ਭਾਰਤ ਬਨਾਮ ਵਿੰਡੀਜ਼ ਪਹਿਲਾ ਟੈਸਟ ਏੇਂਟੀਗਾ ''ਚ ਅੱਜ ਤੋਂ

08/22/2019 12:29:29 AM

ਏਂਟੀਗਾ— ਭਾਰਤੀ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਵਿਚ ਵੀਰਵਾਰ ਨੂੰ ਜਦੋਂ ਵੈਸਟਇੰਡੀਜ਼ ਸਾਹਮਣੇ ਉਤਰੇਗੀ ਤਾਂ ਕਪਤਾਨ ਵਿਰਾਟ ਕੋਹਲੀ ਜਿੱਤ ਦੇ ਨਾਲ ਸ਼ੁਰੂਆਤ ਕਰਨੀ ਚਾਹੇਗਾ। ਭਾਰਤ ਜੇਕਰ ਇਹ ਮੈਚ ਜਿੱਤਦਾ ਹੈ ਤਾਂ ਬਤੌਰ ਕਪਤਾਨ ਕੋਹਲੀ ਦੀ 27ਵੀਂ ਟੈਸਟ ਜਿੱਤ ਹੋਵੇਗੀ। ਉਹ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਵੇਗਾ। ਇਸ ਮੈਚ ਵਿਚ ਸੈਂਕੜਾ ਲਾਉਣ 'ਤੇ ਉਹ ਬਤੌਰ ਕਪਤਾਨ 19 ਟੈਸਟ ਸੈਂਕੜੇ ਲਾ ਕੇ ਰਿਕੀ ਪੋਂਟਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਕੋਹਲੀ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਹੁੰਦਿਆਂ ਭਾਰਤੀ ਟੀਮ ਕਾਗਜ਼ਾਂ 'ਤੇ ਮਜ਼ਬੂਤ ਲੱਗ ਰਹੀ ਹੈ ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਕੈਰੇਬੀਆਈ ਟੀਮ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਇੰਗਲੈਂਡ ਨੂੰ ਇਸ ਦਾ ਤਜਰਬਾ ਹੋ ਚੁੱਕਾ ਹੈ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਦੀਆਂ ਪਿੱਚਾਂ 'ਤੇ 1-2 ਨਾਲ ਹਾਰ ਝੱਲਣੀ ਪਈ।
ਏੇਂਟੀਗਾ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ ਦੀ ਵਿਕਟ ਵੀ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਹੈ। ਕੋਹਲੀ ਨੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਬਾਰੇ ਕਿਹਾ ਕਿ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਕਿ ਟੈਸਟ ਕ੍ਰਿਕਟ ਖਤਮ ਹੋ ਰਹੀ ਹੈ। ਮੇਰਾ ਤਾਂ ਇਹ ਮੰਨਣਾ ਹੈ ਕਿ ਮੁਕਾਬਲੇਬਾਜ਼ੀ ਦੁੱਗਣੀ ਵਧ ਗਈ ਹੈ। ਖਿਡਾਰੀਆਂ ਨੂੰ ਚੁਣੌਤੀ ਦਾ ਸਾਹਮਣਾ ਕਰ ਕੇ ਜਿੱਤ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਟੈਸਟ ਮੈਚ ਕਾਫੀ ਰੋਮਾਂਚਕ ਹੋ ਜਾਣਗੇ। ਇਹ ਸਹੀ ਸਮੇਂ 'ਤੇ ਲਿਆ ਗਿਆ ਸਹੀ ਫੈਸਲਾ ਹੈ। ਇਥੇ ਪਿਛਲੇ ਟੈਸਟ ਵਿਚ ਇੰਗਲੈਂਡ ਦੀ ਟੀਮ 187 ਅਤੇ 132 ਦੌੜਾਂ 'ਤੇ ਆਊਟ ਹੋ ਗਈ ਸੀ ਪਰ ਉਹ ਦੂਸਰਾ ਸਮਾਂ ਸੀ। ਵੈਸਟਇੰਡੀਜ਼ ਕੋਲ ਸ਼ਾਈ ਹੋਪ, ਜਾਨ ਕੈਂਪਬੇਲ ਅਤੇ ਸ਼ਿਮਰੋਨ ਹੈਟਮਾਇਰ ਦੇ ਰੂਪ ਵਿਚ 3 ਹੁਨਰਮੰਦ ਨੌਜਵਾਨ ਹਨ। ਭਾਰਤ ਖਿਲਾਫ 2016 ਦੀ ਸੀਰੀਜ਼ ਦੌਰਾਨ ਚੇਜ਼ ਨੇ ਪੂਰਾ ਦਿਨ ਅਸ਼ਵਿਨ ਨੂੰ ਥਕਾਇਆ ਸੀ, ਜਦੋਂ ਵੈਸਟਇੰਡੀਜ਼ ਪਾਰੀ ਦੀ ਹਾਰ ਦੇ ਕੰਢੇ 'ਤੇ ਸੀ। ਡੈਰੇਨ ਬ੍ਰਾਵੋ 52 ਟੈਸਟਾਂ 'ਚ 3500 ਦੌੜਾਂ ਬਣਾ ਚੁੱਕਾ ਹੈ।
13 ਸਾਲਾਂ ਤੋਂ ਵੈਸਟਇੰਡੀਜ਼ 'ਚ ਟੈਸਟ ਜਿੱਤ ਰਹੀ ਹੈ ਟੀਮ ਇੰਡੀਆ
ਭਾਰਤੀ ਟੀਮ ਦਾ ਚਾਹੇ ਵੈਸਟਇੰਡੀਜ਼ ਵਿਚ ਟੈਸਟ ਰਿਕਾਰਡ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਰ ਬੀਤੇ ਕੁਝ ਸਾਲਾਂ ਵਿਚ ਉਸ ਨੇ ਵੈਸਟਇੰਡੀਜ਼ ਵਿਚ ਅਜੇਤੂ ਲੀਡ ਬਣਾਈ ਹੋਈ ਹੈ। ਭਾਰਤ ਅਤੇ ਵੈਸਟਇੰਡੀਜ਼ ਟੀਮ ਨੇ 2006 ਵਿਚ 31 ਸਾਲਾਂ ਬਾਅਦ ਵੈਸਟਇੰਡੀਜ਼ ਨੂੰ ਉਸੇ ਦੇ ਘਰ ਵਿਚ ਹਰਾਇਆ ਸੀ। ਇਸ ਤੋਂ ਬਾਅਦ ਟੀਮ ਇੰਡੀਆ 2 ਵਾਰ ਵੈਸਟਇੰਡੀਜ਼ ਟੈਸਟ ਸੀਰੀਜ਼ ਲਈ ਗਈ। ਦੋਵੇਂ ਵਾਰ ਉਸ ਨੂੰ ਸਫਲਤਾ ਹੀ ਹੱਥ ਲੱਗੀ।
ਅਸ਼ਵਿਨ ਹੋ ਸਕਦੈ ਟਰੰਪ ਕਾਰਡ:  ਟੀਮ ਇੰਡੀਆ ਦਾ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਵੈਸਟਇੰਡੀਜ਼ ਖਿਲਾਫ ਟਰੰਪ ਕਾਰਡ ਸਾਬਿਤ ਹੋ ਸਕਦਾ ਹੈ। ਅਸ਼ਵਿਨ ਦਾ ਵੈਸਟਇੰਡੀਜ਼ ਖਿਲਾਫ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਅਸ਼ਵਿਨ 11 ਟੈਸਟਾਂ ਵਿਚ ਵੈਸਟਇੰਡੀਜ਼ ਖਿਲਾਫ 552 ਦੌੜਾਂ ਬਣਾ ਚੁੱਕਾ ਹੈ। ਇਸ ਤਰ੍ਹਾਂ ਅਸ਼ਵਿਨ ਦੇ ਟੈਸਟ ਕਰੀਅਰ 'ਚ 4 ਸੈਂਕੜੇ ਵੀ ਸ਼ਾਮਲ ਹਨ। ਅਸ਼ਵਿਨ ਵਿੰਡੀਜ਼ ਬੱਲੇਬਾਜ਼ਾਂ ਦੀਆਂ 60 ਵਿਕਟਾਂ ਵੀ ਕੱਢ ਚੁੱਕਾ ਹੈ।
ਇਕ ਹੀ ਸਪਿਨਰ ਖੇਡੇਗਾ : ਰਵੀਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ 'ਚੋਂ ਇਕੋ ਹੀ ਸਪਿਨਰ ਦੀ ਜਗ੍ਹਾ ਲਈ ਦੌੜ ਹੋਵੇਗੀ। 3 ਤੇਜ਼ ਗੇਂਦਬਾਜ਼ਾਂ ਦੀ ਜਗ੍ਹਾ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ੰਮੀ ਲੈਣਗੇ। ਕੋਹਲੀ ਵਾਧੂ ਬੱਲੇਬਾਜ਼ ਦੇ ਨਾਲ ਵੀ ਉਤਰ ਸਕਦਾ ਹੈ।
ਸਲਾਮੀ ਬੱਲੇਬਾਜ਼ ਨੂੰ ਲੈ ਕੇ ਵੀ ਪੇਚ : ਇਹ ਵੀ ਦੇਖਣਾ ਹੋਵੇਗਾ ਕਿ ਮਯੰਕ ਅਗਰਵਾਲ ਦੇ ਨਾਲ ਪਾਰੀ ਦਾ ਆਗਾਜ਼ ਕੌਣ ਕਰਦਾ ਹੈ। ਲੋਕੇਸ਼ ਰਾਹੁਲ ਮਾਹਿਰ ਸਲਾਮੀ ਬੱਲੇਬਾਜ਼ ਹੈ ਪਰ ਆਸਟ੍ਰੇਲੀਆ ਵਿਚ ਹਨੁਮਾ ਵਿਹਾਰੀ ਨੂੰ ਉਤਾਰਿਆ ਗਿਆ। ਹੁਣ ਹਾਲਾਤ ਦੇ ਹਿਸਾਬ ਨਾਲ ਤੇਜ਼ ਹਮਲੇ ਸਾਹਮਣੇ ਉਸ ਨੂੰ ਮੌਕਾ ਨਾ ਦੇਣਾ ਜ਼ਿਆਦਤੀ ਹੋਵੇਗੀ।
ਇਹ ਹੈ ਚਿੰਤਾ
ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਚਿੰਤਾ ਦਾ ਸਬੱਬ ਕੇਮਾਰ ਰੋਚ ਅਤੇ ਸ਼ੇਨੋਨ ਗੈਬ੍ਰੀਅਲ ਕੋਲੋਂ ਮਿਲਣ ਵਾਲੀ ਨਵੀਂ ਗੇਂਦ ਦੀ ਚੁਣੌਤੀ ਹੋਵੇਗੀ। ਪਿੱਚ ਵਿਚ ਸਪੀਡ ਅਤੇ ਉਛਾਲ ਹੋਣ 'ਤੇ ਕੋਹਲੀ ਕੋਲ ਆਪਣੇ ਸਾਰੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਨੂੰ ਟੀਮ ਵਿਚ ਲੈਣ ਦਾ ਵੀ ਮੌਕਾ ਹੋਵੇਗਾ।
ਪਿੱਚ ਹੈ ਹਰੀ
ਹਰੀ-ਭਰੀ ਪਿੱਚ ਹੋਣ 'ਤੇ ਕੋਹਲੀ 5 ਗੇਂਦਬਾਜ਼ਾਂ ਨੂੰ ਵੀ ਉਤਾਰ ਸਕਦਾ ਹੈ, ਜਿਸ ਦੇ ਮਾਇਨੇ ਹਨ ਕਿ ਮੁੰਬਈ ਦੇ ਦੋਵਾਂ ਬੱਲੇਬਾਜ਼ਾਂ ਵਿਚੋਂ ਇਕ ਦੀ ਚੋਣ ਹੋਵੇਗੀ ਅਤੇ ਰਵਿੰਦਰ ਜਡੇਜਾ ਹਰਫਨਮੌਲਾ ਦੇ ਰੂਪ ਵਿਚ ਖੇਡੇਗਾ।
ਦੋਵੇਂ ਟੀਮਾਂ—
ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਰਿਸ਼ਭ ਪੰਤ, ਕੁਲਦੀਪ ਯਾਦਵ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ।
ਵੈਸਟਇੰਡੀਜ਼: ਜੇਸਨ ਹੋਲਡਰ (ਕਪਤਾਨ), ਕ੍ਰੇਗ ਬ੍ਰੈਥਵੇਟ, ਡੈਰੇਨ ਬ੍ਰਾਵੋ, ਸ਼ਾਮਾਰ ਬਰੁੱਕਸ, ਜਾਨ ਕੈਂਪਬੇਲ, ਰੋਸਟਨ ਚੇਜ਼, ਰਕਹੀਮ ਕਾਰਨਵਾਲ, ਸ਼ੇਮ ਡੋਰਿਚ, ਸ਼ੇਨੋਨ ਗੈਬ੍ਰੀਅਲ, ਸ਼ਿਮਰੋਨ ਹੈਟਮਾਇਰ, ਸ਼ਾਈ ਹੋਪ, ਕੀਮੋ ਪਾਲ, ਕੇਮਾਰ ਰੋਚ।

Gurdeep Singh

This news is Content Editor Gurdeep Singh