INDvsSL: ਦੂਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 154/5

07/27/2017 5:54:05 PM

ਗਾਲੇ— ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਨਜ਼ਰਾ ਪੇਸ਼ ਕਰਕੇ ਆਪਣੇ ਕਰੀਅਰ ਦਾ ਸਰਵਉੱਚ ਸਕੋਰ 190 ਦੌੜਾਂ ਬਣਾਈਆਂ ਅਤੇ ਦਿਨ ਦੇ ਇਕ ਹੋਰ ਸੈਂਕੜਾਧਾਰੀ ਚੇਤੇਸ਼ਵਰ ਪੁਜਾਰਾ ਦੇ ਨਾਲ 253 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਅੱਜ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ 'ਚ ਹੀ ਵੱਡਾ ਸਕੋਰ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਭਾਰਤ ਦੀ ਅੱਜ ਦੂਜੇ ਦਿਨ ਦੀ ਖੇਡ 'ਤੇ ਚੇਤੇਸ਼ਵਰ ਪੁਜਾਰਾ 153 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ 'ਚ 13 ਚੌਕੇ ਲਗਾਏ।

ਇਸ ਤੋਂ ਬਾਅਦ ਅਜਿੰਕਯ ਰਹਾਨੇ ਵੀ 57 ਦੌੜਾਂ ਬਣਾ ਕੇ ਆਊਟ ਹੋ ਗਿਆ। ਰਿਧੀਮਾਨ ਸਾਹਾ ਸਿਰਫ 16 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਏ ਜਦਕਿ ਰਵੀਚੰਦਰਨ ਅਸ਼ਵਿਨ 47 ਦੌੜਾਂ ਬਣਾ ਕੇ ਆਊਟ ਹੋਏ। ਰਵਿੰਦਰ ਜਡੇਜਾ ਸਿਰਫ 15 ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਿਆ। ਮੁਹੰਮਦ ਸ਼ਮੀ 30 ਦੌੜਾਂ ਬਣਾ ਕੇ ਆਊਟ ਹੋਇਆ। ਹਾਰਦਿਕ ਪੰਡਯਾ 50 ਦੌੜਾਂ ਦੇ ਸਕੋਰ 'ਤੇ ਆਊਟ ਹੋਏ। ਹੁਣ ਦੂਜੇ ਦਿਨ ਭਾਰਤ ਨੇ ਪਹਿਲੀ ਪਾਰੀ ਖਤਮ ਕਰਦੇ ਹੋਏ 600 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਵੱਲੋਂ ਨੁਆਨ ਪ੍ਰਦੀਪ ਨੇ ਸਭ ਤੋਂ ਜ਼ਿਆਦਾ 6 ਵਿਕਟਾਂ ਲਈਆਂ ਜਦਕਿ ਲਾਹੀਰੂ ਕੁਮਾਰਾ ਨੇ 3 ਵਿਕਟਾਂ ਝਟਕਾਈਆਂ। ਇਕ ਵਿਕਟ ਰੰਗਨਾ ਹੇਰਾਥ ਨੇ ਹਾਸਲ ਕੀਤੀ।

ਭਾਰਤ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਵਿਸ਼ਾਲ ਸਕੋਰ ਖੜ੍ਹਾ ਕਰਨ ਦੇ ਬਾਅਦ ਅੱਜ ਇੱਥੇ ਮੁਹੰਮਦ ਸ਼ਮੀ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਦੇ ਚੋਟੀ ਦੇ ਕ੍ਰਮ ਨੂੰ ਡਿਗਾਉਣ ਦੀ ਸਥਿਤੀ 'ਚ ਲਿਆ ਕੇ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ।

ਸ਼੍ਰੀਲੰਕਾ ਨੇ ਆਪਣੀ ਪਹਿਲੀ ਇਨਿੰਗ 'ਚ ਖੇਡ ਖਤਮ ਹੋਣ ਤੱਕ ਪੰਜ ਵਿਕਟਾਂ 'ਤੇ 154 ਦੌੜਾਂ ਬਣਾਈਆਂ ਹਨ ਅਤੇ ਉਹ ਅਜੇ ਵੀ ਭਾਰਤ ਤੋਂ 446 ਦੌੜਾਂ ਪਿੱਛੇ ਹੈ ਅਤੇ ਉਸ ਨੂੰ ਫਾਲੋਆਨ ਤੋਂ ਬਚਣ ਦੇ ਲਈ ਅਜੇ ਵੀ 247 ਦੌੜਾਂ ਦੀ ਜ਼ਰੂਰਤ ਹੈ। ਸ਼੍ਰੀਲੰਕਾ ਦਾ ਦਾਰੋਮਾਰ ਹੁਣ ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ 'ਤੇ ਟਿੱਕਿਆ ਹੈ ਜੋ 54 ਦੌੜਾਂ ਬਣਾ ਕੇ ਖੇਡ ਰਹੇ ਹਨ। ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਨੇ 64 ਦੌੜਾਂ ਬਣਾਈਆਂ। ਸ਼ਮੀ ਨੇ 30 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਉਨ੍ਹਾਂ ਤੋਂ ਇਲਾਵਾ ਉਮੇਸ਼ ਯਾਦਵ (50 ਦੌੜਾਂ ਦੇ ਕੇ ਇਕ) ਅਤੇ ਰਵੀਚੰਦਰਨ (49 ਦੌੜਾਂ ਦੇ ਕੇ ਇਕ) ਨੇ ਵੀ ਇਕ-ਇਕ ਵਿਕਟ ਲਿਆ।