ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਅੱਜ

11/01/2017 1:02:40 AM

ਨਵੀਂ ਦਿੱਲੀ— ਵਿਰਾਟ ਕੋਹਲੀ ਦੀ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਇਕ ਦਿਨਾ ਸੀਰੀਜ਼ ਜਿੱਤਣ ਤੋਂ ਬਾਅਦ ਮਹਿਮਾਨ ਟੀਮ ਵਿਰੁੱਧ ਬੁੱਧਵਾਰ ਨੂੰ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਹੋਣ ਵਾਲੇ ਪਹਿਲੇ ਟੀ-20 ਕੌਮਾਂਤਰੀ ਮੈਚ 'ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੂੰ ਜੇਤੂ ਵਿਦਾਇਗੀ ਦੇਣ ਦੇ ਇਰਾਦੇ ਨਾਲ ਉਤਰੇਗੀ। ਦਿੱਲੀ ਦੇ ਨਹਿਰਾ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ 1 ਨਵੰਬਰ ਨੂੰ ਦਿੱਲੀ 'ਚ ਹੋਣ ਵਾਲਾ ਇਹ ਮੈਚ ਉਸ ਦਾ ਆਖਰੀ ਮੈਚ ਹੋਵੇਗਾ ਤੇ ਇਸ ਤੋਂ ਬਾਅਦ ਉਹ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਨਹਿਰਾ ਦੇ ਇਸ ਐਲਾਨ ਤੋਂ ਬਾਅਦ ਰਾਸ਼ਟਰੀ ਚੋਣਕਾਰਾਂ ਨੇ ਵਿਸ਼ਵ ਦੀ ਨੰਬਰ ਇਕ ਟੀ-20 ਟੀਮ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਨਹਿਰਾ ਨੂੰ ਟੀਮ 'ਚ ਸ਼ਾਮਲ ਕਰ ਲਿਆ। ਭਾਰਤ ਲਈ ਇਹ ਮੈਚ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਜੇਕਰ ਉਸ ਨੇ ਕੋਟਲਾ 'ਚ ਆਪਣੇ ਪਹਿਲੇ ਟੀ-20 ਮੈਚ 'ਚ ਨਹਿਰਾ ਨੂੰ ਜੇਤੂ ਵਿਦਾਇਗੀ ਦੇਣੀ ਹੈ ਤਾਂ ਉਸ ਨੂੰ ਕੀਵੀਆਂ ਵਿਰੁੱਧ ਪਹਿਲੇ ਟੀ-20 ਮੈਚ 'ਚ ਹਰ ਹਾਲ 'ਚ ਜਿੱਤ ਹਾਸਲ ਕਰਨੀ ਪਵੇਗੀ। ਭਾਰਤ ਨੇ 2007 ਤੋਂ 2016 ਤਕ ਨਿਊਜ਼ੀਲੈਂਡ ਵਿਰੁੱਧ ਪੰਜ ਟੀ-20 ਮੈਚ ਖੇਡੇ ਹਨ ਪਰ ਉਸ ਨੂੰ ਪੰਜਾਂ 'ਚ ਹੀ ਹਾਰ ਮਿਲੀ ਹੈ। ਸਫਲਤਾ ਦੇ ਰੱਥ 'ਤੇ ਸਵਾਰ ਵਿਰਾਟ ਸੈਨਾ ਨੂੰ ਹਰ ਹਾਲ 'ਚ ਇਹ ਕ੍ਰਮ ਤੋੜਨਾ ਪਵੇਗਾ।
ਭਾਰਤੀ ਟੀਮ ਲਈ ਹਾਲਾਂਕਿ ਇਹ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਨਿਊਜ਼ੀਲੈਂਡ ਟੀ-20 ਦੀ ਵਿਸ਼ਵ ਰੈਂਕਿੰਗ 'ਚ 125 ਅੰਕਾਂ ਨਾਲ ਨੰਬਰ ਇਕ ਟੀਮ ਹੈ, ਜਦਕਿ ਭਾਰਤ 116 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਭਾਰਤੀ ਟੀਮ ਨੂੰ ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ 'ਚ ਜਿਸ ਤਰ੍ਹਾਂ ਚੁਣੌਤੀ ਦਿੱਤੀ, ਉਸ ਤੋਂ ਇਹ ਤਾਂ ਤੈਅ ਹੈ ਕਿ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈੱਟ 'ਚ ਮੁਕਾਬਲਾ ਦਿਲਚਸਪ ਤੇ ਸਖਤ ਹੋਵੇਗਾ। 
ਭਾਰਤ ਨੂੰ ਇਹ ਧਿਆਨ 'ਚ ਰੱਖਣਾ ਪਵੇਗਾ ਕਿ ਆਸਟ੍ਰੇਲੀਆ ਤੋਂ ਵਨ ਡੇ ਸੀਰੀਜ਼ 4-1 ਨਾਲ ਜਿੱਤਣ ਤੋਂ ਬਾਅਦ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ ਸੀ। ਨਿਊਜ਼ੀਲੈਂਡ ਨੇ ਵੀ ਭਾਰਤ ਆਉਂਦੇ ਹੀ ਪਹਿਲਾ ਵਨ ਡੇ ਜਿੱਤ ਲਿਆ ਸੀ। ਭਾਰਤ ਨੇ ਹਾਲਾਂਕਿ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੇ ਦੋ ਵਨ ਡੇ ਜਿੱਤ ਕੇ ਲਗਾਤਾਰ ਸੱਤਵੀਂ ਦੋ-ਪੱਖੀ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ। ਵਿਰਾਟ ਨੇ ਇਸ ਸਿਲਸਿਲੇ ਨੂੰ ਟੀ-20 ਵਿਚ ਵੀ ਬਰਕਰਾਰ ਰੱਖਣਾ ਹੈ। ਭਾਰਤ ਕੋਲ ਧਮਾਕੇਦਾਰ ਖਿਡਾਰੀਆਂ ਦੀ ਫੌਜ ਹੈ, ਜਿਹੜੇ ਇਸ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦੇ ਹਨ।