ਭਾਰਤ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਦੂੱਜੇ ਟੀ-20 ਮੁਕਾਬਲੇ ਬਣ ਸਕਦੇ ਹਨ ਇਹ ਰਿਕਾਰਡਜ਼

11/07/2019 2:07:01 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂੱਜਾ ਮੁਕਾਬਲਾ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਬੀਤੇ ਐਤਵਾਰ ਨੂੰ ਪਹਿਲੇ ਟੀ-20 ਮੈਚ 'ਚ ਭਾਰਤ ਨੂੰ ਹਰਾ ਕੇ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਦੂੱਜੇ ਟੀ-20 'ਚ ਭਾਰਤ ਪੂਰੀ ਤਾਕਤ ਦੇ ਨਾਲ ਮੈਦਾਨ 'ਤੇ ਉਤਰੇਗਾ। ਮਹਿਮੂਦਉਲ੍ਹਾ ਦੀ ਟੀਮ ਨੇ ਪਹਿਲੇ ਟੀ-20 'ਚ ਭਾਰਤ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 7 ਨਵੰਬਰ ਮਤਲਬ ਕਿ ਅੱਜ ਖੇਡੇ ਜਾਣ ਵਾਲੇ ਇਸ ਮੈਚ 'ਤੇ ਵੱਡੇ ਤੂਫਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਦਰਸ਼ਕਾਂ ਨੂੰ ਮੈਚ ਦੇ ਦਿਨ ਮੀਂਹ ਦੀ ਵਜ੍ਹਾ ਕਰਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਾਜਕੋਟ 'ਚ ਪਿੱਛਲਾ ਮੈਚ ਹਾਰੀ ਸੀ ਟੀਮ ਇੰਡੀਆ
ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਹੁਣ ਤੱਕ ਕੁਲ 2 ਟੀ-20 ਮੁਕਾਬਲੇ ਹੋਏ ਹਨ। ਇਕ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਅਤੇ ਦੂਜੇ ਮੈਚ 'ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਜਿੱਤੀ। ਇਸ ਮੈਦਾਨ 'ਤੇ ਟੀਮ ਇੰਡੀਆ ਦੀ ਜਿੱਤ ਦਾ ਰਿਕਾਰਡ 50-50 ਫੀਸਦੀ ਰਿਹਾ ਹੈ। ਭਾਰਤ ਨੂੰ ਇਥੇ ਇਕ ਮੈਚ 'ਚ ਜਿੱਤ ਅਤੇ ਇਕ 'ਚ ਹਾਰ ਮਿਲੀ ਹੈ। ਭਾਰਤ ਨੇ ਇਸ ਮੈਦਾਨ 'ਤੇ ਪਹਿਲਾ ਟੀ-20 ਮੈਚ ਸਾਲ 2013 'ਚ ਆਸਟਰੇਲੀਆ ਖਿਲਾਫ ਖੇਡਿਆ ਸੀ। ਇਸ ਮੈਚ 'ਚ ਆਸਟਰੇਲੀਆ ਨੇ 201 ਦੌੜਾਂ ਦਾ ਟੀਚਾ ਦਿੱਤਾ ਸੀ। ਇਹ ਟੀਚਾ ਆਸਾਨ ਨਹੀਂ ਸੀ ਪਰ ਯੁਵਰਾਜ ਸਿੰਘ ਦੀ 77 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਇਹ ਟੀਚਾ ਹਾਸਲ ਕਰ ਮੈਚ ਆਪਣੇ ਨਾਂ ਕਰ ਲਿਆ ਸੀ। ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਰਾਜਕੋਟ ਦੇ ਇਸ ਮੈਦਾਨ 'ਚ ਭਾਰਤ ਦੀ ਇਹ ਪਹਿਲੀ ਅਤੇ ਆਖਰੀ ਟੀ-20 ਜਿੱਤ ਸੀ। ਉਸ ਸਮੇਂ ਟੀਮ ਇੰਡੀਆ ਦੀ ਕਮਾਨ ਐੱਮ. ਐੱਸ. ਧੋਨੀ ਸੰਭਾਲ ਰਹੇ ਸਨ।

ਭਾਰਤ ਨੇ ਇਸ ਮੈਦਾਨ 'ਤੇ ਦੂੱਜਾ ਅਤੇ ਆਖਰੀ ਟੀ-20 ਮੁਕਾਬਲਾ 2017 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਇਸ ਮੈਚ 'ਚ ਮੁਨਰੋ ਦੇ ਅਜੇਤੂ ਸੈਂਕੜੇ ਦੀ ਬਦੌਲਤ ਕੀਵੀਆਂ ਨੇ 196 ਦੌੜਾਂ ਬਣਾਈਆਂ। ਜਵਾਬ 'ਚ ਟੀਮ ਇੰਡੀਆ ਇਸ ਮੈਚ 'ਚ ਸਿਰਫ 156 ਦੌੜਾਂ ਹੀ ਬਣਾ ਸਕੀ ਅਤੇ 40 ਦੌੜਾਂ ਦੇ ਫਰਕ ਨਾਲ ਹਾਰ ਗਈ ਸੀ। ਉਸ ਸਮੇਂ ਟੀਮ ਇੰਡੀਆ ਦੀ ਕਮਾਨ ਵਿਰਾਟ ਕੋਹਲੀ ਦੇ ਹੱਥਾਂ 'ਚ ਸੀ।

ਰੋਹਿਤ ਦਾ ਹੋਵੇਗਾ 100ਵਾਂ ਟੀ20 ਮੁਕਾਬਲਾ
ਕਪਤਾਨ ਰੋਹੀਤ ਸ਼ਰਮਾ ਦਾ ਇਹ 100ਵਾਂ ਟੀ-20 ਮੁਕਾਬਲਾ ਹੋਵੇਗਾ। ਰੋਹਿਤ ਆਪਣੇ 100ਵੇਂ ਮੈਚ 'ਚ ਜਿੱਤ ਹਾਸਲ ਕਰ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰਨਗੇ। ਰੋਹਿਤ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੇ 98 , ਸੁਰੇਸ਼ ਰੈਨਾ ਨੇ 78 ਅਤੇ ਵਿਰਾਟ ਕੋਹਲੀ ਨੇ 72 ਟੀ-20 ਖੇਡੇ ਹਨ।

ਭਾਰਤ-ਬੰਗਲਾਦੇਸ਼ ਵਿਚਾਲੇ ਇਸ ਮੈਦਾਨ 'ਤੇ ਹੋਵੇਗਾ ਪਹਿਲਾ ਮੁਕਾਬਲਾ
ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲੀ ਵਾਰ ਟੀ-20 ਮੈਚ ਖੇਡਿਆ ਜਾਣਾ ਹੈ। ਟੀਮ ਇੰਡੀਆ ਤਾਂ ਇੱਥੇ ਦੋ ਮੈਚ ਖੇਡ ਚੁੱਕੀ ਹੈ ਪਰ ਬੰਗਲਾਦੇਸ਼ ਲਈ ਇਹ ਮੈਦਾਨ ਬਿਲਕੁਲ ਨਵਾਂ ਹੋਵੇਗਾ।

50 ਛੱਕੇ ਲਾਉਣ ਦਾ ਰਿਕਾਰਡ ਬਣਾ ਸਕਦੇ ਹਨ ਮਹਿਮੂਦਉਲ੍ਹਾ
ਬੰਗਲਾਦੇਸ਼ ਦੇ ਕਪਤਾਨ ਮਹਿਮੂਦਉਲ੍ਹਾ ਇਸ ਮੈਚ 'ਚ ਜੇਕਰ ਦੋ ਛੱਕੇ ਲਗਾ ਲੈਂਦੇ ਹਨ, ਤਾਂ ਉਹ ਬੰਗਲਾਦੇਸ਼ ਲਈ ਟੀ-20 'ਚ 50 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਰੋਹਿਤ ਦੇ ਨਾਂ ਹੈ। ਉਸ ਨੇ ਟੀ-20 'ਚ 109 ਛੱਕੇ ਲਗਾਏ ਹਨ।