ਭਾਰਤ ਦਾ ਵਿੰਡੀਜ਼ ਦੌਰਾ 2 ਹਫਤਿਆਂ ਲਈ ਹੋਇਆ ਮੁਲਤਵੀ

05/01/2019 3:52:04 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਆਈ. ਸੀ. ਸੀ. ਵਿਸ਼ਵ ਕੱਪ ਤੋਂ ਠੀਕ ਬਾਅਦ ਹੋਣ ਵਾਲਾ ਵਿੰਡੀਜ਼ ਦੌਰਾ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਅਪੀਲ ਤੋਂ ਬਾਅਦ 2 ਹਫਤਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਵੀ ਬੀ. ਸੀ. ਸੀ. ਆਈ. ਦੀ ਅਪੀਲ ਸਵਿਕਾਰ ਕਰ ਲਈ ਹੈ ਅਤੇ ਦੌਰੇ ਨੂੰ 2 ਹਫਤਿਆਂ ਬਾਅਦ ਆਯੋਜਿਤ ਕਰਨ 'ਤੇ ਆਪਣੀ ਸਹਿਮਤੀ ਜਤਾ ਦਿੱਤੀ ਹੈ। ਕ੍ਰਿਕਇਨਫੋ ਰਿਪੋਰਟ ਮੁਤਾਬਕ ਭਾਰਤ ਦਾ ਵਿੰਡੀਜ਼ ਦੌਰਾ ਹੁਣ ਅਗਸਤ ਦੇ ਪਹਿਲੇ ਹਫਤੇ ਵਿਚ ਕਰਾਇਆ ਜਾ ਸਕਦਾ ਹੈ।ਆਈ. ਸੀ. ਸੀ. ਦੇ ਫਿਊਚਰ ਟੂਰ ਪ੍ਰੋਗਰਾਮ (ਐੱਫ. ਟੀ. ਪੀ.) ਦੇ ਤਹਿਤ ਭਾਰਤ ਨੂੰ ਵਿੰਡੀਜ਼ ਦੇ ਨਾਲ ਇਸ ਦੌਰੇ ਵਿਚ 2 ਟੈਸਟ, 3 ਵਨ ਡੇ ਅੰਤਰਰਾਸ਼ਟਰੀ ਮੈਚ ਅਤੇ 3 ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਸ ਤੋਂ ਪਹਿਲਾਂ ਭਾਰਤ ਦਾ ਦੌਰਾ 13 ਮਈ ਨੂੰ ਤੈਅ ਕੀਤਾ ਸੀ। 

ਬੀ. ਸੀ. ਸੀ. ਆਈ. ਨੇ ਕ੍ਰਿਕਟ ਵੈਸਟਇੰਡੀਜ਼ ਨਾਲ ਦੌਰੇ ਵਿਚ 3 ਅਭਿਆਸ ਮੈਚ ਵੀ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਬੋਰਡ ਨਾਲ ਦੌਰਾ ਕਰਾਉਣ ਤੋਂ ਬਾਅਦ ਸੀ. ਡਬਲਿਯੂ. ਆਈ. ਨੂੰ ਕੈਰੇਬੀਅਨ ਪ੍ਰੀਮਿਅਰ ਲੀਗ (ਸੀ. ਪੀ. ਐੱਲ.) ਦੇ ਪ੍ਰੋਗਰਾਮ ਵਿਚ ਬਦਲਾਅ ਕਰਨੇ ਹੋਣਗੇ ਜੋ ਪਹਿਲਾਂ 21 ਅਗਸਤ ਤੋਂ ਸ਼ੁਰੂ ਹੋਣੀ ਸੀ। ਆਈ. ਸੀ. ਸੀ. ਵਿਸ਼ਵ ਕੱਪ ਇੰਗਲੈਂਡ ਐਂਡ ਵੇਲਸ ਵਿਚ 30 ਮਈ ਤੋਂ ਹੋਣਾ ਹੈ, ਜਿਸਦਾ ਫਾਈਨਲ 14 ਜੁਲਾਈ ਨੂੰ ਹੋਣਾ ਹੈ। ਵਿਸ਼ਵ ਕੱਪ ਵਿਚ ਕੁਲ 10 ਟੀਮਾਂ ਹਿੱਸਾ ਲੈ ਰਹੀਆਂ ਹਨ।