ਵਿਰਾਟ ਦੇ 200ਵੇਂ ਵਨ ਡੇ ਦਾ ਜਸ਼ਨ ਮਨਾਏਗਾ ਭਾਰਤ!

10/22/2017 1:36:41 AM

ਮੁੰਬਈ— ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ ਇਥੇ ਵਾਨਖੇੜੇ ਸਟੇਡੀਅਮ 'ਚ ਹੋਣ ਵਾਲੇ ਪਹਿਲੇ ਇਕ ਦਿਨਾ ਮੈਚ 'ਚ ਕਪਤਾਨ ਵਿਰਾਟ ਕੋਹਲੀ ਦੇ 200ਵੇਂ ਵਨ ਡੇ ਦਾ ਜਸ਼ਨ ਜਿੱਤ ਨਾਲ ਮਨਾਉਣ ਦੇ ਟੀਚੇ ਨਾਲ  ਉਤਰੇਗੀ।
ਭਾਰਤ ਦਾ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ 'ਚ ਇਸ ਦੇ ਨਾਲ ਹੀ ਵਨ ਡੇ ਰੈਂਕਿੰਗ ਵਿਚ ਇਕ ਵਾਰ ਫਿਰ ਤੋਂ ਚੋਟੀ ਰੈਂਕਿੰਗ 'ਤੇ ਪਰਤਣ ਦਾ ਵੀ ਟੀਚਾ ਹੋਵੇਗਾ, ਜਿਸ ਦੀ ਸ਼ੁਰੂਆਤ ਉਸ ਨੂੰ ਪਹਿਲੇ ਵਨ ਡੇ 'ਚ ਜਿੱਤ ਨਾਲ ਕਰਨੀ ਪਵੇਗੀ। ਭਾਰਤ ਨੇ ਆਪਣੀ ਪਿਛਲੀ ਸੀਰੀਜ਼ 'ਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 4-1 ਨਾਲ ਹਰਾਇਆ ਸੀ ਤੇ ਉਹ ਉਸੇ ਜਿੱਤ ਦੀ ਲੈਅ ਨੂੰ ਕੀਵੀਆਂ ਵਿਰੁੱਧ ਵੀ ਬਰਕਰਾਰ ਰੱਖਣਾ ਚਾਹੇਗੀ।
ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚ ਆਪਣਾ ਨਾਂ ਸ਼ਾਮਲ ਕਰ ਚੁੱਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ ਇਹ ਵਨ ਡੇ ਬੇਹੱਦ ਖਾਸ ਹੋਵੇਗਾ। ਇਹ ਉਸ ਦੇ ਸ਼ਾਨਦਾਰ ਕਰੀਅਰ ਦਾ 200ਵਾਂ ਵਨ ਡੇ ਹੋਵੇਗਾ, ਜਿਸ ਨੂੰ ਉਹ ਹਰ ਹਾਲ 'ਚ ਯਾਦਗਾਰ ਬਣਾਉਣਾ ਚਾਹੇਗਾ। ਵਿਰਾਟ ਕੱਲ ਮੈਦਾਨ 'ਤੇ ਉਤਰਨ ਦੇ ਨਾਲ ਹੀ ਇਹ ਪ੍ਰਾਪਤੀ ਹਾਸਲ ਕਰਨ ਵਾਲਾ 13ਵਾਂ ਭਾਰਤੀ ਖਿਡਾਰੀ ਬਣ ਜਾਵੇਗਾ। ਵਿਰਾਟ ਇਸ ਸਮੇਂ 199 'ਤੇ ਟਿਕਿਆ ਹੋਇਆ ਹੈ, ਜਿਸ 'ਚ ਉਹ 30 ਸੈਂਕੜਿਆਂ ਨਾਲ 8767 ਦੌੜਾਂ ਬਣਾ ਚੁੱਕਾ ਹੈ। ਵਿਰਾਟ ਦਾ ਇਸ ਦੇ ਨਾਲ ਹੀ ਖੁਦ ਨੂੰ ਵਨ ਡੇ ਰੈਂਕਿੰਗ 'ਚ ਫਿਰ ਤੋਂ ਨੰਬਰ ਵਨ ਬਣਾਉਣ ਤੇ ਟੀਮ ਇੰਡੀਆ ਨੂੰ ਵੀ ਰੈਂਕਿੰਗ ਵਿਚ ਨੰਬਰ ਇਕ 'ਤੇ ਲਿਜਾਣ ਦਾ ਟੀਚਾ ਹੋਵੇਗਾ। ਵਿਰਾਟ ਇਕ ਦਿਨਾ ਰੈਂਕਿੰਗ 'ਚ ਦੂਜੇ ਨੰਬਰ 'ਤੇ ਖਿਸਕ ਗਿਆ ਹੈ।