ਭਾਰਤ ਬਨਾਮ ਵਿੰਡੀਜ਼ ਪਹਿਲਾ ਟੈਸਟ ਕੱਲ ਤੋਂ ਏਂਟੀਗਾ ''ਚ

08/21/2019 12:29:15 AM

ਜਲੰਧਰ (ਵੈੱਬ ਡੈਸਕ)— ਭਾਰਤੀ ਟੀਮ ਜਦੋਂ ਏਂਟੀਗਾ ਦੇ ਮੈਦਾਨ 'ਤੇ ਵਿੰਡੀਜ਼ ਵਿਰੁੱਧ ਪਹਿਲਾ ਟੈਸਟ ਖੇਡਣ ਲਈ ਵੀਰਵਾਰ ਨੂੰ ਉਤਰੇਗੀ ਤਾਂ ਕਪਤਾਨ ਵਿਰਾਟ ਕੋਹਲੀ ਲਈ ਸਭ ਤੋਂ ਵੱਡੀ ਤੇ ਸ਼ਸ਼ੋਪੰਜ ਦੀ ਸਥਿਤੀ ਸਹੀ ਪਲੇਇੰਗ ਇਲੈਵਨ ਚੁਣਨ ਦੀ ਹੋਵੇਗੀ। ਸ਼ਿਖਰ ਧਵਨ ਦੇ ਟੈਸਟ ਟੀਮ ਵਿਚੋਂ ਬਾਹਰ ਹੋਣ ਕਾਰਣ ਓਪਨਿੰਗ ਲਈ 3 ਵੱਡੇ ਦਾਅਵੇਦਾਰ ਹਨ। ਇਨ੍ਹਾਂ ਵਿਚੋਂ ਕਿਸੇ 2 ਨੂੰ ਹੀ ਮੌਕਾ ਮਿਲਣਾ ਹੈ, ਜਦਕਿ ਤੀਜਾ ਆਪਣੇ ਆਪ ਹੀ ਬਾਹਰ ਹੋ ਜਾਵੇਗਾ।
ਇਸੇ ਤਰ੍ਹਾਂ ਮੱਧਕ੍ਰਮ ਵਿਚ ਰਿਸ਼ਭ ਪੰਤ, ਰਿਧੀਮਾਨ ਸਾਹਾ ਤੇ ਹਨੁਮਾ ਵਿਹਾਰੀ ਨੂੰ ਲੈ ਕੇ ਪੇਚ ਅੜਿਆ ਹੋਇਆ ਹੈ। ਹਨੁਮਾ ਨੇ ਪ੍ਰੈਕਟਿਸ ਮੈਚ ਵਿਚ ਚੰਗੀ ਖੇਡ ਦਿਖਾਈ ਸੀ। ਅਜਿਹੀ ਹਾਲਤ ਵਿਚ ਸਾਹਾ ਤੇ ਪੰਤ ਵਿਚੋਂ ਕਿਸੇ ਇਕ ਨੂੰ ਬਾਹਰ ਬੈਠਣਾ ਪਵੇਗਾ।
ਉਥੇ ਹੀ ਸਪਿਨ ਵਿਭਾਗ ਵਿਚ ਵੀ 3-3 ਦਾਅਵੇਦਰ ਹਨ। ਅਸ਼ਵਿਨ, ਕੁਲਦੀਪ ਤੇ ਜਡੇਜਾ ਵਿਚੋਂ ਕਿਸ ਨੂੰ ਪਹਿਲਾ ਮੌਕਾ ਮਿਲੇਗਾ, ਇਹ ਕਹਿਣਾ ਮੁਸ਼ਕਿਲ ਹੈ। ਉਥੇ ਹੀ ਤੇਜ਼ ਗੇਂਦਬਾਜ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੰਮੀ, ਇਸ਼ਾਂਤ, ਬੁਮਰਾਹ ਤੇ ਉਮੇਸ਼ ਯਾਦਵ ਵਿਚੋਂ ਵੀ ਕਿਸੇ ਨੂੰ ਉਤਾਰਿਆ ਜਾਣਾ ਹੈ, ਇਹ ਸੋਚਣਾ ਵੀ ਕਪਤਾਨ ਕੋਹਲੀ ਲਈ ਚੁਣੌਤੀ ਹੋਵੇਗੀ। ਵਿੰਡੀਜ਼ ਟੀਮ ਦਾ ਟੈਸਟ ਕ੍ਰਿਕਟ ਵਿਚ ਹਾਲੀਆ ਦਿਨਾਂ ਵਿਚ ਪ੍ਰਦਰਸ਼ਨ ਚੰਗਾ ਨਹੀਂ ਹੈ। ਅਜਿਹੀ ਹਾਲਤ ਵਿਚ ਕਿਆਸ ਇਹ ਵੀ ਹੈ ਕਿ ਕਪਤਾਨ ਕੋਹਲੀ ਯੰਗ ਬ੍ਰਿਗੇਡ ਨੂੰ ਮੌਕਾ ਦੇ ਸਕਦਾ ਹੈ ਪਰ ਵਿੰਡੀਜ਼ ਦੌਰੇ 'ਤੇ ਇਹ ਰਿਸਕ ਲੈਣ ਤੋਂ ਵੀ ਕੋਹਲੀ ਨੂੰ ਘਬਰਾਹਟ ਹੋ ਸਕਦੀ ਹੈ।
ਟੀਮ ਇੰਡੀਆ ਰਿਸਕ ਲੈਣ ਦੀ ਸਥਿਤੀ ਵਿਚ ਨਹੀਂ  : ਭਾਵੇਂ ਹੀ ਟੀਮ ਇੰਡੀਆ ਵੈਸਟਇੰਡੀਜ਼ ਟੀਮ ਅੱਗੇ ਮਜ਼ਬੂਤ ਦਿਸ ਰਹੀ ਹੈ ਪਰ ਮੇਜ਼ਬਾਨ ਟੀਮ ਉਲਟਫੇਰ ਕਰਨ ਦੀ ਸਮਰੱਥਾ ਰੱਖਦੀ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਵਿੰਡੀਜ਼ ਦਾ ਦੌਰਾ ਕਰਨ ਵਾਲੀ ਇੰਗਲੈਂਡ ਟੀਮ ਨੂੰ ਟੈਸਟ ਸੀਰੀਜ਼ ਵਿਚ ਇਥੇ ਕਰਾਰੀ ਹਾਰ ਝੱਲਣੀ ਪਈ ਸੀ। ਵੈਸਟਇੰਡੀਜ਼ ਟੀਮ ਦੇ ਕਪਤਾਨ ਜੈਸਨ ਹੋਲਡਰ ਨੇ ਉਦੋਂ ਦੋਹਰਾ ਸੈਂਕੜਾ ਲਾ ਕੇ ਟੀਮ ਨੂੰ ਲੀਡ ਦਿਵਾਈ ਸੀ। ਇਸ ਦੌਰਾਨ ਇੰਗਲੈਂਡ ਦੇ ਖਿਡਾਰੀ  ਬੀਚ 'ਤੇ ਮਸਤੀ ਕਰਨ ਨੂੰ ਲੈ ਕੇ ਵੀ ਵਿਵਾਦ ਦਾ ਸ਼ਿਕਾਰ ਹੋ ਗਏ ਸਨ। ਟੀਮ ਇੰਡੀਆ ਨੂੰ ਉਲਟਫੇਰ ਤੋਂ ਬਚਣ ਲਈ ਚੌਕਸ ਰਹਿਣਾ ਪਵੇਗਾ। 

Gurdeep Singh

This news is Content Editor Gurdeep Singh