ਏਸ਼ੀਆਈ ਚੈਂਪੀਅਨਸ਼ਿਪ ਦੇ ਚੌਥੇ ਦਿਨ ਭਾਰਤ ਨੇ ਜਿੱਤੇ 4 ਤਮਗੇ

04/13/2023 2:51:43 PM

ਅਸਤਾਨਾ– ਭਾਰਤ ਦੀ ਨੌਜਵਾਨ ਪਹਿਲਵਾਨ ਅੰਤਿਮ ਪੰਘਾਲ ਨੂੰ ਬੁੱਧਵਾਰ ਨੂੰ ਇੱਥੇ ਮਹਿਲਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਾਪਾਨ ਦੀ ਅਕਾਰੀ ਫੁਜੀਨਾਮੀ ਹੱਥੋਂ ਹਾਰ ਜਾਣ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ ਅੰਸ਼ੂ ਮਲਿਕ ਨੇ ਕਾਂਸੀ ਤਮਗਾ ਮੁਕਾਬਲੇ ’ਚ ਮੰਗੋਲੀਆ ਦੀ ਐਡਰੇਨੇਸੁਵਦ ਬੈਟ ਐਡਰੀਨ ਨੂੰ ਹਰਾ ਦਿੱਤਾ।

ਭਾਰਤ ਦੀ 18 ਸਾਲਾ ਪਹਿਲਵਾਨ ਅੰਤਿਮ ਨੂੰ ਮਹਿਲਾਵਾਂ ਦੇ 53 ਕਿ. ਗ੍ਰਾ. ਭਾਰ ਵਰਗ ’ਚ ਫੁਜੀਨਾਮੀ ਹੱਥੋਂ 10-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਹਾਲਾਂਕਿ ਉਸ ਨੇ ਸੈਮੀਫਾਈਨਲ ਵਿਚ ਉਜਬੇਕਿਸਤਾਨ ਦੀ ਆਕਤੇਂਗੇ ਕਿਯੁਨਿਮਜਾਏਵਾ ਨੂੰ 8-1 ਨਾਲ ਹਰਾਇਆ ਸੀ। ਪੰਘਾਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਸਿੰਗਾਪੁਰ ਦੀ ਹਿਆਓ ਪਿੰਗ ਅਲਵੀਨਾ ਲਿਮ ਨੂੰ ਚਿੱਤ ਕਰਕੇ ਕੀਤੀ ਸੀ ਜਦਕਿ ਕੁਆਰਟਰ ਫਾਈਨਲ ਵਿਚ ਉਸ ਨੇ ਚੀਨ ਦੀ ਲੀ ਡੇਂਗ ਨੂੰ 6-0 ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : ਚੇਨਈ ਖ਼ਿਲਾਫ਼ ਜਿੱਤ ਦੇ ਬਾਵਜੂਦ ਸੰਜੂ ਸੈਮਸਨ ਨੂੰ ਲੱਗਾ 12 ਲੱਖ ਦਾ ਜੁਰਮਾਨਾ, ਜਾਣੋ ਕਿਉਂ

ਇਸ ਵਿਚਾਲੇ ਨੌਜਵਾਨ ਪ੍ਰਤਿਭਾ ਅੰਸ਼ੂ ਮਲਿਕ ਨੇ ਆਪਣੀ ਮੰਗੋਲੀਆਈ ਵਿਰੋਧਣ ਐਡਰੀਨ ਨੂੰ 10-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸ ਵਿਚਾਲੇ ਮਨੀਸ਼ਾ (65 ਕਿ. ਗ੍ਰਾ.) ਤੇ ਰਿਤਿਕਾ ਨੇ ਆਪਣੇ-ਆਪਣੇ ਕਾਂਸੀ ਤਮਗੇ ਮੁਕਾਬਲੇ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ। ਮਨੀਸ਼ਾ ਨੇ ਕਜ਼ਾਕਿਸਤਾਨ ਦੀ ਅਲਬੀਨਾ ਕੈਰਗੇਲਡਿਨੋਵਾ ਨੂੰ 8-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਜਦਕਿ ਰਿਤਿਕਾ (72 ਕਿ. ਗ੍ਰਾ.) ਨੇ ਉਜਬੇਕਿਸਤਾਨ ਦੀ ਸਵੇਤਲਾਨਾ ਓਕਨਜਾਰੋਵਾ ਨੂੰ 5-1 ਨਾਲ ਹਰਾਇਆ।

ਭਾਰਤ ਹੁਣ ਤਕ ਇਸ ਪ੍ਰਤੀਯੋਗਿਤਾ ’ਚ ਕੁਲ 10 ਤਮਗੇ ਜਿੱਤ ਚੁੱਕਾ ਹੈ, ਜਿਸ ਵਿਚੋਂ ਚਾਰ ਗ੍ਰੀਕੋ ਰੋਮਨ ਪ੍ਰਤੀਯੋਗਿਤਾਵਾਂ ਵਿਚੋਂ ਆਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਿਸ਼ਾ ਦਹੀਆ (68 ਕਿ. ਗ੍ਰਾ.) ਤੇ ਪ੍ਰਿਯਾ (76 ਕਿ. ਗ੍ਰਾ.) ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਹਾਸਲ ਕੀਤੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh