ਮੈਚ ਦੀ ਤਿਆਰੀ ਲਈ ਚਾਰ ਗੇੜਾਂ ’ਚ ਅਭਿਆਸ ਕਰਨਗੇ ਭਾਰਤੀ ਕ੍ਰਿਕਟਰ

06/03/2020 10:46:21 AM

ਨਵੀਂ ਦਿੱਲੀ– ਭਾਰਤ ਦੇ ਫੀਲਡਿੰਗ ਕੋਚ ਆਰ. ਸ਼੍ਰੀਧਰ ਦਾ ਕਹਿਣਾ ਹੈ ਕਿ ਦੇਸ਼ ਦੇ ਚੋਟੀ ਦੇ ਕ੍ਰਿਕਟਰਾਂ ਲਈ ਚਾਰ ਗੇੜ ਦਾ ਅਭਿਆਸ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ, ਜਿਹੜਾ ਕੈਂਪ ਸ਼ੁਰੂ ਹੋਣ ਤੋਂ ਬਾਅਦ 4 ਤੋਂ 6 ਹਫਤਿਆਂ ਦੇ ਅਭਿਆਸ ਵਿਚ ਪੂਰੀ ਫਿਟਨੈੱਸ ਹਾਸਲ ਕਰ ਸਕਦੇ ਹਨ। ਸ਼੍ਰੀਧਰ 2014 ਤੋਂ ਭਾਰਤੀ ਟੀਮ ਦਾ ਅਟੁੱਟ ਅੰਗ ਹੈ। ਉਸ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਕਾਰਣ ਬੰਦ ਪਈਆਂ ਖੇਡ ਗਤੀਵਿਧੀਆਂ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਕਿਸ ਤਰ੍ਹਾਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਵਰਗੇ ਕੌਮਾਂਤਰੀ ਕ੍ਰਿਕਟਰ ਰੁਝੇਵੇਂ ਭਰੇ ਪ੍ਰੋਗਰਾਮ ਲਈ ਤਿਆਰ ਹੋਣਗੇ। ਉਸ ਨੇ ਕਿਹਾ,‘‘ਜਦੋਂ ਸਾਨੂੰ ਬੀ. ਸੀ. ਸੀ. ਆਈ. ਤੋਂ ਇਕ ਮਿਤੀ (ਰਾਸ਼ਟਰੀ ਕੈਂਪ ਦੀ ਸ਼ੁਰੂਆਤ ’ਤੇ) ਮਿਲ ਜਾਵੇ ਤਾਂ ਅਸੀਂ ਸ਼ੁਰੂਆਤੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਾਂ। ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਸਹੀ ਤਰੀਕੇ ਨਾਲ ਅੱਗੇ ਵਧੀਏ ਕਿਉਂਕਿ ਖਿਡਾਰੀ 14 ਜਾਂ 15 ਹਫਤਿਆਂ ਤੋਂ ਬਾਅਦ ਖੇਡਦੇ ਸਮੇਂ ਰੋਮਾਂਚਿਤ ਹੋ ਸਕਦੇ ਹਨ।’’

ਹੈਦਰਾਬਾਦ ਦੇ ਇਸ ਸਾਬਕਾ ਸਪਿਨਰ ਨੇ ਕਿਹਾ,‘‘ਪਹਿਲੇ ਗੇੜ ਵਿਚ ਹਲਕੀ ਗਤੀ ਨਾਲ ਹਲਕਾ ਅਭਿਆਸ ਕਰਨਾ ਪਵੇਗਾ, ਦੂਜੇ ਗੇੜ ਵਿਚ ਗਤੀ ਨੂੰ ਹਲਕਾ ਰੱਖਦੇ ਹੋਏ ਅਭਿਆਸ ਨੂੰ ਵਧਾਉਣਾ ਪਵੇਗਾ। ਇਸ ਤੋਂ ਬਾਅਦ ਗਤੀ ਤੇ ਅਭਿਆਸ ਦੋਵਾਂ ਦੇ ਪੱਧਰ ਨੂੰ ਵਧਾਉਣਾ ਪਵੇਗਾ।’’ਉਸ ਨੇ ਕਿਹਾ, ‘‘ਪਹਿਲੇ ਪੱਧਰ ਵਿਚ ਤੇਜ਼ ਗੇਂਦਬਾਜ਼, ਅੱਧੇ ਜਾਂ ਚੌਥਾਈ ਰਨਅਪ ਨਾਲ ਹੌਲੀ ਗਤੀ ਨਾਲ ਗੇਂਦਬਾਜ਼ੀ ਕਰਨਗੇ। ਫੀਲਡਰ 10 ਮੀਟਰ ਦੀ ਦੂਰੀ ਤੋਂ ਥ੍ਰੋਅ ਕਰਨਗੇ, ਇਸੇ ਤਰ੍ਹਾਂ ਹੀ ਬੱਲੇਬਾਜ਼ 5 ਤੋਂ 6 ਮਿੰਟ ਦੇ ਅਭਿਆਸ ਨਾਲ ਸ਼ੁਰੂਆਤ ਕਰਨਗੇ।’’ 49 ਸਾਲਾ ਇਸ ਕੋਚ ਨੇ ਕਿਹਾ, ‘‘ਟੈਸਟ ਮੈਚ ਦੇ ਪੱਧਰ ’ਤੇ ਅਾਉਣ ਲਈ ਖਿਡਾਰੀਆਂ ਨੂੰ ਘੱਟ ਤੋਂ ਘੱਟ 6 ਹਫਤੇ ਦਾ ਸਮਾਂ ਲੱਗੇਗਾ। ਵੱਖ-ਵੱਖ ਖਿਡਾਰੀਆਂ ਨੂੰ ਮੈਚ ਲਈ ਤਿਆਰ ਹੋਣ ਵਿਚ ਵੱਖ-ਵੱਖ ਸਮਾਂ ਲੱਗੇਗਾ।’’

Ranjit

This news is Content Editor Ranjit