ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਈ ਭਾਰਤੀ ਫੁੱਟਬਾਲ ਟੀਮ, ਲਿਆ ਇਹ ਫ਼ੈਸਲਾ

06/19/2023 5:26:02 PM

ਭੁਵਨੇਸ਼ਵਰ (ਭਾਸ਼ਾ)- ਭਾਰਤੀ ਫੁਟਬਾਲ ਟੀਮ ਨੇ ਇੰਟਰਕੌਂਟੀਨੈਂਟਲ ਕੱਪ ਦਾ ਖਿਤਾਬ ਜਿੱਤਣ 'ਤੇ ਓਡੀਸ਼ਾ ਸਰਕਾਰ ਵੱਲੋਂ ਪ੍ਰਾਪਤ ਨਕਦ ਇਨਾਮ ਦਾ ਇੱਕ ਹਿੱਸਾ ਰਾਜ ਵਿਚ ਹਾਲ ਹੀ ਵਿੱਚ ਵਾਪਰੇ ਬਾਲਾਸੋਰ ਰੇਲ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ "ਰਾਹਤ ਅਤੇ ਪੁਨਰਵਾਸ" ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕਪਤਾਨ ਸੁਨੀਲ ਛੇਤਰੀ ਦੇ 87ਵੇਂ ਅੰਤਰਰਾਸ਼ਟਰੀ ਗੋਲ ਦੇ ਇਲਾਵਾ ਲੱਲੀਅਨਜ਼ੁਆਲਾ ਛਾਂਗਟੇ ਦੇ ਗੋਲ ਦੀ ਮਦਦ ਨਾਲ ਐਤਵਾਰ ਰਾਤ ਕਲਿੰਗਾ ਸਟੇਡੀਅਮ ਵਿੱਚ ਫਾਈਨਲ ਵਿੱਚ ਲੇਬਨਾਨ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਜਿੱਤ ਲਿਆ।

ਇਹ ਵੀ ਪੜ੍ਹੋ: ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ


 
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਥੇ ਇੰਟਰਕਾਂਟੀਨੈਂਟਲ ਕੱਪ ਖਿਤਾਬ ਜਿੱਤਣ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ, ਜਿਸ ਵਿੱਚੋਂ ਕੋਚ ਇਗੋਰ ਸਟੀਮੈਕ ਦੇ ਖਿਡਾਰੀਆਂ ਨੇ ਮਿਲ ਕੇ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਫੁੱਟਬਾਲ ਟੀਮ ਨੇ ਟਵੀਟ ਕੀਤਾ, “ਸਾਡੀ ਜਿੱਤ ਲਈ ਟੀਮ ਨੂੰ ਨਕਦ ਪੁਰਸਕਾਰ ਦੇਣ ਦਾ ਐਲਾਨ ਕਰਨ ਲਈ ਅਸੀਂ ਓਡੀਸ਼ਾ ਸਰਕਾਰ ਦੇ ਧੰਨਵਾਦੀ ਹਾਂ। ਡਰੈਸਿੰਗ ਰੂਮ ਨੇ ਤੁਰੰਤ ਫੈਸਲਾ ਲਿਆ ਕਿ ਅਸੀਂ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਰੇ ਰੇਲ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਇਸ ਵਿੱਚੋਂ 20 ਲੱਖ ਰੁਪਏ ਦਾਨ ਦੇਵਾਂਗੇ।' ਬਾਲਾਸੋਰ ਰੇਲ ਹਾਦਸੇ 'ਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 1000 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: 1,000 ਕਰੋੜ ਤੋਂ ਪਾਰ ਹੋਈ ਵਿਰਾਟ ਕੋਹਲੀ ਦੀ ਨੈੱਟਵਰਥ, ਜਾਣੋ ਕਿੱਥੋਂ-ਕਿੱਥੋਂ ਆਉਂਦੀ ਹੈ ਕਮਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry