ਮਹੇਲਾ ਜੈਵਰਧਨੇ ਦੀ ਭਵਿੱਖਬਾਣੀ, ਆਸਟ੍ਰੇਲੀਆ ਤੋਂ 2-1 ਨਾਲ ਟੈਸਟ ਸੀਰੀਜ਼ ਹਾਰ ਜਾਵੇਗਾ ਭਾਰਤ

02/06/2023 6:25:41 PM

ਸਪੋਰਟਸ ਡੈਸਕ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਮਹੇਲਾ ਜੈਵਰਧਨੇ ਨੇ ਵੀ ਇਸ ਟੈਸਟ ਸੀਰੀਜ਼ ਦੇ ਨਤੀਜੇ ਦੀ ਭਵਿੱਖਬਾਣੀ ਕੀਤੀ ਹੈ। ਜੈਵਰਧਨੇ ਨੇ ਇਸ ਟੈਸਟ ਸੀਰੀਜ਼ 'ਚ ਆਸਟ੍ਰੇਲੀਆਈ ਟੀਮ ਨੂੰ 2-1 ਨਾਲ ਜਿੱਤਣ ਦੀ ਉਮੀਦ ਜਤਾਈ ਹੈ। ਜ਼ਿਕਰਯੋਗ ਹੈ ਕਿ ਇਹ ਟੈਸਟ ਸੀਰੀਜ਼ 9 ਫਰਵਰੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਸੰਘ ਮੈਦਾਨ 'ਤੇ ਖੇਡਿਆ ਜਾਵੇਗਾ।

ਆਸਟ੍ਰੇਲੀਆਈ ਟੀਮ ਨੇ ਆਖਰੀ ਵਾਰ 2004 ਦੇ ਭਾਰਤ ਦੌਰੇ 'ਤੇ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਭਾਰਤ 'ਚ ਇਕ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਹੈ। ਆਈਸੀਸੀ ਸਮੀਖਿਆ ਬਾਰੇ ਗੱਲ ਕਰਦੇ ਹੋਏ ਮਹੇਲਾ ਜੈਵਰਧਨੇ ਨੇ ਇਸ ਟੈਸਟ ਸੀਰੀਜ਼ ਬਾਰੇ ਕਿਹਾ ਕਿ ਇਹ ਬਹੁਤ ਰੋਮਾਂਚਕ ਹੋਣ ਵਾਲੀ ਹੈ ਪਰ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਇਸ ਟੈਸਟ ਸੀਰੀਜ਼ ਦਾ ਨਤੀਜਾ ਕੀ ਹੋਵੇਗਾ। ਸ਼੍ਰੀਲੰਕਾਈ ਹੋਣ ਦੇ ਨਾਤੇ ਮੈਨੂੰ ਉਮੀਦ ਹੈ ਕਿ ਆਸਟਰੇਲੀਆ ਇਸ ਟੈਸਟ ਸੀਰੀਜ਼ ਨੂੰ 2-1 ਨਾਲ ਜਿੱਤ ਸਕਦਾ ਹੈ ਪਰ ਉਨ੍ਹਾਂ ਲਈ ਇਹ ਆਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਅਸ਼ਵਿਨ ਗੰਨ ਹੈ, ਨਵੀਂ ਗੇਂਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੋਵੇਗੀ : ਉਸਮਾਨ ਖਵਾਜਾ

ਜੈਵਰਧਨੇ ਨੇ ਅੱਗੇ ਕਿਹਾ ਕਿ ਦੋਵਾਂ ਟੀਮਾਂ ਕੋਲ ਸ਼ਾਨਦਾਰ ਗੇਂਦਬਾਜ਼ੀ ਹਮਲੇ ਹਨ ਅਤੇ ਅਜਿਹੇ 'ਚ ਸੀਰੀਜ਼ ਦਾ ਨਤੀਜਾ ਉਸ ਟੀਮ ਦੇ ਪੱਖ 'ਚ ਆਉਣ ਦੀ ਉਮੀਦ ਹੈ, ਜਿਸ ਦੇ ਬੱਲੇਬਾਜ਼ ਬਿਹਤਰ ਪ੍ਰਦਰਸ਼ਨ ਕਰਨਗੇ। ਇਹ ਸਭ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਦੋਵਾਂ ਵਿੱਚੋਂ ਕਿਹੜੀ ਟੀਮ ਪਹਿਲਾਂ ਆਪਣੀ ਲੈਅ ਹਾਸਲ ਕਰਦੀ ਹੈ। ਜੇ ਅਸੀਂ ਇਸ ਟੈਸਟ ਸੀਰੀਜ਼ 'ਚ ਦੋਵਾਂ ਟੀਮਾਂ ਦੇ ਗੇਂਦਬਾਜ਼ੀ ਹਮਲੇ 'ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਪ੍ਰਭਾਵਸ਼ਾਲੀ ਹੈ। 

ਭਾਰਤ ਕੋਲ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਰੂਪ 'ਚ 2 ਅਜਿਹੇ ਤਜਰਬੇਕਾਰ ਸਪਿਨ ਗੇਂਦਬਾਜ਼ ਹਨ, ਉੱਥੇ ਇਨ੍ਹਾਂ ਪਿੱਚਾਂ 'ਤੇ ਉਨ੍ਹਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੈ। ਇਸ ਦੇ ਨਾਲ ਹੀ ਆਸਟਰੇਲੀਆ ਕੋਲ ਕਪਤਾਨ ਪੈਟ ਕਮਿੰਸ ਤੋਂ ਇਲਾਵਾ ਨਾਥਨ ਲਿਓਨ ਵੀ ਹੈ, ਜਿਸ ਨੇ ਪਿਛਲੇ ਸਮੇਂ ਵਿੱਚ ਵੀ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਹਾਲਾਂਕਿ ਆਸਟਰੇਲੀਆਈ ਟੀਮ ਨੂੰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ 2 ਵੱਡੇ ਝਟਕੇ ਲੱਗੇ ਹਨ, ਜਿਸ 'ਚ ਟੀਮ ਦੇ 2 ਮੁੱਖ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਨਾਗਪੁਰ ਟੈਸਟ 'ਚ ਅਨਫਿੱਟ ਹੋਣ ਕਾਰਨ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਆਲਰਾਊਂਡਰ ਕੈਮਰੂਨ ਗ੍ਰੀਨ ਦੇ ਖੇਡਣ 'ਤੇ ਵੀ ਖਦਸ਼ੇ ਬਰਕਰਾਰ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh