 ਵਿਚ ਘੱਟ ਤੋਂ ਘੱਟ 2 ਗੋਲਫ ਖਿਡਾਰੀ ਸ਼ਾਮਲ ਨਾ ਹੋਣ।
ਭਾਰਤੀ ਮੂਲ ਦੇ ਅਮਰੀਕੀ ਗੋਲਫਰ ਸਾਹਿਤ ਥਿਗਾਲਾ ਤੇ ਅਕਸ਼ੈ ਭਾਟੀਆ ਪੀ. ਜੀ. ਟੀ. ਏ. ਟੂਰ ’ਤੇ ਕਾਫੀ ਚੰਗਾ ਖੇਡ ਰਹੇ ਹਨ ਤੇ ਦੋਵਾਂ ਨੇ ਇਸ ਹਫਤੇ ਆਪਣੇ ਕਰੀਅਰ ਦੀ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਹੈ ਪਰ ਅਮਰੀਕੀ ਖਿਡਾਰੀਆਂ ਦੇ ਟਾਪ-15 ਰੈਂਕਿੰਗ ਵਿਚ ਦਬਦਬੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਓਲੰਪਿਕ ਵਿਚ ਜਾਣ ਦੀ ਸੰਭਾਵਨਾ ਨਹੀਂ ਹੈ।
ਥਿਗਾਲਾ ਦੀ ਰੈਂਕਿੰਗ 12 ਤੇ ਭਾਟੀਆ ਦੀ ਰੈਂਕਿੰਗ 33 ਹੈ। ਵਿਸ਼ਵ ਰੈਂਕਿੰਗ ਵਿਚ ਚੋਟੀ 15 ਵਿਚ 8 ਅਮਰੀਕੀ ਗੋਲਫਰ ਸ਼ਾਮਲ ਹਨ।
ਮਹਿਲਾ ਵਰਗ ਵਿਚ ਅਦਿੱਤੀ ਨੇ ਹੁਣ ਤਕ 2024 ਵਿਚ ਇੰਨਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ ਪਰ ਇਸਦੇ ਬਾਵਜੂਦ ਟਾਪ-50 ਵਿਚ ਬਣੀ ਹੋਈ ਹੈ। ਸ਼ਾਨਦਾਰ ਫਾਰਮ ਵਿਚ ਚੱਲ ਰਹੀ ਦੀਕਸ਼ਾ ਲੇਡੀਜ਼ ਯੂਰਪੀਅਨ ਟੂਰ (ਐੱਲ. ਈ. ਟੀ.) ’ਤੇ 5 ਸ਼ੁਰੂਆਤ ਵਿਚ ਤਿੰਨ ਵਾਰ ਟਾਪ-10 ਵਿਚ ਰਹੀ ਤੇ ਐਪਸਨ ਟੂਰ ’ਤੇ ਆਪਣੀਆਂ ਦੋ ਸ਼ੁਰੂਆਤ ਵਿਚ 26 ਜਾਂ ਇਸ ਤੋਂ ਬਿਹਤਰ ਸਕੋਰ ’ਤੇ ਰਹੀ। ਦੀਕਸ਼ਾ ਨੇ ਮਹਿਲਾਵਾਂ ਦੀ ਵਿਸ਼ਵ ਰੈਂਕਿੰਗ ਵਿਚ 138ਵਾਂ ਸਥਾਨ ਹਾਸਲ ਕਰ ਲਿਆ ਹੈ ਜਿਹੜੀ ਉਸਦੀ ਹੁਣ ਤਕ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਅਗਲੀਆਂ ਦੋ ਭਾਰਤੀ ਮਹਿਲਾਵਾਂ ਵਿਚ ਇਕ ਗੋਲਫਰ ਪ੍ਰਣਵੀ ਉਰਸ ਹੈ ਜਿਹੜੀ 403 ਤੇ ਦੂਜੀ ਐਮੇਚਿਓਰ ਗੋਲਫਰ ਅਵਨੀ ਪ੍ਰਸ਼ਾਂਤ ਹੈ ਜਿਹੜੀ 531 ਰੈਂਕਿੰਗ ’ਤੇ ਕਾਬਜ਼ ਹੈ। ਭਾਰਤੀ ਪਰਸ਼ਾਂ ਵਿਚ ਸ਼ਰਮਾ ਟਾਪ-200 ਵਿਚ ਸ਼ਾਮਲ ਇਕਲੌਤਾ ਭਾਰਤੀ ਗੋਲਫਰ ਹੈ ਜਿਹੜਾ ਸਿੰਗਾਪੁਰ ਕਲਾਸਿਕ ਵਿਚ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਅਤੇ ਦੁਬਈ ਡੈਜ਼ਰਟ ਕਲਾਸਿਕ ਵਿਚ ਸਾਂਝੇ ਤੌਰ ’ਤੇ 16ਵੇਂ ਸਥਾਨ ’ਤੇ ਰਿਹਾ। ਭੁੱਲਰ ਦਾ 2024 ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਏਸ਼ੀਆਈ ਟੂਰ ’ਤੇ 43ਵਾਂ ਸਥਾਨ ਰਿਹਾ ਪਰ ਉਸ ਨੇ ਇੰਡੀਅਨ ਟੂਰ ’ਤੇ ਚੰਡੀਗੜ੍ਹ ਓਪਨ ਵਿਚ ਵੀ ਜਿੱਤ ਹਾਸਲ ਕੀਤੀ। ਇਹ ਭਾਰਤ ਵਿਚ 4 ਮਹੀਨਿਆਂ ਵਿਚ ਉਸਦੀ ਦੂਜੀ ਜਿੱਤ ਸੀ। ਸ਼ਰਮਾ ਤੇ ਭੁੱਲਰ ਤੋਂ ਬਾਅਦ ਵੀਰ ਅਹਿਲਾਵਤ 380 ਤੇ ਕਰਣਦੀਪ ਕੋਛੜ 434ਵੀਂ ਰੈਂਕਿੰਗ ’ਤੇ ਹੈ।

Aarti dhillon

This news is Content Editor Aarti dhillon