ਭਾਰਤੀ ਮੁਟਿਆਰਾਂ ਨੇ ਗੋਰਿਆਂ ਨੂੰ ਦਿੱਤੀ ਟੱਕਰ

09/13/2017 4:32:33 AM

ਐਂਟਵਰਪ (ਬੈਲਜੀਅਮ)— ਯੂਰਪ ਦੌਰੇ 'ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤ ਵਿਚ ਦੋ ਵਾਰ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਨਿੱਕੀ ਪ੍ਰਧਾਨ ਤੇ ਵੰਦਨਾ ਕਟਾਰੀਆ ਦੇ ਇਕ-ਇਕ ਗੋਲ ਦੀ ਬਦੌਲਤ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਵਿਰੁੱਧ 2-2 ਨਾਲ ਮੁਕਾਬਲਾ ਡਰਾਅ ਖੇਡਿਆ।
ਕਪਤਾਨ ਰਾਣੀ ਦੀ ਅਗਵਾਈ ਵਾਲੀ ਟੀਮ ਨੇ ਸਾਕਾਰਾਤਮਕ ਸ਼ੁਰੂਆਤ ਕੀਤੀ ਤੇ ਮੁਕਾਬਲਾ ਸ਼ੁਰੂ ਹੋਣ ਦੇ 40ਵੇਂ ਸੈਕੰਡ ਵਿਚ ਹੀ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਟੀਮ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੀ। ਇਸ ਦੇ ਦੋ ਮਿੰਟ ਬਾਅਦ ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਬੈਲਜੀਅਮ ਦੇ ਗੋਲਕੀਪਰ ਨੇ ਇਸ ਨੂੰ ਵੀ ਅਸਫਲ ਕਰ ਦਿੱਤਾ।
ਬੈਲਜੀਅਮ ਦੀ ਜੂਨੀਅਰ ਟੀਮ ਨੇ ਛੇ ਮਿੰਟ ਦੇ ਅੰਦਰ 3 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਚੰਗਾ ਪ੍ਰਦਰਸ਼ਨ ਕਰਕੇ ਮੇਜ਼ਬਾਨ ਟੀਮ ਨੂੰ ਸ਼ੁਰੂ ਵਿਚ ਬੜ੍ਹਤ ਹਾਸਲ ਨਹੀਂ ਕਰਨ ਦਿੱਤੀ। ਫਾਰਵਰਡ ਵੰਦਨਾ ਕਟਾਰੀਆ ਨੇ ਵੀ ਭਾਰਤ ਲਈ ਗੋਲ ਕਰਨ ਦਾ ਚੰਗਾ ਮੌਕਾ ਬਣਾਇਆ ਸੀ ਪਰ ਉਹ ਗੋਲ ਕਰਨ ਵਿਚ ਅਸਫਲ ਰਹੀ। ਦੂਜੇ ਕੁਆਰਟਰ ਵਿਚ ਬਾਜ਼ੀ ਮੇਜ਼ਬਾਨ ਟੀਮ ਹੱੱਥ ਲੱਗੀ ਜਦੋਂ 19ਵੇਂ ਮਿੰਟ ਵਿਚ ਸਟੇਨ ਬ੍ਰਾਨਿਸਕੀ ਨੇ ਸ਼ਾਨਦਾਰ ਗੋਲ ਕਰ ਕੇ ਬੈਲਜੀਅਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ। ਭਾਰਤ ਨੂੰ ਜਲਦ ਹੀ ਪੈਨਲਟੀ ਕਾਰਨਰ ਮਿਲਿਆ ਪਰ ਜੂਨੀਅਰ ਵਿਸ਼ਵ ਕੱਪ ਫਾਈਨਲਿਸਟ ਗੋਲਕੀਪਰ ਨੇ ਉਸ ਨੂੰ ਬਚਾਅ ਦਿੱਤਾ।