ਚੀਨੀ ਡ੍ਰੈਗਨ ਨੂੰ ਪਹਿਲੀ ਵਾਰ ਕਾਬੂ ਕਰਨ ਉਤਰੇਗਾ ਭਾਰਤ

10/12/2018 4:34:27 AM

ਸੁਝੋਓ— ਚੀਨ ਦੀ ਇਤਿਹਾਸਕ ਯਾਤਰਾ 'ਤੇ ਪਹੁੰਚੀ ਭਾਰਤੀ ਫੁੱਟਬਾਲ ਟੀਮ 13 ਅਕਤੂਬਰ ਨੂੰ ਹੋਣ ਵਾਲੇ ਕੌਮਾਂਤਰੀ ਦੋਸਤਾਨਾ ਮੈਚ ਵਿਚ ਚੀਨੀ ਡ੍ਰੈਗਨ ਨੂੰ ਪਹਿਲੀ ਵਾਰ ਕਾਬੂ ਕਰਨ ਉਤਰੇਗੀ। ਇਹ ਇਤਿਹਾਸਕ ਮੈਚ 13 ਅਕਤੂਬਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.05 ਵਜੇ ਤੋਂ ਸੁਝੋਓ ਸਿਟੀ ਸੈਂਟਰ ਓਲੰਪਿਕ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤੀ ਫੁੱਟਬਾਲ ਟੀਮ 21 ਸਾਲ ਬਾਅਦ ਚੀਨੀ ਟੀਮ ਨਾਲ ਖੇਡੇਗੀ। ਇਹੀ ਨਹੀਂ, ਭਾਰਤੀ ਟੀਮ ਦਾ ਇਹ ਹੁਣ ਤਕ ਦਾ ਪਹਿਲਾ ਚੀਨੀ ਦੌਰਾ ਹੈ। ਭਾਰਤੀ ਟੀਮ ਦਾ ਇਹ ਦੌਰਾ ਵੱਕਾਰੀ ਏਸ਼ੀਅਨ ਕੱਪ ਦੀਆਂ ਤਿਆਰੀਆਂ ਲਈ ਹੈ। ਏ. ਐੱਫ. ਸੀ. ਏਸ਼ੀਅਨ ਕੱਪ ਅਗਲੇ ਸਾਲ 5 ਜਨਵਰੀ ਤੋਂ 1 ਫਰਵਰੀ ਤਕ ਯੂ. ਏ. ਈ. ਵਿਚ ਹੋਵੇਗਾ। ਵਿਸ਼ਵ ਰੈਂਕਿੰਗ ਵਿਚ ਭਾਰਤੀ ਟੀਮ 97ਵੇਂ ਤੇ ਚੀਨ ਦੀ ਟੀਮ 76ਵੇਂ ਨੰਬਰ 'ਤੇ ਹੈ।